ਦਿੱਲੀ ਚੋਣਾਂ 'ਚ 'ਨਹੁੰ-ਮਾਸ' ਦਾ ਰਿਸ਼ਤਾ ਟੁੱਟਣ ਮਗਰੋਂ ਢੀਂਡਸਾ ਨੇ ਦਿਤੀ ਨੱਡਾ ਨੂੰ ਵਧਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਾਦਲਾਂ ਨੂੰ ਪਿਆ ਚੌਪਾਸਿਉਂ ਘੇਰਾ, ਫ਼ਿਕਰਮੰਦ ਸੁਖਬੀਰ ਨੇ ਦਿੱਲੀ 'ਚ ਸੱਦੇ ਸੀਨੀਅਰ ਅਕਾਲੀ ਆਗੂ

Photo

ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਪੰਜਾਬ ਵਿਚ ਅਤੇ ਸਰਕਾਰ ਤੋਂ ਪਹਿਲਾਂ ਲਗਾਤਾਰ ਦੋ ਵਾਰ ਸੱਤਾ 'ਤੇ ਕਾਬਜ਼ ਰਹਿ ਚੁੱਕੀ ਪੰਜਾਬ ਦੀ ਸੱਭ ਤੋਂ ਮਜਬੂਤ ਮੰਨੀ ਜਾਂਦੀ ਸਿਆਸੀ ਜਮਾਤ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਚੌਪਾਸਿਉਂ ਸਿਆਸੀ ਘੇਰਾ ਪੈ ਚੁੱਕਾ ਹੈ।

ਯਾਦ ਹੋਵੇਗਾ ਕਿ ਇਨ੍ਹਾਂ ਖ਼ਬਰਾਂ ਦੇ ਤਹਿਤ ਹੀ ਸਪੋਕਸਮੈਨ ਨੇ ਪ੍ਰਗਟਾਵਾ ਕੀਤਾ ਸੀ ਕਿ ਕਿਵੇਂ ਅਕਾਲੀ ਦਲ ਨੂੰ ਕੁੱਝ ਸੀਟਾਂ ਲਈ ਕਮਲ ਦੇ ਨਿਸ਼ਾਨ 'ਤੇ ਰਜ਼ਾਮੰਦ ਕਰਨ ਦੀ ਕੋਸ਼ਿਸ਼ ਭਾਜਪਾ ਵਲੋਂ ਕੀਤੀ ਗਈ ਸੀ ਪਰ ਅਕਾਲੀ ਦਲ ਨੂੰ ਸ਼ਾਇਦ ਇਹ ਅੰਦੇਸ਼ਾ ਨਹੀਂ ਸੀ ਕਿ ਭਾਜਪਾ ਉਨ੍ਹਾਂ ਨੂੰ ਅਕਾਲੀ ਦਲ ਵਲੋਂ ਹੀ ਹਾਲੀਆ ਪੰਜਾਬ ਵਿਧਾਨ ਸਭਾ ਸੈਸ਼ਨ 'ਚ ਛਣਕਾਏ ਗਏ ਛਣਕਣੇ ਹੀ ਦੇਵੇਗੀ ਬੱਸ।

ਉਧਰ ਇਨ੍ਹਾਂ ਤਾਜ਼ਾ ਸਿਆਸੀ ਹਾਲਾਤ ਦਾ ਫ਼ਾਇਦਾ ਚੁਕਦਿਆਂ ਰਾਜ ਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਵਜ਼ੀਰ ਸੁਖਦੇਵ ਸਿੰਘ ਢੀਂਡਸਾ ਵਲੋਂ ਨਵ ਨਿਯੁਕਤ ਭਾਰਤੀ ਜਨਤਾ ਪਾਰਟੀ ਕੌਮੀ ਪ੍ਰਧਾਨ ਜੇ.ਪੀ. ਨੱਡਾ ਨਾਲ ਸੋਮਵਾਰ ਦੀ ਰਾਤ ਨਵੀਂ ਦਿੱਲੀ ਵਿਖੇ ਇਕ ਵਧਾਈ ਨੁਮਾ ਮੁਲਾਕਾਤ ਕੀਤੀ ਗਈ। ਹਾਲਾਂਕਿ ਢੀਂਡਸਾ ਇਸ ਨੂੰ ਸਿਰਫ਼ ਇਕ ਨਵੀਂ ਪ੍ਰਧਾਨਗੀ ਦੀ ਵਧਾਈ ਦੀ ਸੰਗਿਆ ਦੇਣ 'ਤੇ ਬਜ਼ਿਦ ਹਨ।

ਪਰ ਸਿਆਸੀ ਮਾਹਰਾਂ ਦੀ ਮੰਨੀਏ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਲੀ ਚੋਣਾਂ 'ਚ ਇਕ ਵੀ ਸੀਟ ਨਾ ਮਿਲਣ ਤੋਂ ਬਾਅਦ ਟਕਸਾਲੀ ਅਕਾਲੀਆਂ ਦੇ ਪਾਲੇ ਵਿਚ ਕੁੱਦ ਚੁੱਕੇ ਢੀਂਡਸਾ ਦਾ ਦਿੱਲੀ ਵਿਧਾਨ ਸਭਾ ਚੋਣਾਂ ਦਾ ਅਖਾੜਾ ਭਖਿਆ ਹੋਣ ਦੇ ਦੌਰਾਨ ਨੱਡਾ ਨੂੰ ਮਿਲਣਾ ਕਈ ਸੰਕੇਤ ਦੇ ਰਿਹਾ ਹੈ।

'ਰੋਜ਼ਾਨਾ ਸਪੋਕਸਮੈਨ' ਦੇ ਪਾਠਕਾਂ ਨੂੰ ਅਸੀਂ ਵਿਸਥਾਰ ਸਾਹਿਤ ਇਨ੍ਹਾਂ ਖ਼ਬਰਾਂ ਤਹਿਤ ਹੀ ਦਸਿਆ ਸੀ ਕਿ ਕਿਸ ਪ੍ਰਕਾਰ ਭਾਜਪਾ ਦੇ ਦਿੱਲੀ ਚੋਣਾਂ ਨਾਲ ਸਬੰਧਤ ਸੀਨੀਅਰ ਆਗੂ ਆਖਰੀ ਸਮੇਂ ਤਕ ਅਕਾਲੀ ਦਲ ਦੇ ਸੀਟ ਬਟਵਾਰੇ ਲਈ ਗਏ ਦੂਤਾਂ ਨੂੰ ਗੁੰਮਰਾਹ ਕਰਦੇ ਰਹੇ। ਉਸ ਤੋਂ ਐਨ ਮਗਰੋਂ ਅਕਾਲੀ ਦਲ ਦੀ ਦਿੱਲੀ ਇਕਾਈ ਨੇ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਵਿਚ ਬੈਠਕ ਕੀਤੀ ਕਿ ਬਾਦਲ ਦਲ ਦੀ ਦਿੱਲੀ ਇਕਾਈ ਨੇ ਕਿਸ ਨੂੰ ਸਮਰਥਨ ਦੇਣਾ ਹੈ?

ਮੀਟਿੰਗ ਬੇਸਿੱਟਾ ਰਹੀ। ਐਨ ਬਾਅਦ, ਇਕ ਅਹਿਮ ਮੌਕੇ 'ਤੇ ਢੀਂਡਸਾ ਨੱਡਾ ਨੂੰ ਮਿਲਦੇ ਹਨ। ਢੀਂਡਸਾ ਦੀ ਨੱਡਾ ਨਾਲ ਇਸ 'ਵਧਾਈ ਸ਼ੈਲੀ' ਵਾਲੀ ਮੁਲਾਕਾਤ ਨੇ ਸਿਆਸੀ ਤੌਰ 'ਤੇ ਇਹ ਸੰਕੇਤ ਦਿਤੇ ਹਨ ਕਿ ਦਿੱਲੀ ਵਿਚ ਸਿੱਖ ਵੋਟ ਕਿੱਧਰ ਜਾਵੇ? ਇਹ ਭਰੋਸਾ ਢੀਂਡਸਾ ਅਪਣੇ ਪੱਧਰ ਦੇ ਉੱਤੇ ਕੌਮੀ ਬੀਜੇਪੀ ਪ੍ਰਧਾਨ ਨੂੰ ਸਪੱਸ਼ਟ ਤੌਰ 'ਤੇ ਦੇ ਕੇ ਆਏ ਹਨ।

ਇਹ ਵੀ ਪ੍ਰਤੱਖ ਤੌਰ 'ਤੇ ਮੰਨਿਆ ਜਾ ਰਿਹੈ ਕਿ ਜੇਕਰ ਢੀਂਡਸਾ ਦੇ ਭਰੋਸੇ ਮੁਤਾਬਕ ਸਿੱਖ ਵੋਟ ਭਾਜਪਾ ਨੂੰ ਭੁਗਤ ਜਾਂਦੀ ਹੈ ਤਾਂ ਇਸ ਦਾ ਸਿੱਧਾ ਅਸਰ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੋਂ ਪਹਿਲਾਂ ਅਗਲੇ ਸਾਲ ਹੋਣ ਜਾ ਰਹੀਆਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ 'ਚ ਹੀ ਵੇਖਣ ਨੂੰ ਮਿਲ ਜਾਵੇਗਾ। ਕਿਉਂਕਿ ਢੀਂਡਸਾ ਦੇ ਕਰੀਬੀ ਮੰਨੇ ਜਾ ਰਹੇ ਸਾਬਕਾ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀਕੇ ਅਗਲੀਆਂ ਦਿੱਲੀ ਕਮੇਟੀ ਚੋਣਾਂ ਲਈ ਪ੍ਰਮੁੱਖ ਅਹੁਦੇਦਾਰਾਂ 'ਚ ਹਨ।