ਬੱਚਿਆਂ ਦੇ ਨਾਟਕ ਕਰਕੇ ਸਕੂਲ 'ਤੇ ਦੇਸ਼ਧ੍ਰੋਹ ਦਾ ਕੇਸ

ਏਜੰਸੀ

ਖ਼ਬਰਾਂ, ਰਾਸ਼ਟਰੀ

ਦਰਅਸਲ ਇਸ ਨਾਟਕ ਜ਼ਰੀਏ ਨਾਗਰਿਕਤਾ ਸੋਧ ਕਾਨੂੰਨ

School Students

ਨਵੀਂ ਦਿੱਲੀ: ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਜਿੱਥੇ ਦੇਸ਼ ਭਰ ਵਿਚ ਕਈ ਥਾਵਾਂ 'ਤੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ, ਉਥੇ ਹੀ ਮੋਦੀ ਸਰਕਾਰ ਵੱਲੋਂ ਇਨ੍ਹਾਂ ਪ੍ਰਦਰਸ਼ਨਾਂ ਨੂੰ ਦਬਾਉਣ ਲਈ ਹਰ ਹੀਲਾ ਵਸੀਲਾ ਵਰਤਿਆ ਜਾ ਰਿਹਾ ਹੈ। ਸੀਏਏ ਦੇ ਵਿਰੋਧ ਵਿਚ ਉਠ ਰਹੀਆਂ ਆਵਾਜ਼ਾਂ ਨੂੰ ਦਬਾਉਣ ਲਈ ਮੋਦੀ ਸਰਕਾਰ ਨੇ ਉਸ ਸਮੇਂ ਹੱਦ ਪਾਰ ਕਰ ਦਿੱਤੀ ਜਦੋਂ ਸੀਏਏ ਦੇ ਵਿਰੋਧ ਦਿਖਾਏ ਜਾਣ 'ਤੇ ਇਕ ਸਕੂਲ ਪ੍ਰਬੰਧਾਂ ਵਿਰੁੱਧ ਦੇਸ਼ਧ੍ਰੋਹ ਦਾ ਕੇਸ ਦਰਜ ਕਰ ਦਿੱਤਾ ਗਿਆ।

ਹੈਰਾਨੀ ਦੀ ਗੱਲ ਇਹ ਹੈ ਕਿ ਇਹ ਨਾਟਕ ਚੌਥੀ ਜਮਾਤ ਦੇ ਬੱਚਿਆਂ ਵੱਲੋਂ ਖੇਡਿਆ ਗਿਆ ਸੀ। ਆਓ ਤੁਹਾਨੂੰ ਦੱਸਦੇ ਆਂ ਕਿ ਕਿੱਥੇ ਵਾਪਰੀ ਇਹ ਘਟਨਾ ਅਤੇ ਕੀ ਦਿਖਾਇਆ ਗਿਆ ਸੀ ਉਸ ਨਾਟਕ ਵਿਚ? ਇਹ ਮਾਮਲਾ ਕਰਨਾਟਕ ਦੇ ਬਿਦੁਰ ਦਾ ਹੈ, ਜਿੱਥੇ ਸ਼ਾਹੀਨ ਗਰੁੱਪ ਦੇ ਇਕ ਸਕੂਲ ਨੂੰ ਸੀਏਏ ਵਿਰੁੱਧ ਬੱਚਿਆਂ ਦਾ ਨਾਟਕ ਮੰਚਨ ਕਰਵਾਉਣਾ ਮਹਿੰਗਾ ਪੈ ਗਿਆ।

ਦਰਅਸਲ ਇਸ ਨਾਟਕ ਜ਼ਰੀਏ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਦਿਆਂ ਇਹ ਦਿਖਾਇਆ ਗਿਆ ਸੀ ਕਿ ਜੇ ਨਾਗਰਿਕਤਾ ਸੋਧ ਕਾਨੂੰਨ ਲਾਗੂ ਹੋਇਆ ਤਾਂ ਮੁਸਲਮਾਨਾਂ ਨੂੰ ਅਪਣਾ ਵਤਨ ਭਾਰਤ ਛੱਡ ਕੇ ਜਾਣ ਲਈ ਮਜਬੂਰ ਹੋਣਾ ਪਵੇਗਾ। ਇਸ ਦੌਰਾਨ ਮੋਦੀ ਸਰਕਾਰ 'ਤੇ ਕਈ ਤਰ੍ਹਾਂ ਦੇ ਤੰਜ ਵੀ ਕਸੇ ਗਏ ਸਨ। ਜਿਵੇਂ ਇਸ ਨਾਟਕ ਦਾ ਪਤਾ ਭਾਜਪਾ ਆਗੂਆਂ ਨੂੰ ਲੱਗਿਆ ਤਾਂ ਨੀਲੇਸ਼ ਰਕਸ਼ਯਾਲ ਨਾਂਅ ਦੇ ਇਕ ਵਿਅਕਤੀ ਨੇ ਸਕੂਲ ਪ੍ਰਸ਼ਾਸਨ ਵਿਰੁੱਧ ਪੁਲਿਸ ਕੋਲ ਸ਼ਿਕਾਇਤ ਕੀਤੀ, ਜਿਸ ਮਗਰੋਂ  ਬਿਦਰ ਦੇ ਨਿਊ ਟਾਊਨ ਪੁਲਿਸ ਸਟੇਸ਼ਨ ਨੇ ਆਈਪੀਸੀ ਦੀ ਧਾਰਾ 124ਏ ਅਤੇ 504 ਤਹਿਤ ਸ਼ਾਹੀਨ ਸਕੂਲ ਅਤੇ ਉਸ ਦੀ ਮੈਨੇਜਮੈਂਟ ਵਿਰੁੱਧ ਕੇਸ ਦਰਜ ਕਰ ਲਿਆ।

ਭਾਵੇਂ ਕਿ ਅਜੇ ਤਕ ਇਸ ਮਾਮਲੇ ਵਿਚ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਪਰ ਸਕੂਲ ਪ੍ਰਸ਼ਾਸਨ ਨੇ ਪੁਲਿਸ  'ਤੇ ਬੱਚਿਆਂ ਦੇ ਮਾਪਿਆਂ ਦਾ ਸੋਸ਼ਣ ਕਰਨ ਦਾ ਦੋਸ਼ ਲਗਾਇਆ। ਹੋਰ ਤਾਂ ਹੋਰ ਪੁਲਿਸ ਨੇ ਚੌਥੀ ਕਲਾਸ ਦੇ ਛੋਟੇ-ਛੋਟੇ ਬੱਚਿਆਂ ਨੂੰ ਨਹੀਂ ਬਖ਼ਸ਼ਿਆ, ਉਨ੍ਹਾਂ ਕੋਲੋਂ ਇੰਝ ਪੁੱਛਗਿੱਛ ਕੀਤੀ ਗਈ ਜਿਵੇਂ ਉਨ੍ਹਾਂ ਨੇ ਕੋਈ ਬਹੁਤ ਵੱਡਾ ਗੁਨਾਹ ਕਰ ਦਿੱਤਾ ਹੋਵੇ। ਪੁਲਿਸ ਵੱਲੋਂ ਬੱਚਿਆਂ ਨਾਲ ਪੁੱਛਗਿੱਛ ਕੀਤੇ ਜਾਣ ਦੀ ਇਹ ਤਸਵੀਰ ਵੀ ਕਾਫ਼ੀ ਵਾਇਰਲ ਹੋ ਰਹੀ ਹੈ।

ਸਥਾਨਕ ਭਾਜਪਾ ਨੇਤਾਵਾਂ ਨੇ ਸਕੂਲ ਪ੍ਰਸ਼ਾਸਨ 'ਤੇ ਇਲਜ਼ਾਮ ਲਗਾਇਆ ਕਿ ਇਸ ਨਾਟਕ ਜ਼ਰੀਏ ਦੋ ਭਾਈਚਾਰਿਆਂ ਦੇ ਵਿਚਕਾਰ ਦਰਾੜ ਪਾਉਣ ਦੀ ਕੋਸ਼ਿਸ਼ ਕੀਤੀ ਗਈ ਐ। ਉਨ੍ਹਾਂ ਮੁਤਾਬਕ ਨਾਟਕ ਵਿਚ ਜੋ ਕੁੱਝ ਪੇਸ਼ ਕੀਤਾ ਗਿਆ ਉਹ ਰਾਸ਼ਟਰ ਵਿਰੋਧੀ ਹੈ, ਜਿਸ ਦੇ ਲਈ ਵਿਦਿਆਰਥੀਆਂ ਦੀ ਵਰਤੋਂ ਕੀਤੀ ਗਈ। ਉਂਝ ਨਾਟਕ ਰਾਹੀਂ ਸੀਏਏ ਦਾ ਵਿਰੋਧ ਕਰਨ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਐ, ਇਸ ਤੋਂ ਪਹਿਲਾਂ ਜੇਐਨਯੂ ਅਤੇ ਹੋਰ ਕਾਲਜਾਂ ਯੂਨੀਵਰਸਿਟੀਆਂ ਦੇ ਵਿਦਿਆਰਥੀ ਨਾਟਕ ਜ਼ਰੀਏ ਸੀਏਏ ਦਾ ਵਿਰੋਧ ਕਰ ਚੁੱਕੇ ਨੇ।

ਜਦੋਂ ਇਕ ਛੋਟੇ ਜਿਹੇ ਨਾਟਕ ਨੂੰ ਲੈ ਕੇ ਸਕੂਲ ਪ੍ਰਸ਼ਾਸਨ ਵਿਰੁੱਧ ਦੇਸ਼ਧ੍ਰੋਹ ਦਾ ਕੇਸ ਦਰਜ ਕਰ ਦਿੱਤਾ ਗਿਆ ਏ ਤਾਂ ਫਿਰ ਇਨ੍ਹਾਂ ਕਾਲਜ ਵਿਦਿਆਰਥੀਆਂ ਦਾ ਕੀ ਬਣੇਗਾ, ਜਿਨ੍ਹਾਂ ਨੇ ਅਪਣੇ ਨਾਟਕ ਜ਼ਰੀਏ ਮੋਦੀ ਸਰਕਾਰ ਦੀਆਂ ਵੱਖੀਆਂ ਉਧੇੜ ਕੇ ਰੱਖ ਦਿੱਤੀਆਂ ਸਨ? ਕਿੰਨੀ ਹੈਰਾਨੀ ਦੀ ਗੱਲ ਹੈ ਕਿ ਜੋ ਲੋਕ ਸਰਕਾਰ ਵੱਲੋਂ ਬਣਾਏ ਇਕ ਕਾਨੂੰਨ ਦਾ ਵਿਰੋਧ ਕਰ ਰਹੇ ਨੇ, ਉਨ੍ਹਾਂ ਨੂੰ ਦੇਸ਼ ਦੇ ਗੱਦਾਰ ਅਤੇ ਦੇਸ਼ਧ੍ਰੋਹੀ ਤਕ ਆਖਿਆ ਜਾ ਰਿਹਾ ਹੈ।

ਪਰ ਜੋ ਮੰਤਰੀ ਅਤੇ ਭਾਜਪਾ ਆਗੂ ਸ਼ਰ੍ਹੇਆਮ ਪ੍ਰਦਰਸ਼ਨਕਾਰੀਆਂ ਨੂੰ ਗੋਲੀ ਮਾਰਨ ਦੀਆਂ ਧਮਕੀਆਂ ਦੇ ਰਹੇ ਨੇ, ਉਨ੍ਹਾਂ 'ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਹੁਣ ਜ਼ਰ੍ਹਾ ਇਨ੍ਹਾਂ ਭਾਜਪਾ ਨੇਤਾਵਾਂ ਦੀ ਬਦਜ਼ੁਬਾਨੀ ਵੀ ਦੇਖ ਲਓ ਕਿ ਕਿੰਨੀ ਕੁ ਦੇਸ਼ ਹਿੱਤ ਵਿਚ ਹੈ? ਦੱਸ ਦਈਏ ਕਿ ਜਦੋਂ ਤੋਂ ਦੇਸ਼ ਦੀ ਸੱਤਾ 'ਤੇ ਮੋਦੀ ਸਰਕਾਰ ਆਈ ਹੈ, ਉਦੋਂ ਤੋਂ ਹੀ ਦੇਸ਼ ਵਿਚ ਹਿੰਦੂ-ਮੁਸਲਿਮ ਦੀ ਸਿਆਸਤ ਪੂਰੇ ਜ਼ੋਰਾਂ 'ਤੇ ਚੱਲ ਰਹੀ ਐ।

ਦਰਅਸਲ ਭਾਜਪਾ ਵੱਲੋਂ ਸਿਰਫ਼ ਤੇ ਸਿਰਫ਼ ਹਿੰਦੂ ਵੋਟ ਬੈਂਕ ਨੂੰ ਲੈ ਕੇ ਸਿਆਸਤ ਕੀਤੀ ਜਾ ਰਹੀ ਹੈ, ਜਿਸ ਦੇ ਲਈ ਦੂਜੇ ਧਰਮਾਂ ਦੇ ਲੋਕਾਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ। ਭਾਜਪਾ ਨੇਤਾ ਨਿੱਤ ਦਿਨ ਇਕ ਵਿਸ਼ੇਸ਼ ਫਿਰਕੇ ਨੂੰ ਲੈ ਕੇ ਬਿਆਨਬਾਜ਼ੀਆਂ ਕਰ ਰਹੇ ਨੇ, ਜਿਸ ਨਾਲ ਭਾਜਪਾ ਦੀ ਕੱਟੜਵਾਦੀ ਸੋਚ ਸਾਹਮਣੇ ਆ ਰਹੀ ਹੈ। ਕਿਸੇ ਵੀ ਦੇਸ਼ ਲਈ ਅਜਿਹੀ ਸੋਚ ਬੇਹੱਦ ਖ਼ਤਰਨਾਕ ਸਾਬਤ ਹੋ ਸਕਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।