ਕੈਮਰੇ ਸਾਹਮਣੇ ਰਾਕੇਸ਼ ਟਿਕੈਤ ਨੇ ਵਿਅਕਤੀ ਨੂੰ ਜੜਿਆ ਥੱਪੜ, ਕਿਹਾ ਬੁਰੀ ਮਾਨਸਿਕਤਾ ਵਾਲੇ ਇੱਥੋਂ ਜਾਣ
ਮੀਡੀਆ ਨਾਲ ਗਲਤ ਵਰਤਾਅ ਕਰ ਰਿਹਾ ਸੀ ਵਿਅਕਤੀ- ਕਿਸਾਨ ਆਗੂ
ਨਵੀਂ ਦਿੱਲੀ: ਬੀਤੀ ਰਾਤ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਗਾਜ਼ੀਪੁਰ ਬਾਰਡਰ ‘ਤੇ ਕੈਮਰੇ ਸਾਹਮਣੇ ਹੀ ਇਕ ਵਿਅਕਤੀ ਦੇ ਥੱਪੜ ਜੜ ਦਿੱਤਾ। ਉਹਨਾਂ ਨੇ ਉਸ ਵਿਅਕਤੀ ਨੂੰ ਤੁਰੰਤ ਮੋਰਚਾ ਛੱਡਣ ਲਈ ਕਿਹਾ।
ਥੱਪੜ ਮਾਰਨ ਸਮੇਂ ਰਾਕੇਸ਼ ਟਿਕੈਤ ਨੇ ਕਿਹਾ, ‘ਉਹ ਸਾਡੀ ਜਥੇਬੰਦੀ ਦਾ ਮੈਂਬਰ ਨਹੀਂ ਹੈ। ਉਹ ਲਾਠੀ ਚੁੱਕ ਰਿਹਾ ਸੀ ਅਤੇ ਕੁਝ ਗਲਤ ਕਹਿਣ ਹੀ ਵਾਲਾ ਸੀ। ਉਹ ਮੀਡੀਆ ਵਾਲਿਆਂ ਨਾਲ ਵੀ ਗਲਤ ਵਰਤਾਅ ਕਰ ਰਿਹਾ ਸੀ। ਜੋ ਵੀ ਇੱਥੇ ਗਲਤ ਇਰਾਦੇ ਜਾਂ ਗਲਤ ਮਾਨਸਿਕਤਾ ਨਾਲ ਹੈ, ਉਹ ਤੁਰੰਤ ਇਹ ਜਗ੍ਹਾ ਛੱਡ ਦੇਣ’।
ਦੱਸ ਦਈਏ ਕਿ ਗਾਜ਼ੀਪੁਰ ਬਾਰਡਰ ‘ਤੇ ਕਿਸਾਨ ਆਗੂ ਦੀ ਅਗਵਾਈ ਵਿਚ ਹਜ਼ਾਰਾਂ ਕਿਸਾਨ ਖੇਤੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਕਰ ਰਹੇ ਹਨ। ਇਸ ਦੌਰਾਨ ਕੇਂਦਰ ਨੇ ਬੀਤੀ ਰਾਤ ਗਾਜ਼ੀਪੁਰ ਬਾਰਡਰ ‘ਤੇ ਕਾਨੂੰਨ-ਵਿਵਸਥਾ ਬਣਾ ਕੇ ਰੱਖਣ ਲਈ ਰੈਪਿਡ ਐਕਸ਼ਨ ਫੋਰਸ ਦੀਆਂ ਚਾਰ ਕੰਪਨੀਆਂ ਦੀ ਤੈਨਾਤੀ ਦੀ ਮਿਆਦ 4 ਫਰਵਰੀ ਤੱਕ ਵਧਾ ਦਿੱਤੀ ਹੈ।
ਗਾਜ਼ੀਪੁਰ ਬਾਰਡਰ ‘ਤੇ ਪ੍ਰਦਰਸ਼ਨਕਾਰੀਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਬਾਰਡਰ ਖਾਲੀ ਕਰਨ ਦਾ ਨੋਟਿਸ ਵੀ ਦਿੱਤਾ ਹੈ ਪਰ ਕਿਸਾਨਾਂ ਨੇ ਜਗ੍ਹਾਂ ਖਾਲੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਦੌਰਾਨ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਭਾਵੁਕ ਲਹਿਜ਼ੇ ਵਿਚ ਐਲਾਨ ਕੀਤਾ ਕਿ ਉਹ ਗੋਲੀਆਂ ਦਾ ਸਾਹਮਣਾ ਕਰਨ ਲਈ ਤਿਆਰ ਹਨ ਪਰ ਮੋਰਚਾ ਬਾਰਡਰ ਖ਼ਾਲੀ ਨਹੀਂ ਕਰਨਗੇ। ਰਾਤੋ-ਰਾਤ ਬਦਲੇ ਮਾਹੌਲ ਤੋਂ ਬਾਅਦ ਕਿਸਾਨੀ ਮੋਰਚੇ ਨੂੰ ਹਮਾਇਤ ਦੇਣ ਭਾਰੀ ਗਿਣਤੀ ਵਿਚ ਕਿਸਾਨ ਦਿੱਲੀ ਬਾਰਡਰ ‘ਤ ਪਹੁੰਚ ਰਹੇ ਹਨ।