ਕਰਤਾਰਪੁਰ ਲਾਂਘਾ : ਕਿਸਾਨ ਮੰਨੇ ਤੇ ਨਿਰਮਾਣ ਦਾ ਕੰਮ ਹੋਵੇਗਾ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੋਹਾਂ ਧਿਰਾਂ ਵਿਚਾਲੇ 34 ਲੱਖ ਰੁਪਏ ਪ੍ਰਤੀ ਏਕੜ ਮੁਆਵਜ਼ੇ ਦੀ ਸਹਿਮਤੀ ਬਣੀ

Kartarpur corridor

ਡੇਰਾ ਬਾਬਾ ਨਾਨਕ : ਪਿਛਲੇ ਕੁੱਝ ਮਹੀਨਿਆਂ ਤੋਂ ਕਰਤਾਰਪੁਰ ਲਾਂਘੇ ਬਾਰੇ ਚੱਲ ਰਹੀਆਂ ਸਰਗਰਮੀਆਂ ਨੂੰ ਅੱਜ ਇਕ ਹੋਰ ਸਫ਼ਲਤਾ ਮਿਲ ਗਈ ਹੈ। ਕਰਤਾਰਪੁਰ ਲਾਂਘੇ ਸਬੰਧੀ ਅਖ਼ੀਰ ਸਾਰੀਆਂ ਰੁਕਾਵਟਾਂ ਦੂਰ ਹੋ ਗਈਆਂ ਹਨ ਕਿਉਂਕਿ ਜਿਹੜੇ ਭਾਰਤੀ ਕਿਸਾਨਾਂ ਵਲੋਂ ਮੁਅਵਜ਼ੇ ਦੀ ਮੰਗ ਨੂੰ ਲੈ ਕੇ ਅਪਣੀਆਂ ਜ਼ਮੀਨਾਂ ਦੇਣ ਸਬੰਧੀ ਇਤਰਾਜ਼ ਪੱਤਰ ਦਾਖ਼ਲ ਕੀਤੇ ਗਏ ਸਨ।

ਅੱਜ ਉਨ੍ਹਾਂ ਕਿਸਾਨਾਂ ਵਲੋਂ ਐਸਡੀਐਮ ਡੇਰਾ ਬਾਬਾ ਨਾਨਕ ਨਾਲ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਦੋਹਾਂ ਧਿਰਾਂ ਵਿਚਾਲੇ 34 ਲੱਖ ਰੁਪਏ ਪ੍ਰਤੀ ਏਕੜ ਮੁਆਵਜ਼ੇ ਦੀ ਸਹਿਮਤੀ ਬਣ ਗਈ ਹੈ ਜਿਸ ਨੂੰ ਕਿਸਾਨਾਂ ਨੇ ਵੀ ਮਨਜ਼ੂਰੀ ਦੇ ਦਿਤੀ ਹੈ। ਹਾਲਾਂਕਿ ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ 34 ਲੱਖ ਰੁਪਏ ਦਾ ਰੇਟ ਘੱਟ ਹੈ ਪਰ ਉਹ ਲਾਂਘੇ ਦੇ ਨਿਰਮਾਣ ਲਈ ਅਪਣੀ ਜ਼ਮੀਨ ਦੇ ਦੇਣਗੇ ਅਤੇ ਮੁਆਵਜ਼ਾ ਰੇਟ ਵਿਚ ਵਾਧੇ ਲਈ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ।

ਜ਼ਿਕਰਯੋਗ ਹੈ ਕਿ ਕਿ ਬੀਤੇ ਮੰਗਲਵਾਰ ਨੂੰ ਇਕ ਕਿਸਾਨ ਵਲੋਂ ਭਾਰਤ ਸਰਕਾਰ ਨੂੰ ਕਰਤਾਰਪੁਰ ਲਾਂਘੇ ਦੇ ਨਿਰਮਾਣ ਲਈ ਅਪਣੀ 16.5 ਏਕੜ ਜ਼ਮੀਨ ਦਾਨ ਵਜੋਂ ਦੇ ਦਿੱਤੀ ਗਈ ਸੀ ਅਤੇ ਸਰਕਾਰ ਨੇ ਵੀ ਬਿਨਾਂ ਦੇਰੀ ਕੀਤੇ ਨਿਰਮਾਣ ਕਾਰਜ ਸ਼ੁਰੂ ਕਰ ਦਿਤਾ ਸੀ ਪਰ ਅਗਲੇ ਦਿਨ ਜਿਵੇਂ ਹੀ ਸਰਕਾਰੀ ਨੁਮਾਇੰਦਿਆਂ ਨੇ ਨਿਸ਼ਾਨਦੇਹੀ ਵਾਲੇ ਖੇਤਰਾਂ ਵਿਚ ਕੰਮ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਿਸਾਨਾਂ ਨੇ ਉਨ੍ਹਾਂ ਨੂੰ ਅਪਣੀ ਜ਼ਮੀਨ ਵਿਖੇ ਮੁਆਵਜ਼ਾ ਤੈਅ ਕੀਤੇ ਬਿਨਾਂ ਅਪਣੀਆਂ ਜ਼ਮੀਨਾਂ 'ਤੇ ਕੰਮ ਕਰਨ ਤੋਂ ਰੋਕ ਦਿਤਾ। ਹੁਣ ਇਸ ਤਰ੍ਹਾਂ ਲਗਦਾ ਹੈ ਕਿ ਲਾਂਘੇ ਲਈ ਸਾਰੀਆਂ ਔਕੜਾਂ ਦੂਰ ਹੋ ਗਈਆਂ ਹਨ ਤੇ ਇਹ ਕੰਮ ਛੇਤੀ ਹੀ ਨੇਪਰੇ ਚੜ੍ਹ ਜਾਵੇਗਾ।