ਜੈੱਟ ਏਅਰਵੇਜ਼ ਅਤੇ ਕਿੰਗਫਿਸ਼ਰ ਏਅਰਲਾਈਨ ਤੋਂ ਬਾਅਦ ਹੁਣ ਪਵਨ ਹੰਸ ‘ਤੇ ਵਿੱਤੀ ਸੰਕਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੈੱਟ ਏਅਰਵੇਜ਼ ਅਤੇ ਕਿੰਗਫਿਸ਼ਰ ਏਅਰਲਾਈਨ ਤੋਂ ਬਾਅਦ ਹੁਣ ਹੈਲੀਕਾਪਟਰ ਸੇਵਾ ਦੇਣ ਵਾਲੀ ਇਕ ਹੋਰ ਕੰਪਨੀ ਪਵਨ ਹੰਸ ਲਿਮਟਡ ਵੀ ਆਰਥਿਕ ਸੰਕਟ ਨਾਲ ਘਿਰ ਗਈ ਹੈ।

Pawan Hans

ਨਵੀਂ ਦਿੱਲੀ: ਜੈੱਟ ਏਅਰਵੇਜ਼ ਅਤੇ ਕਿੰਗਫਿਸ਼ਰ ਏਅਰਲਾਈਨ ਤੋਂ ਬਾਅਦ ਹੁਣ ਹੈਲੀਕਾਪਟਰ ਸੇਵਾ ਦੇਣ ਵਾਲੀ ਇਕ ਹੋਰ ਕੰਪਨੀ ਪਵਨ ਹੰਸ ਲਿਮਟਡ ਵੀ ਆਰਥਿਕ ਸੰਕਟ ਨਾਲ ਘਿਰ ਗਈ ਹੈ ਅਤੇ ਅਪਣੇ ਕਰਮਚਾਰੀਆਂ ਨੂੰ ਅਪ੍ਰੈਲ ਮਹੀਨੇ ਦੀ ਤਨਖਾਹ ਨਹੀਂ ਦੇ ਸਕੀ। ਖਬਰ ਏਜੰਸੀ ਅਨੁਸਾਰ ਪਵਨ ਹੰਸ ਲਿਮਟਡ ਨੇ 25 ਅਪ੍ਰੈਲ ਨੂੰ ਅਪਣੇ ਕਰਮਚਾਰੀਆਂ ਨੂੰ ਇਕ ਸਰਕੂਲਰ ਜਾਰੀ ਕਰਦਿਆਂ ਕਿਹਾ ਸੀ ਕਿ ਵਿੱਤੀ ਹਾਲਤ ਖਰਾਬ ਹੋਣ ਕਾਰਨ ਕੰਪਨੀ ਕਰਮਚਾਰੀਆਂ ਨੂੰ ਅਪ੍ਰੈਲ ਮਹੀਨੇ ਦੀ ਤਨਖਾਹ ਜਾਰੀ ਕਰਨ ਹੀ ਹਾਲਤ ਵਿਚ ਨਹੀਂ ਹੈ।

ਸਰਕੂਲਰ ਵਿਚ ਕਿਹਾ ਗਿਆ ਹੈ ਕਿ ਕੰਪਨੀ ਦੀ ਸਮੁੱਚੀ ਕਾਰਗੁਜ਼ਾਰੀ ਸਮੀਖਿਆ ਦੌਰਾਨ ਇਹ ਨਤੀਜਾ ਮਿਲਿਆ ਹੈ ਕਿ ਕੰਪਨੀ ਦੀ ਆਰਥਿਕ ਸਥਿਤੀ ਠੀਕ ਨਹੀਂ ਹੈ। ਇਹ ਵੀ ਸਾਹਮਣੇ ਆਇਆ ਹੈ ਕਿ ਕੰਪਨੀ ਆਰਥਿਕ ਦੌਰ ਵਿਚੋਂ ਗੁਜ਼ਰ ਰਹੀ ਹੈ ਅਤੇ ਭਵਿੱਖ ਵਿਚ ਡਗਮਗਾਉਂਦੀ ਨਜ਼ਰ ਆ ਰਹੀ ਹੈ ਕਿਉਂਕਿ ਕੰਪਨੀ ਦੇ ਪੁਰਾਣੇ ਵਪਾਰ ਅਤੇ ਸਾਥੀ ਆਉਣ ਵਾਲੇ ਸਮੇਂ ਨੂੰ ਲੈ ਕੇ ਭੰਬਲਭੂਸੇ ਵਿਚ ਹਨ। ਵਿੱਤੀ ਸਾਲ 2018-2019 ਵਿਚ ਕੰਪਨੀ ਦੀ ਆਰਥਿਕ ਹਾਲਤ ਕਾਫੀ ਖਰਾਬ ਹੋ ਗਈ ਹੈ ਅਤੇ ਕੰਪਨੀ 89 ਕਰੋੜ ਦੇ ਘਾਟੇ ਵਿਚ ਹੈ। ਕੰਪਨੀ ਦਾ ਬਕਾਇਆ ਵੀ 230 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। 

ਕੰਪਨੀ ਨੇ ਕਿਹਾ ਕਿ ਇਸ ਖਰਾਬ ਆਰਥਿਕ ਹਲਾਤ ਨੂੰ ਦੇਖਦੇ ਹੋਏ ਕਰਮਚਾਰੀਆਂ ਦੀ ਤਨਖਾਹ ਨੂੰ ਰੋਕ ਦਿੱਤਾ ਜਾਂਦਾ ਹੈ। ਇਹ ਸਥਿਤੀ ਉਦੋਂ ਤੱਕ ਬਰਕਰਾਰ ਰਹੇਗੀ ਜਦ ਤੱਕ ਦੇਣਦਾਰਾਂ ਤੋਂ 60 ਪ੍ਰਤੀਸ਼ਤ ਬਕਾਇਆ ਵਸੂਲ ਨਾ ਲਿਆ ਜਾਵੇ। ਇਸ ਮਾਮਲੇ ‘ਤੇ ਪਵਨ ਹੰਸ ਕਰਮਚਾਰੀ ਸੰਘ ਨੇ ਪ੍ਰਦਰਸ਼ਨ ਦੇ ਤੌਰ ‘ਤੇ ਕਾਲੇ ਰਿਬਨ ਬੰਨ ਕੇ ਕੰਮ ਕਰਨ ਦਾ ਫੈਸਲਾ ਕੀਤਾ ਹੈ। ਇਸਦੇ ਨਾਲ ਹੀ ਸੰਘ ਨੇ ਪ੍ਰਬੰਧਕਾਂ ਨੂੰ ਸੀਬੀਆਈ ਅਤੇ ਕੈਗ ਕੋਲ ਇਸਦੀ ਸ਼ਿਕਾਇਤ ਕਰਨ ਦੀ ਧਮਕੀ ਵੀ ਦਿੱਤੀ ਹੈ।

ਦੱਸ ਦਈਏ ਕਿ ਪਿਛਲੇ ਸਾਲ ਸਰਕਾਰ ਨੇ ਪਵਨ ਹੰਸ ਦੀ 100 ਫੀਸਦੀ ਹਿੱਸੇਦਾਰੀ ਵੇਚਣ ਦੇ ਫੈਸਲੇ ਨੂੰ ਵਾਪਿਸ ਲਿਆ ਸੀ। ਫਿਲਹਾਲ ਪਵਨ ਹੰਸ ਲਿਮਟਡ ਕੋਲ 46 ਹੈਲੀਕਾਪਟਰ ਹਨ।