ਅੱਜ ਰਾਤ ਤੋਂ ਬੰਦ ਹੋ ਸਕਦੀ ਹੈ ਜੈਟ ਏਅਰਵੇਜ਼ !

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਬੈਂਕਾਂ ਤੋਂ ਨਹੀਂ ਮਿਲੀ 400 ਕਰੋੜ ਰੁਪਏ ਦੀ ਮਦਦ

Jet Airways to suspend all operations from tonight

ਨਵੀਂ ਦਿੱਲੀ : ਵਿੱਤੀ ਸੰਕਟ ਨਾਲ ਜੂਝ ਰਹੀ ਜੈਟ ਏਅਰਵੇਜ਼ ਦੀ ਅੱਜ ਅੰਤਮ ਉਡਾਨ ਹੋ ਸਕਦੀ ਹੈ। ਜੈਟ ਦੀ ਉਡਾਨ ਅਸਥਾਈ ਤੌਰ 'ਤੇ ਬੰਦ ਹੋ ਸਕਦੀ ਹੈ। ਜੈਟ ਨੇ ਵਿੱਤੀ ਸੰਕਟ ਤੋਂ ਰਾਹਤ ਪਾਉਣ ਲਈ ਬੈਂਕਾਂ ਤੋਂ 400 ਕਰੋੜ ਰੁਪਏ ਦੀ ਮਦਦ ਮੰਗੀ ਸੀ ਪਰ ਇਹ ਰਕਮ ਨਹੀਂ ਮਿਲੀ ਹੈ। ਸੂਤਰਾਂ ਮੁਤਾਬਕ ਜੈਟ ਏਅਰਵੇਜ਼ ਅੱਜ (ਬੁਧਵਾਰ) ਰਾਤ ਤੋਂ ਆਪਣੀਆਂ ਸਾਰੀਆਂ ਉਡਾਨਾਂ ਬੰਦ ਕਰ ਦੇਵੇਗਾ। ਰਾਤ 10:30 ਵਜੇ ਜੈਟ ਏਅਰਵੇਜ਼ ਅੰਤਮ ਉਡਾਨ ਭਰੇਗੀ।

ਮੰਗਲਵਾਰ ਨੂੰ ਜੈਟ ਦੇ ਸਿਰਫ਼ 5 ਜਹਾਜ਼ਾਂ ਨੇ ਉਡਾਨ ਭਰੀ ਸੀ। ਮੰਗਲਵਾਰ ਸਵੇਰ ਜੈਟ ਏਅਰਵੇਜ਼ ਦੇ ਬੋਰਡ ਦੀ 3 ਘੰਟੇ ਬੈਠਕ ਹੋਈ ਪਰ ਕੋਈ ਨਤੀਜਾ ਨਾ ਨਿਕਲਿਆ। ਐਸਬੀਆਈ ਦੀ ਅਗਵਾਈ ਵਾਲੇ ਕਰਜ਼ਦਾਤਾਵਾਂ ਦੇ ਸੰਗਠਨ ਨੇ ਬੁਧਵਾਰ ਨੂੰ 400 ਕਰੋੜ ਦਾ ਐਮਰਜੈਂਸੀ ਫੰਡ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਕੰਪਨੀ ਨੇ ਸੰਚਾਲਨ ਜਾਰੀ ਰੱਖਣ ਲਈ ਇਹ ਰਕਮ ਮੰਗੀ ਸੀ। 

ਜ਼ਿਕਰਯੋਗ ਹੈ ਕਿ ਮੌਜੂਦਾ ਨਿਯਮਾਂ ਤਹਿਤ ਕਿਸੇ ਏਅਰਲਾਈਨਜ਼ ਨੂੰ ਆਪਣੀਆਂ ਸੇਵਾਵਾਂ ਜਾਰੀ ਰੱਖਣ ਲਈ ਘੱਟੋ-ਘੱਟ 5 ਜਹਾਜ਼ਾਂ ਦੀਆਂ ਉਡਾਨਾਂ ਜ਼ਰੂਰੀ ਹਨ। ਉਧਰ ਜੈਟ ਏਅਰਵੇਜ਼ ਨੂੰ ਕਿਰਾਏ 'ਤੇ ਜਹਾਜ਼ ਦੇਣ ਵਾਲੀਆਂ ਕੰਪਨੀਆਂ ਨੇ ਡੀਜੀਸੀਏ ਨੂੰ 4 ਦਰਜਨ ਹੋਰ ਬੋਇੰਗ 737 ਜਹਾਜ਼ਾਂ ਦੀ ਰਜਿਸਟ੍ਰੇਸ਼ਨ ਰੱਦ ਕਰਨ ਲਈ ਕਿਹਾ ਹੈ। ਡੀਜੀਸੀਏ ਨੇ ਬੁਧਵਾਰ ਨੂੰ ਦੱਸਿਆ ਕਿ ਕੰਪਨੀ ਦੇ ਲੀਜ਼ਕਰਤਾਵਾਂ ਨੇ 48 ਜਹਾਜ਼ਾਂ ਨੂੰ ਡੀ-ਰਜਿਸਟਰ ਕਰਨ ਦੀ ਅਪੀਲ ਕੀਤੀ ਹੈ ਤਾ ਕਿ ਉਹ ਇਨ੍ਹਾਂ ਜਹਾਜ਼ਾਂ ਨੂੰ ਭਾਰਤ ਤੋਂ ਬਾਹਰ ਲਿਜਾ ਕੇ ਕਿਸੇ ਹੋਰ ਕੰਪਨੀ ਨੂੰ ਕਿਰਾਏ 'ਤੇ ਦੇ ਸਕਣ। 

26 ਸਾਲ ਪਹਿਲਾਂ ਸਥਾਪਤ ਕੀਤੀ ਗਈ ਇਸ ਕੰਪਨੀ ਦੇ ਵਿੱਤੀ ਸੰਕਟ 'ਚ ਫਸਣ ਦੇ ਕਈ ਕਾਰਨ ਹਨ :- 

  1. ਹਵਾਬਾਜ਼ੀ ਟਰਬਾਈਨ ਫਿਊਲ (ਏ.ਟੀ.ਐਫ.) ਦੀ ਵੱਧ ਰਹੀ ਲਾਗਤ ਨੇ ਕਈ ਏਅਰਲਾਈਨਾਂ, ਖਾਸ ਤੌਰ 'ਤੇ ਜੈਟ ਏਅਰਵੇਜ਼ ਨੂੰ ਬਹੁਤ ਪ੍ਰਭਾਵਿਤ ਕੀਤਾ ਕਿਉਂਕਿ ਇਹ ਕੌਮਾਂਤਰੀ ਮਾਰਗਾਂ 'ਤੇ ਵੀ ਉਡਾਨ ਭਰ ਰਹੀ ਸੀ। ਜੂਨ-ਸਤੰਬਰ 2018 ਦੌਰਾਨ ਗਲੋਬਲ ਤੇਲ ਕੀਮਤਾਂ 'ਚ ਇਕ ਮਹੱਤਵਪੂਰਨ ਬੜ੍ਹਤ ਦਰਜ ਹੋਈ ਪਰ ਇਸ ਖਰਚ ਦਾ ਭਾਰ ਮੁਸਾਫ਼ਰਾਂ ਨੂੰ ਨਹੀਂ ਮਹਿਸੂਸ ਹੋਣ ਦਿੱਤਾ ਗਿਆ। ਕੰਪਨੀ 'ਤੇ ਇਸ ਦਾ ਬੋਝ ਕਾਫੀ ਵੱਧ ਰਿਹਾ ਸੀ।
  2. ਭਾਰਤ 'ਚ ਘਰੇਲੂ ਹਵਾਈ ਜਹਾਜ਼ ਦਿੱਗਜਾਂ ਵੱਲੋਂ ਇਸਤੇਮਾਲ ਕੀਤਾ ਜਾਂਦਾ 'ਸਸਤੀ ਹਵਾਈ ਸੇਵਾ' ਦਾ ਮਾਡਲ ਏਅਰਲਾਈਨਾਂ ਦੀ ਲਾਗਤ ਵਧਣ ਦਾ ਸਭ ਤੋਂ ਵੱਡਾ ਕਾਰਨ ਹੈ। ਇਸ ਮਾਡਲ ਕਾਰਨ ਜੈਟ ਏਅਰਵੇਜ਼ ਨੂੰ ਸਭ ਤੋਂ ਵੱਡੀ ਸੱਟ ਲੱਗੀ ਹੈ। ਇਸ ਮਾਡਲ ਤਹਿਤ ਮੁਸਾਫਰਾਂ ਨੂੰ ਲੁਭਾਉਣ ਲਈ ਫਲਾਈਟ ਟਿਕਟਾਂ 'ਤੇ ਭਾਰੀ ਛੋਟ ਦਿੱਤੀ ਜਾਂਦੀ ਹੈ। ਹਰ ਕੋਈ ਕੰਪਨੀ ਗਾਹਕਾਂ ਦੀ ਗਿਣਤੀ ਵਧਾਉਣ ਦੀ ਤਲਾਸ਼ 'ਚ ਹੈ। ਇੱਥੋਂ ਤਕ ਖੁਦ ਘਾਟਾ ਸਹਿਣ ਮਗਰੋਂ ਵੀ ਟਿਕਟਾਂ ਦੀ ਵਿਕਰੀ ਭਾਰੀ ਡਿਸਕਾਊਂਟ 'ਤੇ ਕੀਤੀ ਜਾਂਦੀ ਹੈ। ਕੌਮਾਂਤਰੀ ਵਿਸਥਾਰ 'ਤੇ ਜ਼ੋਰ ਦੇ ਰਹੀ ਜੈਟ ਏਅਰਵੇਜ਼ ਲਈ ਇਹ ਮਾਡਲ ਠੀਕ ਨਹੀਂ ਸੀ। ਤਕਰੀਬਨ 60 ਫੀਸਦੀ ਜੈਟ ਏਅਰਵੇਜ਼ ਦੀਆਂ ਉਡਾਨਾਂ ਵਿਦੇਸ਼ੀ ਰੂਟਾਂ 'ਤੇ ਸਨ।
  3. ਹਵਾਈ ਜਹਾਜ਼ ਓਪਰੇਟਰ ਕਿਰਾਇਆਂ 'ਚ ਇਹ ਸੋਚ ਕੇ ਕਮੀ ਕਰਦੇ ਹਨ ਕਿ ਮੰਗ ਵਾਲੇ ਮਹੀਨਿਆਂ 'ਚ ਇਸ ਦੀ ਭਰਪਾਈ ਹੋ ਜਾਵੇਗੀ ਪਰ ਅਜਿਹਾ ਹੁੰਦਾ ਨਹੀਂ। ਜਦੋਂ ਕਿਰਾਏ ਵਧਾਏ ਜਾਂਦੇ ਹਨ ਤਾਂ ਯਾਤਰੀ ਘਟ ਜਾਂਦੇ ਹਨ, ਨਤੀਜੇ ਵਜੋਂ ਨੁਕਸਾਨ ਉੱਥੇ ਦਾ ਉੱਥੇ ਹੀ ਰਹਿੰਦਾ ਹੈ।