ਸੀਬੀਐਸਈ ਦੀ ਦਸਵੀਂ ਦੇ ਨਤੀਜੇ ਕੁੜੀਆਂ ਦੀ ਫਿਰ ਬੱਲੇ-ਬੱਲੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੀਬੀਐਸਈ ਦੀ ਦਸਵੀਂ ਜਮਾਤ ਦੀ ਬੋਰਡ ਪ੍ਰੀਖਿਆ ਵਿਚ ਇਸ ਸਾਲ ਚਾਰ ਵਿਦਿਆਰਥੀਆਂ ਨੇ ਸਿਖਰਲਾ ਸਥਾਨ ਹਾਸਲ ਕੀਤਾ ਹੈ ਅਤੇ ਕੁੜੀਆਂ ਨੇ ਇਕ ਵਾਰ ਫਿਰ ...

Girls celebrating After Results

ਨਵੀਂ ਦਿੱਲੀ, ਸੀਬੀਐਸਈ ਦੀ ਦਸਵੀਂ ਜਮਾਤ ਦੀ ਬੋਰਡ ਪ੍ਰੀਖਿਆ ਵਿਚ ਇਸ ਸਾਲ ਚਾਰ ਵਿਦਿਆਰਥੀਆਂ ਨੇ ਸਿਖਰਲਾ ਸਥਾਨ ਹਾਸਲ ਕੀਤਾ ਹੈ ਅਤੇ ਕੁੜੀਆਂ ਨੇ ਇਕ ਵਾਰ ਫਿਰ ਮੁੰਡਿਆਂ ਤੋਂ ਬਾਜ਼ੀ ਮਾਰ ਲਈ ਹੈ। ਸੀਬੀਐਸਈ ਨੇ ਦਸਵੀਂ ਜਮਾਤ ਦੇ ਨਤੀਜੇ ਅੱਜ ਐਲਾਨੇ। ਪ੍ਰੀਖਿਆ ਵਿਚ ਪਾਸ ਹੋਏ ਵਿਦਿਆਰਥੀਆਂ ਦਾ ਕੁਲ ਫ਼ੀ ਸਦੀ 86.70 ਰਿਹਾ। ਇਸ ਵਾਰ 85.32 ਫ਼ੀ ਸਦੀ ਮੁੰਡਿਆਂ ਨੇ ਪ੍ਰੀਖਿਆ ਪਾਸ ਕੀਤੀ ਜਦਕਿ 88.67 ਫ਼ੀ ਸਦੀ ਕੁੜੀਆਂ ਸਫ਼ਲ ਰਹੀਆਂ।

ਇਕ ਲੱਖ ਤੋਂ ਵੱਧ ਵਿਦਿਆਰਥੀਆਂ ਦੇ 90 ਫ਼ੀ ਸਦੀ ਤੋਂ ਵੱਧ ਅੰਕ ਆਏ ਹਨ।  ਇਸ ਵਾਰ ਕੁਲ 88.67 ਫ਼ੀ ਸਦੀ ਲੜਕੀਆਂ ਪਾਸ ਹੋਈਆਂ ਹਨ ਜਦਕਿ 85.32 ਫ਼ੀ ਸਦੀ ਲੜਕੇ ਪਾਸ ਹੋਣ ਵਿਚ ਕਾਮਯਾਬ ਰਹੇ। ਇਸ ਵਾਰ ਚਾਰ ਵਿਦਿਆਰਥੀਆਂ ਨੇ 500 ਵਿਚੋਂ 499 ਅੰਕਾਂ ਨਾਲ ਟਾਪ ਕੀਤਾ ਹੈ। ਡੀਪੀਐਸ ਗੁੜਗਾਉਂ ਦੇ ਪ੍ਰਖਰ ਮਿੱਤਲ, ਬਿਜਨੌਰ ਦੇ ਆਰ ਪੀ ਪਬਲਿਕ ਸਕੂਲ ਦੀ ਰਿਮਝਿਮ ਅਗਰਵਾਲ, ਸ਼ਾਮਲੀ ਦੇ ਸਕਾਟਿਸ਼ ਇੰਟਰਨੈਸ਼ਨਲ ਸਕੂਲ ਦੀ ਨੰਦਨੀ ਗਰਗ ਅਤੇ ਕੋਚਿਨ ਦੇ ਭਵਨ ਸਕੂਲ ਦੀ ਸ੍ਰੀਲਕਸ਼ਮੀ ਨੇ ਅੱਵਲ ਸਥਾਨ ਹਾਸਲ ਕੀਤਾ ਹੈ। 

ਸੱਤ ਵਿਦਿਆਰਥੀਆਂ ਨੇ 498 ਅੰਕਾਂ ਨਾਲ ਦੂਜਾ ਸਥਾਨ ਪ੍ਰਾਪਤ ਕੀਤਾ ਹੈ ਜਦਕਿ 14 ਵਿਦਿਆਰਥੀ 497 ਅੰਕ ਹਾਸਲ ਕਰ ਕੇ ਤੀਜੇ ਸਥਾਨ 'ਤੇ ਰਹੇ। ਤਿਰੂਵੰਨਤਪੁਰਮ 99.60 ਫ਼ੀ ਸਦੀ, ਚੇਨਈ 97.37 ਫ਼ੀ ਸਦੀ ਅਤੇ ਅਜਮੇਰ 91.86 ਫ਼ੀ ਸਦੀ ਨਾਲ ਚੰਗਾ ਪ੍ਰਦਰਸ਼ਨ ਕਰਨ ਵਾਲੇ ਸਿਖਰਲੇ ਤਿੰਨ ਖੇਤਰ ਰਹੇ। ਦਿੱਲੀ ਵਿਚ 78.62 ਫ਼ੀ ਸਦੀ ਵਿਦਿਆਰਥੀ ਪਾਸ ਹੋਏ।

131,493 ਵਿਦਿਆਰਥੀਆਂ ਨੇ 90 ਫ਼ੀ ਸਦੀ ਅਤੇ ਉਸ ਤੋਂ ਵੱਧ ਅੰਕ ਪ੍ਰਾਪਤ ਕੀਤੇ ਜਦਕਿ 27,426 ਵਿਦਿਆਰਥੀਆਂ ਨੇ 95 ਫ਼ੀ ਸਦੀ ਅਤੇ ਵੱਧ ਅੰਕ ਹਾਸਲ ਕੀਤੇ। ਇਸ ਵਾਰ 16 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਪੰਜੀਕਰਣ ਕਰਾਇਆ ਸੀ। ਅਪਾਹਜ ਸ਼੍ਰੇਣੀ ਵਿਚ 489 ਅੰਕਾਂ ਨਾਲ ਦੋ ਜਣੇ ਅੱਵਲ ਅਪਾਹਜ ਵਿਦਿਆਰਥੀਆਂ ਦਾ ਪਾਸ ਫ਼ੀ ਸਦੀ 92.55 ਫ਼ੀ ਸਦੀ ਰਿਹਾ।

ਇਸ ਸ਼੍ਰੇਣੀ ਵਿਚ ਸਨ ਸਿਟੀ ਗੁੜਗਾਉਂ ਦੀ ਅਨੁਸ਼ਕਾ ਪਾਂਡਾ ਅਤੇ ਗਾਜ਼ੀਆਬਾਦ ਦੇ ਉਤਮ ਸਕੂਲ ਦੀ ਸਾਨੀਆ ਗਾਂਧੀ ਨੇ 500 ਵਿਚੋਂ 489 ਅੰਕ ਪ੍ਰਾਪਤ ਕਰ ਕੇ ਪਹਿਲਾ ਸਥਾਨ ਹਾਸਲ ਕੀਤਾ। ਉੜੀਸਾ ਦੇ ਧਨਪੁਰ ਦੇ ਜੇਐਨਵੀ ਦੀ ਸੌਭਿਆ ਦੀਪ ਪ੍ਰਧਾਨ ਨੇ 484 ਅੰਕਾਂ ਨਾਲ ਦੂਜਾ ਸਥਾਨ ਹਾਸਲ ਕੀਤਾ। ਦਿੱਲੀ-ਐਨਸੀਆਰ ਅਤੇ ਝਾਰਖੰਡ ਵਿਚ ਪ੍ਰਸ਼ਨ ਪੱਤਰ ਲੀਕ ਹੋਣ ਦੀਆਂ ਖ਼ਬਰਾਂ ਕਾਰਨ ਬੋਰਡ ਦੀ ਪ੍ਰੀਖਿਆ ਇਸ ਵਾਰ ਵਿਵਾਦਾਂ ਵਿਚ ਰਹੀ।  (ਏਜੰਸੀ)