ਮਹਾਰਾਸ਼ਟਰ 'ਚ ਸੋਕੇ ਨਾਲ ਪੀੜਤ ਲੋਕਾਂ ਦੇ ਨਾਲ ਖੜ੍ਹੀ 'ਖਾਲਸਾ ਏਡ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

'ਖਾਲਸਾ ਏਡ' ਨੇ ਪੀੜਤ ਲੋਕਾਂ ਨੂੰ 6,000 ਲੀਟਰ ਤੋਂ ਜ਼ਿਆਦਾ ਪਾਣੀ ਕੀਤਾ ਮੁਹਈਆ

Khalsa Aid

ਮਹਾਰਾਸ਼ਟਰ- ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿਚ ਪਾਣੀ ਦੀ ਕਮੀ ਨਾਲ ਵਾਤਾਵਰਨ ਤਹਸ ਨਹਸ ਹੋ ਗਿਆ ਹੈ। ਭਾਰਤ ਵਿਚ ਹਰ ਸਾਲ ਮਹਾਰਾਸ਼ਟਰ ਦੇ ਕੁੱਝ ਇਲਾਕਿਆਂ ਵਿਚ ਪਾਣੀ ਦਾ ਭਿਆਨਕ ਸੰਕਟ ਆਉਂਦਾ ਹੈ। ਇਸ ਸਮੇਂ ਅੱਧਾ ਸੂਬਾ ਪਾਣੀ ਦੀ ਕਮੀ ਮਹਿਸੂਸ ਕਰ ਰਿਹਾ ਹੈ। ਇਨ੍ਹਾਂ ਲੋਕਾਂ ਦੀ ਮਦਦ ਕਰਨ ਲਈ ਵਿਸ਼ਵ ਸਿੱਖ ਸੰਸਥਾ 'ਖਾਲਸਾ ਏਡ' ਅੱਗੇ ਆਈ ਹੈ। ਹੁਣ, ਮਹਾਰਾਸ਼ਟਰ ਵਿਚ ਲੋਕ ਭਿਆਨਕ ਸੋਕੇ ਦਾ ਸਾਹਮਣਾ ਕਰ ਰਹੇ ਹਨ। 

ਲੱਗਭੱਗ ਅੱਧਾ ਸੂਬਾ ਸੁੱਕ ਗਿਆ ਹੈ। ਜਿਵੇਂ-ਜਿਵੇਂ ਲੋਕ ਗੰਭੀਰ ਹਾਲਾਤਾਂ ਨਾਲ ਜੂਝਦੇ ਹਨ, 'ਖਾਲਸਾ ਏਡ' ਦੇ ਮੈਂਬਰ ਮਦਦ ਲਈ ਹੱਥ ਵਧਾ ਰਹੇ ਹਨ ਅਤੇ ਉਨ੍ਹਾਂ ਨੂੰ ਹੌਂਸਲਾ ਦੇ ਰਹੇ ਹਨ। ਹਰ ਸਾਲ ਗਰਮੀ ਦੇ ਮੌਸਮ ਵਿਚ ਮਹਾਰਾਸ਼ਟਰ ਦੇ ਵਿਦਰਭ, ਮਰਾਠਵਾੜਾ ਅਤੇ ਲਾਤੂਰ ਵਰਗੇ ਇਲਾਕਿਆਂ ਵਿਚ ਪਾਣੀ ਦਾ ਕਾਲ ਪੈ ਜਾਂਦਾ ਹੈ। ਲੱਗਭੱਗ 22 ਲੱਖ ਲੋਕ ਪਾਣੀ ਲਈ ਤਰਸਣ ਲੱਗਦੇ ਹਨ।

ਭਾਰਤੀ ਮੌਸਮ ਵਿਭਾਗ ਦੇ ਅਨੁਸਾਰ, ਮਾਨਸੂਨ ਹਾਲੇ ਵੀ ਇੱਕ ਮਹੀਨੇ ਦੂਰ ਹੈ। ਇਨ੍ਹਾਂ ਹਲਾਤਾਂ ਵਿਚ ਲੋਕਾਂ ਦੀ ਮਦਦ ਕਰਨ ਲਈ 'ਖਾਲਸਾ ਏਡ' ਦੀ ਟੀਮ ਨਾਸੀਕ ਪਹੁੰਚੀ ਹੈ। ਦੱਸ ਦਈਏ ਕਿ ਹੁਣ ਤੱਕ 'ਖਾਲਸਾ ਏਡ'  ਲੋਕਾਂ ਨੂੰ 6,000 ਲਿਟਰ ਤੋਂ ਜ਼ਿਆਦਾ ਪਾਣੀ ਮੁਹਈਆ ਕਰਵਾ ਚੁੱਕੀ ਹੈ। ਵਾਲੰਟੀਅਰ ਪਾਣੀ ਪਹੁੰਚਾਉਣ ਦੇ ਨਾਲ ਹੀ ਪਿੰਡ ਦੇ ਖੂਹਾਂ ਨੂੰ ਵੀ ਸਾਫ਼ ਕਰ ਰਹੇ ਹਨ।

ਇਸ ਤੋਂ ਪਹਿਲਾਂ 2016 ਵਿਚ ਵੀ 'ਖਾਲਸਾ ਏਡ' ਦੇ ਮੈਂਬਰ ਲਾਤੂਰ ਪਹੁੰਚ ਕੇ ਲੋਕਾਂ ਨੂੰ ਪਾਣੀ ਪਹੁੰਚਾਉਣ ਦਾ ਕੰਮ ਕਰ ਚੁੱਕੇ ਹਨ। ਖਾਲਸਾ ਏਡ ਦੀ ਟੀਮ ਸਮੇਂ-ਸਮੇਂ 'ਤੇ ਆਫ਼ਤ ਅਤੇ ਸੰਕਟ ਨਾਲ ਜੂਝ ਰਹੇ ਲੋਕਾਂ ਦੀ ਮਦਦ ਲਈ ਪਹੁੰਚੀ ਹੈ। ਇਸ ਤੋਂ ਪਹਿਲਾਂ ਕੇਰਲ ਵਿਚ ਆਏ ਹੜ੍ਹ,ਤਮਿਲਨਾਡੁ ਵਿਚ ਤੂਫਾਨ ਅਤੇ ਹਾਲ ਹੀ ਓਡੀਸ਼ਾ ਵਿਚ ਆਏ ਵੱਡੇ ਤੂਫਾਨ ਨਾਲ ਪੀੜਤ ਲੋਕਾਂ ਦੀ ਮਦਦ ਕਰ ਚੁਕੀ ਹੈ।

'ਖਾਲਸਾ ਏਡ' ਸੰਸਥਾ ਦੇ ਮੈਬਰਾਂ ਨੇ ਆਫ਼ਤ ਨਾਲ ਪ੍ਰਭਾਵਿਤ ਲੋਕਾਂ ਨੂੰ ਭੋਜਨ ਅਤੇ ਕੱਪੜੇ ਵੀ ਵੰਡੇ ਹਨ। ਕੁਦਰਤੀ ਸੰਸਾਧਨਾਂ ਦੀ ਬਰਬਾਦੀ ਰੋਕਣ ਦੀ ਕੋਸ਼ਿਸ਼ ਪਤਾ ਨਹੀਂ ਕਦੋਂ ਰੁਕੇਗੀ ਅਤੇ ਕਦੋਂ ਸੋਕੇ ਤੋਂ ਪ੍ਰਭਾਵਿਤ ਲੋਕਾਂ ਨੂੰ ਰਾਹਤ ਮਿਲੇਗੀ ਪਰ 'ਖਾਲਸਾ ਏਡ' ਇਨਸਾਨੀਅਤ ਦੀ ਇੱਕ ਜਿਉਂਦੀ ਜਾਗਦੀ ਮਿਸਾਲ ਹੈ ਜੋ ਹਰ ਘੜੀ ਦੁਖੀਆਂ ਦੀ ਮਦਦ ਲਈ ਅੱਗੇ ਹੈ।