ਖ਼ਾਲਸਾ ਏਡ' ਦੇ ਟਵੀਟ ਮਗਰੋਂ 'ਗੁੱਚੀ' ਨੇ ਨਕਲੀ ਪੱਗਾਂ ਦੀ ਵਿਕਰੀ ਰੋਕੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਨਾਰਦਸਟ੍ਰੋਮ' ਵਲੋਂ ਮਸ਼ਹੂਰ ਕੰਪਨੀ ਗੁੱਚੀ ਦੀਆਂ ਬੰਨ੍ਹੀਆਂ ਬੰਨ੍ਹਾਈਆਂ ਪੱਗਾਂ ਵੇਚੀਆਂ ਜਾ ਰਹੀਆਂ ਸਨ। ਇਸ ਤੋਂ ਬਾਅਦ ਸਿੱਖ ਭਾਈਚਾਰੇ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਸੀ।

Gucci stopped sale of duplicate turban

ਵਿਸ਼ਵ ਪ੍ਰਸਿੱਧ ਸਿੱਖ ਸੰਸਥਾ 'ਖ਼ਾਲਸਾ ਏਡ' ਦੇ ਮੁਖੀ ਰਵੀ ਸਿੰਘ ਖ਼ਾਲਸਾ ਨੇ ਆਨਲਾਈਨ ਸ਼ਾਪਿੰਗ ਵੈਬਸਾਈਟਾਂ ਵਲੋਂ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕੀਤੇ ਜਾਣ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਇਸ ਦੇ ਲਈ ਰਵੀ ਸਿੰਘ ਨੇ ਆਨਲਾਈਨ ਸ਼ਾਪਿੰਗ ਵੈਬਸਾਈਟ 'ਨਾਰਦਸਟ੍ਰੋਮ' ਦੀ ਨਿੰਦਾ ਕਰਦਿਆਂ ਇਕ ਟਵੀਟ ਕੀਤਾ ਸੀ।

ਟਵੀਟ ਵਿਚ ਉਨ੍ਹਾਂ ਲਿਖਿਆ ਸੀ ''ਪਿਆਰੇ ਗ਼ੈਰ ਸਿੱਖੋ ਨਾਰਦਸਟ੍ਰੋਮ ਤੋਂ ਗੁੱਚੀ ਦੀ ਨਕਲੀ ਅਤੇ ਫੈਂਸੀ ਪੱਗੜੀ ਖ਼ਰੀਦਣ ਲਈ 750 ਡਾਲਰ ਬਰਬਾਦ ਨਾ ਕਰੋ। ਅਸੀਂ ਤੁਹਾਨੂੰ ਤੁਹਾਡੇ ਜ਼ਿਆਦਾਤਰ ਸਥਾਨਾਂ 'ਤੇ ਅਸਲੀ ਪੱਗੜੀ ਦਾ ਕੱਪੜਾ ਮੁਫ਼ਤ ਵਿਚ ਉਪਲਬਧ ਕਰਵਾ ਸਕਦੇ ਹਾਂ,ਕਿਸੇ ਵੀ ਰੰਗ ਦਾ। ਰਵੀ ਸਿੰਘ ਸਮੇਤ ਹੋਰ ਕਈ ਸਿੱਖਾਂ ਨੇ ਇਸ ਸਬੰਧੀ ਟਵੀਟ ਕੀਤੇ ਹਨ ਅਤੇ ਗੁੱਚੀ ਦੀ ਅਲੋਚਨਾ ਕੀਤੀ ਹੈ।

ਰਵਿੰਦਰ ਸਿੰਘ ਦੇ ਇਸ ਟਵੀਟ 'ਤੇ 'ਨਾਰਦਸਟ੍ਰੋਮ' ਨੇ ਰਿਪਲਾਈ ਕਰਦਿਆਂ ਲਿਖਿਆ ਕਿ ਅਸੀਂ ਇਸ ਉਤਪਾਦ ਨੂੰ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਉਹਨਾਂ ਕਿਹਾ ਕਿ ਸਾਡਾ ਮਕਸਦ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਨਹੀਂ ਸੀ। ਇਸ ਨਾਲ ਅਸੀਂ ਵੀ ਦੁਖੀ ਹੋਏ ਹਾਂ ਇਸ ਤੋਂ ਬਾਅਦ ਰਵਿੰਦਰ ਸਿੰਘ ਨੇ ਇਕ ਹੋਰ ਟਵੀਟ ਰਾਹੀਂ 'ਨਾਰਦਸਟ੍ਰੋਮ'  ਦੇ ਫ਼ੈਸਲੇ ਦੀ ਸ਼ਲਾਘਾ ਕੀਤੀ।

ਰਵਿੰਦਰ ਸਿੰਘ ਨੇ ਲਿਖਿਆ ''ਪੱਗੜੀ ਦੀ ਵਿਕਰੀ ਰੋਕਣ ਲਈ 'ਨਾਰਦਸਟ੍ਰੋਮ' ਤੁਹਾਨੂੰ ਧੰਨਵਾਦ”। ਦਰਅਸਲ 'ਨਾਰਦਸਟ੍ਰੋਮ' ਵਲੋਂ ਮਸ਼ਹੂਰ ਕੰਪਨੀ ਗੁੱਚੀ ਦੀਆਂ ਬੰਨ੍ਹੀਆਂ ਬੰਨ੍ਹਾਈਆਂ ਪੱਗਾਂ ਵੇਚੀਆਂ ਜਾ ਰਹੀਆਂ ਸਨ। ਇਸ ਤੋਂ ਬਾਅਦ ਸਿੱਖ ਭਾਈਚਾਰੇ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਸੀ। ਜਿਸ ਤੋਂ ਬਾਅਦ ਹੀ ਖ਼ਾਲਸਾ ਏਡ ਦੇ ਮੁਖੀ ਰਵਿੰਦਰ ਸਿੰਘ ਨੇ ਇਹ ਟਵੀਟ ਕੀਤਾ ਸੀ।

ਇਸ ਤੋਂ ਇਲਾਵਾ ਹਾਲ ਹੀ ਵਿਚ ਇਕ ਓਂਕਾਰ ਅਤੇ ਹੋਰ ਸਿੱਖ ਚਿੰਨ੍ਹਾਂ ਵਾਲੇ ਔਰਤਾਂ ਦੇ ਕੱਪੜੇ ਵੇਚਣ ਵਾਲੀ ਆਨਲਾਈਨ ਸ਼ਾਪਿੰਗ ਵੈਬਸਾਈਟ 'ਰੈੱਡ ਬਬਲ' ਦੀ ਵੀ ਰਵਿੰਦਰ ਸਿੰਘ ਵਲੋਂ ਨਿਖੇਧੀ ਕੀਤੀ ਗਈ। ਉਨ੍ਹਾਂ ਟਵੀਟ ਕਰਦਿਆਂ ਲਿਖਿਆ ''ਇਨ੍ਹਾਂ ਕੱਪੜਿਆਂ ਦੀ ਰੇਂਜ ਲਈ 'ਰੈੱਡ ਬਬਲ' 'ਤੇ ਸ਼ਰਮ ਆਉਂਦੀ ਹੈ''। ਇਸ ਦੌਰਾਨ ਕੁੱਝ ਲੋਕਾਂ ਨੇ ਗੁੱਚੀ ਦੀ ਪੱਗੜੀ 'ਤੇ ਰੋਕ ਲਗਾਏ ਜਾਣ ਦੀ ਨਿੰਦਾ ਵੀ ਕੀਤੀ।

ਬੌਬੀ ਡਾਰ ਨਾਂ ਦੇ ਇਕ ਪਾਕਿਸਤਾਨੀ ਯੂਜਰ ਨੇ ਲਿਖਿਆ ''ਪੱਗੜੀ ਕਿਸੇ ਦਾ ਕਾਪੀਰਾਈਟ ਨਹੀਂ ਹੈ, ਨਾ ਹੀ ਇਹ ਆਸਥਾ ਦਾ ਚਿੰਨ੍ਹ ਹੈ। ਸਿੱਖਾਂ ਦੇ ਚਿੰਨ੍ਹਾਂ ਵਿਚ ਪੰਜ ਕੱਕਾਰ ਸ਼ਾਮਲ ਹਨ ਪਰ ਉਨ੍ਹਾਂ ਵਿਚ ਪੱਗੜੀ ਸ਼ਾਮਲ ਨਹੀਂ। ਇਸ ਸਬੰਧੀ ਕਈ ਲੋਕਾਂ ਵੱਲੋਂ ਟਵੀਟ ਕੀਤੇ ਗਏ ਸੀ। ਰਵਿੰਦਰ ਸਿੰਘ ਨੇ ਇਸ ਲੜਕੇ ਨੂੰ ਵੀ ਕਰਾਰਾ ਜਵਾਬ ਦਿੰਦਿਆਂ ਲਿਖਿਆ ''ਇਹ ਲੜਕਾ ਪਾਕਿਸਤਾਨ ਨੂੰ ਬਦਨਾਮ ਕਰ ਰਿਹਾ ਹੈ ਅਤੇ ਸ਼ਰਮਨਾਕ ਕੱਪੜਿਆਂ ਦੀ ਰੇਂਜ 'ਤੇ ਸਿੱਖਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। 
ਦਸ ਦਈਏ ਕਿ ਆਨਲਾਈਨ ਸ਼ਾਪਿੰਗ ਵੈਬਸਾਈਟਾਂ ਵਲੋਂ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤੇ ਜਾਣ ਦੇ ਮਾਮਲੇ ਪਹਿਲਾਂ ਵੀ ਕਈ ਵਾਰ ਸਾਹਮਣੇ ਆ ਚੁੱਕੇ ਹਨ।