ਕੌਣ ਬਣੇਗਾ ਵਿੱਤ ਮੰਤਰੀ? ਪੀਊਸ਼ ਗੋਇਲ ਜਾਂ ਫਿਰ ਦੇਣਗੇ ਕੋਈ ਨਵਾਂ ਝਟਕਾ ਮੋਦੀ!

ਏਜੰਸੀ

ਖ਼ਬਰਾਂ, ਰਾਸ਼ਟਰੀ

ਅਰੁਣ ਜੇਤਲੀ ਨੇ ਸਿਹਤ ਦਾ ਹਵਾਲਾ ਦਿੰਦਿਆਂ ਮੋਦੀ ਨੂੰ ਕਿਹਾ ਕਿ ਮੈਨੂੰ ਇਸ ਕਾਰਜਕਾਲ ਵਿਚ ਮੰਤਰੀ ਨਾ ਬਣਾਇਆ ਜਾਵੇ

Piyush Goyal

ਨਵੀਂ ਦਿੱਲੀ: ਨਰਿੰਦਰ ਮੋਦੀ ਵੀਰਵਾਰ ਯਾਨੀ ਭਲਕੇ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਅਜਿਹੇ ਵਿਚ ਉਨ੍ਹਾਂ ਦੇ ਮੰਤਰੀ ਮੰਡਲ ਦੀ ਤਸਵੀਰ ਹੁਣ ਸਾਫ਼ ਹੋਣ ਲੱਗੀ ਹੈ। ਪਾਰਟੀ ਦੇ ਸੀਨੀਅਰ ਨੇਤਾ ਅਤੇ ਪਿਛਲੀ ਸਰਕਾਰ ਸਮੇਂ ਵਿੱਤ ਮੰਤਰੀ ਰਹੇ ਅਰੁਣ ਜੇਤਲੀ ਨੇ ਚਿੱਠੀ ਲਿਖ ਕੇ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਇਸ ਕਾਰਜਕਾਲ ਵਿਚ ਮੰਤਰੀ ਨਾ ਬਣਾਇਆ ਜਾਵੇ ਕਿਉਂਕਿ ਉਨ੍ਹਾਂ ਦੀ ਸਿਹਤ ਖ਼ਰਾਬ ਹੈ। ਅਜਿਹੇ ’ਚ ਸਿਆਸੀ ਗਲਿਆਰਿਆਂ ਵਿਚ ਇਹ ਸਵਾਲ ਉੱਠਣਾ ਸ਼ੁਰੂ ਹੋ ਗਿਆ ਹੈ ਕਿ ਦੇਸ਼ ਦਾ ਅਗਲਾ ਵਿੱਤ ਮੰਤਰੀ  ਕੌਣ ਹੋਵੇਗਾ?

ਕੀ ਪਹਿਲਾਂ ਦੀ ਤਰ੍ਹਾਂ ਪੀਊਸ਼ ਗੋਇਲ ਇਹ ਅਹੁਦਾ ਸੰਭਾਲਣਗੇ ਜਾਂ ਫਿਰ ਇਕ ਵਾਰ ਨਰਿੰਦਰ ਮੋਦੀ ਝਟਕਾ ਦੇਣ ਵਾਲਾ ਕੰਮ ਕਰਨਗੇ। ਅਗਲਾ ਵਿੱਤ ਮੰਤਰੀ ਬਣਨ ਵਿਚ ਪੀਊਸ਼ ਗੋਇਲ ਦਾ ਨਾਮ ਇਸ ਲਈ ਅੱਗੇ ਆ ਰਿਹਾ ਹੈ ਕਿਉਂਕਿ ਮੋਦੀ ਸਰਕਾਰ ਦੇ ਪਿਛਲੇ ਕਾਰਜਕਾਲ ਵਿਚ ਜਦੋਂ ਅਰੁਣ ਜੇਟਲੀ ਦੀ ਸਿਹਤ ਖ਼ਰਾਬ ਹੋਈ ਸੀ ਤਾਂ ਉਨ੍ਹਾਂ ਨੇ ਹੀ ਇਸ ਅਹੁਦੇ ਨੂੰ ਸੰਭਾਲਿਆ ਸੀ। ਪੀਊਸ਼ ਗੋਇਲ ਨੇ ਹੀ ਮੋਦੀ ਸਰਕਾਰ ਦਾ ਆਖ਼ਰੀ ਬਜਟ ਪੇਸ਼ ਕੀਤਾ ਸੀ। ਅਜਿਹੇ ਵਿਚ ਉਨ੍ਹਾਂ ਦਾ ਨਾਮ ਇਸ ਰੇਸ ਵਿਚ ਸਭ ਤੋਂ ਅੱਗੇ ਹੈ।

ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਭਾਵੇਂ ਪੀਊਸ਼ ਗੋਇਲ ਦਾ ਨਾਮ ਇਸ ਰੇਸ ਵਿਚ ਸਭ ਤੋਂ ਅੱਗੇ ਹੈ ਪਰ ਤੈਅ ਨਹੀਂ ਹੈ। ਅਜਿਹੇ ਵਿਚ ਕਈ ਹੋਰ ਨਾਮ ਵੀ ਹਨ ਜੋ ਸਾਹਮਣੇ ਆ ਰਹੇ ਹਨ। ਇਹਨਾਂ ਵਿਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਦਾ ਨਾਮ ਵੀ ਸ਼ਾਮਿਲ ਹੈ, ਦਰਅਸਲ ਵਿੱਤ ਮੰਤਰੀ ਦੇ ਅਹੁਦੇ ਨੂੰ ਸਰਕਾਰ ਵਿਚ ਨੰਬਰ ਦੋ ਦਾ ਅਹੁਦਾ ਮੰਨਿਆ ਜਾਂਦਾ ਹੈ। ਅਜਿਹੇ ਵਿਚ ਜੇਕਰ ਅਮਿਤ ਸ਼ਾਹ ਸਰਕਾਰ ਦਾ ਹਿੱਸਾ ਬਣਦੇ ਹਨ ਤਾਂ ਉਹ ਵਿੱਤ ਮੰਤਰਾਲਾ ਜਾਂ ਫਿਰ ਗ੍ਰਹਿ ਮੰਤਰਾਲਾ ਹੀ ਸੰਭਾਲ ਸਕਦੇ ਹਨ।

ਤੀਜਾ ਨਾਮ ਜੋ ਚਰਚਾ ਵਿਚ ਬਣਿਆ ਹੋਇਆ ਹੈ ਉਹ ਨਿਰਮਲਾ ਸੀਤਾਰਮਣ ਹੈ। ਫ਼ਿਲਹਾਲ ਉਨ੍ਹਾਂ ਦੇ ਕੋਲ ਰੱਖਿਆ ਮੰਤਰਾਲਾ ਹੈ, ਅਜਿਹੇ ਵਿਚ ਜੇਕਰ ਇਸ ਵਾਰ ਉਨ੍ਹਾਂ ਦਾ ਮੰਤਰਾਲਾ ਬਦਲਿਆ ਜਾਂਦਾ ਹੈ ਤਾਂ ਵਿੱਤ ਮੰਤਰਾਲੇ ਦੀ ਜ਼ਿੰਮੇਵਾਰੀ ਉਨ੍ਹਾਂ ਨੂੰ ਮਿਲ ਸਕਦੀ ਹੈ। ਇਸ ਤੋਂ ਪਹਿਲਾਂ ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ ਵਿਚ ਉਨ੍ਹਾਂ ਨੇ ਕਾਰਪੋਰੇਟ ਮੰਤਰਾਲੇ ਦੀ ਜ਼ਿੰਮੇਵਾਰੀ ਵੀ ਸਾਂਭੀ ਸੀ। ਹਾਲਾਂਕਿ, ਅਜੇ ਸਿਰਫ਼ ਇਹ ਕਿਆਸ ਹੀ ਲਗਾਏ ਜਾ ਰਹੇ ਹਨ।

ਵੀਰਵਾਰ ਨੂੰ ਜਦੋਂ ਸਹੁੰ ਚੁੱਕ ਸਮਾਗਮ ਹੋਵੇਗਾ ਅਤੇ ਉਸ ਤੋਂ ਬਾਅਦ ਕਾਰਜ ਭਾਰ ਦੀ ਵੰਡ ਕੀਤੀ ਜਾਵੇਗੀ, ਉਦੋਂ ਇਹ ਤਸਵੀਰ ਸਾਫ਼ ਹੁੰਦੀ ਨਜ਼ਰ ਆਵੇਗੀ। ਦੱਸ ਦਈਏ ਕਿ ਬੁੱਧਵਾਰ ਨੂੰ ਅਰੁਣ ਜੇਤਲੀ ਨੇ ਟਵਿੱਟਰ ਉਤੇ ਇਕ ਚਿੱਠੀ ਜਾਰੀ ਕੀਤੀ। ਅਰੁਣ ਜੇਤਲੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਮੰਤਰੀ ਬਣਾਉਣ ਦਾ ਵਿਚਾਰ ਨਾ ਕੀਤਾ ਜਾਵੇ।

ਜੇਤਲੀ ਨੇ ਅਪਣੀ ਚਿੱਠੀ ਵਿਚ ਲਿਖਿਆ ਹੈ ਕਿ ਪਿਛਲੇ 18 ਮਹੀਨਿਆਂ ਤੋਂ ਉਨ੍ਹਾਂ ਦੀ ਸਿਹਤ ਖ਼ਰਾਬ ਹੈ ਅਜਿਹੇ ਵਿਚ ਉਹ ਜ਼ਿੰਮੇਵਾਰੀ ਨੂੰ ਨਹੀਂ ਨਿਭਾ ਸਕਣਗੇ। ਇਸ ਲਈ ਉਨ੍ਹਾਂ ਨੂੰ ਮੰਤਰੀ  ਬਣਾਉਣ ਉਤੇ ਕੋਈ ਵਿਚਾਰ ਨਾ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਨਰਿੰਦਰ ਮੋਦੀ ਵੀਰਵਾਰ ਸ਼ਾਮ ਸੱਤ ਵਜੇ ਰਾਸ਼ਟਰਪਤੀ ਭਵਨ ਵਿਚ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਉਨ੍ਹਾਂ ਦੇ ਨਾਲ ਕੈਬਨਿਟ ਮੰਤਰੀ ਵੀ ਸਹੁੰ ਚੁੱਕਣਗੇ। ਇਸ ਸਮਾਰੋਹ ਵਿਚ ਲਗਭੱਗ 6000 ਵੀਆਈਪੀ ਮਹਿਮਾਨ ਸ਼ਾਮਿਲ ਹੋ ਸਕਦੇ ਹਨ।