ਪ੍ਰਦੂਸ਼ਣ ਕਾਰਨ 5.2 ਸਾਲ ਘਟੀ ਭਾਰਤੀਆਂ ਦੀ ਜ਼ਿੰਦਗੀ, ਰਿਸਰਚ ਵਿਚ ਖੁਲਾਸਾ
ਭਾਰਤ ਵਿਚ ਲੋਕਾਂ ਦੇ ਜਿਊਣ ਦੇ ਸਾਲ ਘੱਟ ਹੁੰਦੇ ਜਾ ਰਹੇ ਹਨ। ਇਸ ਦਾ ਕਾਰਨ ਹੈ ਪ੍ਰਦੂਸ਼ਣ।
ਨਵੀਂ ਦਿੱਲੀ: ਭਾਰਤ ਵਿਚ ਲੋਕਾਂ ਦੇ ਜਿਊਣ ਦੇ ਸਾਲ ਘੱਟ ਹੁੰਦੇ ਜਾ ਰਹੇ ਹਨ। ਇਸ ਦਾ ਕਾਰਨ ਹੈ ਪ੍ਰਦੂਸ਼ਣ। ਇਹ ਖੁਲਾਸਾ ਅਮਰੀਕਾ ਦੀ ਇਕ ਵੱਡੀ ਯੂਨੀਵਰਸਿਟੀ ਨੇ ਕੀਤਾ ਹੈ। ਯੂਨੀਵਰਸਿਟੀ ਨੇ ਦੱਸਿਆ ਹੈ ਕਿ ਹਵਾ ਪ੍ਰਦੂਸ਼ਣ ਕਾਰਨ ਭਾਰਤ ਦੇ ਲੋਕਾਂ ਦੀ ਜ਼ਿੰਦਗੀ ਦੀ ਸੰਭਾਵਨਾ (Life Expectancy) 5.2 ਸਾਲ ਘਟ ਗਈ ਹੈ। ਜ਼ਿੰਦਗੀ ਦੀ ਸੰਭਾਵਨਾ ਤੋਂ ਭਾਵ ਹੈ ਕਿ ਇਨਸਾਨ ਔਸਤ ਕਿੰਨੇ ਸਾਲ ਜੀਵੇਗਾ।
ਸ਼ਿਕਾਗੋ ਯੂਨੀਵਰਸਿਟੀ ਦੇ ਦ ਐਨਰਜੀ ਪਾਲਿਸੀ ਇੰਸਟੀਚਿਊਟ ਨੇ ਇਹ ਅਧਿਐਨ ਕੀਤਾ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਜ਼ਿਆਦਾ ਹਵਾ ਪ੍ਰਦੂਸ਼ਣ ਕਾਰਨ ਭਾਰਤ ਦੇ ਲੋਕਾਂ ਦੀ ਜ਼ਿੰਦਗੀ ਦੀ ਸੰਭਾਵਨਾ ਬਹੁਤ ਤੇਜ਼ੀ ਨਾਲ ਘੱਟ ਹੋ ਰਹੀ ਹੈ। ਬੰਗਲਾਦੇਸ਼ ਤੋਂ ਬਾਅਦ ਭਾਰਤ ਦੂਜਾ ਦੇਸ਼ ਹੈ ਜਿੱਥੇ ਲੋਕਾਂ ਦੀ ਉਮਰ ਘਟ ਰਹੀ ਹੈ।
ਸਟਡੀ ਵਿਚ ਦੱਸਿਆ ਗਿਆ ਹੈ ਕਿ ਵਿਸ਼ਵ ਸਿਹਤ ਸੰਗਠਨ ਵੱਲੋਂ ਪ੍ਰਦੂਸ਼ਣ ਨੂੰ ਲੈ ਕੇ ਬਣਾਏ ਗਏ ਨਿਰਦੇਸ਼ ਮੁਤਾਬਕ ਭਾਰਤ ਦੀ ਪੂਰੀ ਅਬਾਦੀ ਯਾਨੀ 140 ਕਰੋੜ ਲੋਕ ਪ੍ਰਦੂਸ਼ਣ ਵਿਚ ਰਹਿ ਰਹੇ ਹਨ। ਜਦਕਿ 84 ਫੀਸਦੀ ਲੋਕ ਭਾਰਤ ਦੇ ਖੁਦ ਦੇ ਨਿਰਦੇਸ਼ ਅਨੁਸਾਰ ਪ੍ਰਦੂਸ਼ਣ ਵਿਚ ਜੀਅ ਰਹੇ ਹਨ।
ਇਸ ਸਟਡੀ ਵਿਚ ਵੱਖ-ਵੱਖ ਸ਼ਹਿਰਾਂ ਦਾ ਬਿਓਰਾ ਦਿੱਤਾ ਗਿਆ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਬਾਅਦ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਸ਼ਹਿਰ ਹੈ। ਲਖਨਊ ਵਿਚ ਲੋਕਾਂ ਦੀ ਲਾਈਫ ਐਕਸਪੈਕਟੈਂਸੀ 10.3 ਸਾਲ ਘਟ ਗਈ ਹੈ। ਜਦਕਿ ਦਿੱਲੀ ਵਾਸੀਆਂ ਦੀ ਲਾਈਫ ਐਕਸਪੈਕਟੈਂਸੀ 9.4 ਸਾਲ ਘਟ ਗਈ ਹੈ। ਵਿਸ਼ਵ ਸਿਹਤ ਸੰਗਠਨ ਦੇ ਨਿਰਦੇਸ਼ ਅਨੁਸਾਰ ਲਾਈਫ ਐਕਸਪੈਕਟੈਂਸੀ 6.5 ਸਾਲ ਹੋਣੀ ਚਾਹੀਦੀ ਸੀ।
ਉੱਤਰ ਭਾਰਤ ਵਿਚ ਵੀ ਪ੍ਰਦੂਸ਼ਣ ਕਾਰਨ ਲਾਈਫ ਐਕਸਪੈਕਟੈਂਸੀ ਘਟ ਕੇ 8 ਸਾਲ ਹੋ ਗਈ ਹੈ। ਸ਼ਿਕਾਗੋ ਯੂਨੀਵਰਸਿਟੀ ਨੇ ਰਿਪੋਰਟ ਵਿਚ ਦੱਸਿਆ ਕਿ ਜੇਕਰ ਭਾਰਤ ਅਗਲੇ ਕੁਝ ਸਾਲਾਂ ਵਿਚ ਪ੍ਰਦੂਸ਼ਣ ਦੇ ਪੱਧਰ ਨੂੰ ਘੱਟ ਕਰ ਲੈਂਦਾ ਹੈ ਤਾਂ ਇੱਥੋਂ ਦੀ ਰਾਸ਼ਟਰੀ ਲਾਈਫ ਐਕਸਪੈਕਟੈਂਸੀ 1.6 ਸਾਲ ਵਧ ਜਾਵੇਗੀ। ਜਦਕਿ ਦਿੱਲੀ ਦੇ ਲੋਕਾਂ ਲਈ ਇਹ 3.1 ਸਾਲ ਵਧ ਜਾਵੇਗੀ।