ਕੁਝ ਘੰਟੇ ਬਾਅਦ ਅੰਬਾਲਾ ਵਿਚ ਲੈਂਡ ਹੋਵੇਗਾ ਰਾਫ਼ੇਲ, ਮੌਸਮ ਖ਼ਰਾਬ ਹੋਇਆ ਤਾਂ Plan B ਵੀ ਤਿਆਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚ ਅੱਜ ਲੜਾਕੂ ਜਹਾਜ਼ ਰਾਫੇਲ ਦੀ ਪਹਿਲੀ ਖੇਪ ਅੰਬਾਲਾ ਪਹੁੰਚ ਰਹੀ ਹੈ।

Rafale

ਨਵੀਂ ਦਿੱਲੀ: ਦੇਸ਼ ਵਿਚ ਅੱਜ ਲੜਾਕੂ ਜਹਾਜ਼ ਰਾਫੇਲ ਦੀ ਪਹਿਲੀ ਖੇਪ ਅੰਬਾਲਾ ਪਹੁੰਚ ਰਹੀ ਹੈ। ਪਹਿਲੀ ਖੇਪ ਵਿਚ 5 ਲੜਾਕੂ ਜਹਾਜ਼ ਭਾਰਤ ਪਹੁੰਚ ਰਹੇ ਹਨ। ਇਸ ਦੇ ਲਈ ਭਾਰਤ ਨੇ ਫਰਾਂਸ ਦੇ ਨਾਲ ਇਕ ਰੱਖਿਆ ਸਮਝੌਤਾ ਕੀਤਾ ਸੀ, ਜਿਸ ਦੇ ਤਹਿਤ ਇਹ ਜਹਾਜ਼ ਪੜਾਅਵਾਰ ਤਰੀਕੇ ਨਾਲ ਭਾਰਤ ਨੂੰ ਸੌਂਪੇ ਜਾਣਗੇ। 

ਇਸ ਮੌਕੇ ‘ਤੇ ਹਵਾਈ ਫੌਜ ਮੁਖੀ ਆਰਕੇਐਸ ਭਦੌਰੀਆ ਸਮੇਤ ਹਵਾਈ ਫੌਜ ਦੇ ਮੁੱਖ ਅਧਿਕਾਰੀ ਮੌਜੂਦ ਰਹਿਣਗੇ। ਅੰਬਾਲਾ ਵਿਚ ਮੌਸਮ ਖਰਾਬ ਹੋਣ ਦੀ ਵੀ ਸੰਭਾਵਨਾ ਹੈ, ਇਸ ਦੇ ਚਲਦਿਆਂ ਜਹਾਜ਼ਾਂ ਦੀ ਲੈਂਡਿੰਗ ਲਈ ਪਲਾਨ ਬੀ ਵੀ ਤਿਆਰ ਕੀਤਾ ਗਿਆ ਹੈ। ਇਸ ਦੇ ਤਹਿਤ ਜੇਕਰ ਅੰਬਾਲਾ ਵਿਚ ਮੌਸਮ ਖ਼ਰਾਬ ਹੋਇਆ ਤਾਂ ਰਾਫੇਲ ਦੀ ਲੈਂਡਿੰਗ ਰਾਜਸਥਾਨ ਦੇ ਜੋਧਪੁਰ ਏਅਰਬੇਸ ‘ਤੇ ਕਰਵਾਈ ਜਾਵੇਗੀ।

ਅੰਬਾਲਾ ਵਿਚ ਇਸ ਸਮੇਂ ਬੱਦਲਵਾਈ ਦਾ ਮੌਸਮ ਹੈ ਅਤੇ ਤੇਜ਼ ਹਵਾਵਾਂ ਦਾ ਦੌਰ ਵੀ ਜਾਰੀ ਹੈ ਪਰ ਬਾਰਿਸ਼ ਨਹੀਂ ਹੋ ਰਹੀ। ਰਾਫੇਲ ਦੇ ਅੰਬਾਲਾ ਏਅਰਬੇਸ ‘ਤੇ ਰਾਫੇਲ ਦੇ ਲੈਂਡ ਕਰਨ ਦਾ ਸਮਾਂ ਦੋ ਤੋਂ ਚਾਰ ਵਜੇ ਦਾ ਦੱਸਿਆ ਜਾ ਰਿਹਾ ਹੈ। ਅਜਿਹੇ ਵਿਚ ਉਮੀਦ ਹੈ ਕਿ ਉਸ ਸਮੇਂ ਮੌਸਮ ਸਾਫ ਰਹੇਗਾ। 

ਇਸ ਤੋਂ ਪਹਿਲਾਂ ਮੰਗਲਵਾਰ ਦੁਪਹਿਰ ਤੋਂ ਬਾਅਦ ਅਗਲੇ ਅਦੇਸ਼ਾਂ ਤੱਕ ਏਅਰਫੋਰਸ ਸਟੇਸ਼ਨ ਦੇ ਅੰਦਰ ਬਾਹਰੀ ਵਿਅਕਤੀਆਂ ਸਮੇਤ ਮੀਡੀਆ ਦੀ ਐਂਟਰੀ ‘ਤੇ ਰੋਕ ਲਗਾ ਦਿੱਤੀ ਗਈ ਹੈ। ਕਿਸੇ ਵੀ ਤਰ੍ਹਾਂ ਦੀ ਵੀਡੀਓਗ੍ਰਾਫ਼ੀ ਜਾਂ ਫੋਟੋਗ੍ਰਾਫੀ ਨਹੀਂ ਹੋ ਸਕੇਗੀ। ਏਅਰਬੇਸ ਤੋਂ ਤਿੰਨ ਕਿਲੋਮੀਟਰ ਦੇ ਘੇਰੇ ਵਿਚ ਡਰੋਨ ‘ਤੇ ਪਾਬੰਦੀ ਲਗਾਈ ਗਈ ਹੈ। 

ਦੱਸ ਦਈਏ ਕਿ ਰਾਫੇਲ ਵਿਚ ਜ਼ਿਆਦਾਤਰ ਭਾਰ ਚੁੱਕਣ ਦੀ ਸਮਰੱਥਾ 24,500 ਕਿਲੋਗ੍ਰਾਮ ਹੈ। ਈਂਧਨ ਸਮਰੱਥਾ 4700 ਕਿਲੋਗ੍ਰਾਮ ਹੈ। ਇਸ ਦੀ ਜ਼ਿਆਦਾ ਤੋਂ ਜ਼ਿਆਦਾ ਰਫ਼ਤਾਰ 2200 ਤੋਂ 2500 ਤੱਕ ਕਿਲੋਮੀਟਰ ਪ੍ਰਤੀ ਘੰਟਾ ਹੈ ਅਤੇ ਇਸ ਦੀ ਰੇਂਜ 3700 ਕਿਲੋਮੀਟਰ ਹੈ।