ਮਿਆਂਮਾਰ ਵਿਚ ਗੁਰੂ ਨਾਨਕ ਸਾਹਿਬ ਦੀ ਯਾਦ ਵਿਚ ਸਿੱਖਾਂ ਨੇ ਲਾਏ 550 ਬੂਟੇ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਸ ਮੌਕੇ ਮਿਆਂਮਾਰ ਦੇ ਸਿੱਖਾਂ ਦੀ ਜਥੇਬੰਦੀ ਸਰਬ ਮਿਆਂਮਾਰ ਸਿੱਖ ਧਾਰਮਕ ਕੌਂਸਲ ਦੇ ਮੀਤ ਪ੍ਰਧਾਨ ਸ.ਧਿਆਨ ਸਿੰਘ ਨੇ ਹੜ੍ਹ ਪੀੜਤਾਂ ਤੇ ਬੋਧ ਗਇਆ ਮੰਦਰ ਲਈ 55-55 ਲੱਖ ...

Sikhs planted 550 plants in memory of Guru Nanak Sahib in Myanmar

ਨਵੀਂ ਦਿੱਲੀ  (ਅਮਨਦੀਪ ਸਿੰਘ): ਮਿਆਂਮਾਰ ਵਿਚ ਵੀ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਦੀਆਂ ਰੌਣਕਾਂ ਹਨ। ਮਿਆਂਮਾਰ ਵਿਚਲੇ ਭਾਰਤੀ ਸਫ਼ਾਰਤਖ਼ਾਨੇ ਵਲੋਂ ਉਥੇ ਦੇ ਧਾਰਮਕ ਤੇ ਸਭਿਆਚਾਰਕ ਮੰਤਰਾਲੇ ਦੇ ਸਹਿਯੋਗ ਨਾਲ ਬੀਤੇ ਦਿਨ ਕਰਵਾਏ ਗਏ ਸਮਾਗਮ ਵਿਚ ਸਿੱਖਾਂ ਨੇ ਸਾਂਝੇ ਤੌਰ ’ਤੇ ਰਾਜਧਾਨੀ ਨੇਪੀਡੋ ਦੇ ਬੋਧ ਗਇਆ ਮੰਦਰ ਨੇੜੇ ਪਾਰਕ ਵਿਚ 550 ਬੂਟੇ ਲਾ ਕੇ, ਗੁਰੂ ਨਾਨਕ ਸਾਹਿਬ ਦੇ ਉਪਦੇਸ਼ਾਂ ਨੂੰ ਯਾਦ ਕੀਤਾ।

ਜਿਥੇ ਭਾਰਤੀ ਸਫ਼ੀਰ ਸੋਰਭ ਕੁਮਾਰ ਨੇ ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ਦੀ ਸਿੱਖਾਂ ਨੂੰ ਵਧਾਈ ਦਿਤੀ, ਉਥੇ ਮਿਆਂਮਾਰ ਦੇ ਸਭਿਆਚਾਰਕ ਤੇ ਧਾਰਮਕ ਮਾਮਲਿਆਂ ਦੇ ਮੰਤਰੀ ਤੁਰਾ ਯੂ ਆਂਗ ਕੋ ਨੇ ਗੁਰੂ ਨਾਨਕ ਸਾਹਿਬ ਦੇ ਕਿਰਤ ਕਰੋ, ਨਾਮ ਜਪੋ ਤੇ ਵੰਡ ਕੇ ਛੱਕੋ ਦੇ ਉਪਦੇਸ਼ਾਂ ਬਾਰੇ ਚਰਚਾ ਕੀਤੀ।ਇਸ ਮੌਕੇ ਮਿਆਂਮਾਰ ਦੇ ਸਿੱਖਾਂ ਦੀ ਜਥੇਬੰਦੀ ਸਰਬ ਮਿਆਂਮਾਰ ਸਿੱਖ ਧਾਰਮਕ ਕੌਂਸਲ ਦੇ ਮੀਤ ਪ੍ਰਧਾਨ ਸ.ਧਿਆਨ ਸਿੰਘ ਨੇ ਹੜ੍ਹ ਪੀੜਤਾਂ ਤੇ ਬੋਧ ਗਇਆ ਮੰਦਰ ਲਈ 55-55 ਲੱਖ ਰੁਪਏ ਦੀ ਰਕਮ ਭੇਟ ਕੀਤੀ।

ਦਿੱਲੀ ਵਿਖੇ ‘ਸਪੋਕਸਮੈਨ’ ਨਾਲ ਗੱਲਬਾਤ ਕਰਦੇ ਹੋਏ ਇੰਡੋ ਮਿਆਂਮਾਰ ਸਿੱਖ ਸੁਸਾਇਟੀ ਦੇ ਕਨਵੀਨਰ ਸ.ਤੇਜਪਾਲ ਸਿੰਘ ਨੇ ਦਸਿਆ ਕਿ ਮਿਆਂਮਾਰ ਦੇ ਸਿੱਖ ਸਿੱਖੀ ਵਿਚ ਪ੍ਰਪੱਕ ਹੋਣ ਦੇ ਨਾਲ ਗੁਰਮੁਖੀ ਲਿਪੀ ਨਾਲ ਵੀ ਬਹੁਤ ਮੋਹ ਰੱਖਦੇ ਹਨ ਤੇ ਨਵੰਬਰ ਵਿਚ ਗੁਰੂ ਸਾਹਿਬ ਦੀ ਯਾਦ ਵਿਚ 550 ਸਿੱਖ ਖ਼ੂਨਦਾਨ ਕਰ ਕੇ ਗੁਰੂ ਸਾਹਿਬ ਦਾ ਮਨੁਖੱਤਾਵਾਦੀ ਸੁਨੇਹਾ ਦੇਣਗੇ।

ਮਿਆਂਮਾਰ ਦੇ ਸਿੱਖਾਂ ਵਲੋਂ ਹੜ੍ਹ ਪੀੜਤਾਂ ਲਈ 55 ਲੱਖ ਦੀ ਮਦਦ ਦੇਣ ਲਈ ਉਥੋਂ ਦੇ ਸਮਾਜ ਭਲਾਈ ਤੇ ਮੁੜ ਵਸੇਬਾ ਮੰਤਰੀ ਡਾ.ਵਿੰਨਮੇਟ ਏ ਨੇ ਸਿੱਖਾਂ ਦਾ ਉਚੇਚਾ ਧਨਵਾਦ ਕੀਤਾ। ਸਮਾਗਮ ਵਿਚ ਭਾਰਤੀ ਸਫ਼ੀਰ ਦੀ ਜੀਵਨ ਸਾਥਣ, ਅਫ਼ਸਰ ਸ.ਮਨਮੀਤ ਸਿੰਘ ਸਣੇ ਸਿੱਖ ਨੌਜਵਾਨ ਆਗੂ ਰਾਜੀਵ ਸਿੰਘ ਸਣੇ ਜੰਗਲਾਤ ਮੰਤਰੀ ਯੂ ਓਨ ਵਿੰਨ ਤੇ ਹੋਰ ਸਿੱਖ ਨੌਜਵਾਨ, ਬੱਚੇ ਤੇ ਬੀਬੀਆਂ ਸ਼ਾਮਲ ਹੋਏ। ਅਖ਼ੀਰ ਵਿਚ ਸਾਰਿਆਂ ਨੇ ਰਲ ਕੇ ਲੰਗਰ ਛਕਿਆ।