ਮੂਰਖਤਾ ਲਈ ਸਿਰਫ਼ ਇਕੋ ਜਗ੍ਹਾ ਹੈ ਅਤੇ ਉਸ ਨੂੰ ਕਾਂਗਰਸ ਕਹਿੰਦੇ ਹਨ : ਸ਼ਾਹ
ਭੀਮਾ-ਕੋਰੇਗਾਂਵ ਹਿੰਸਾ ਮਾਮਲੇ ਵਿਚ ਕਾਰਕੁਨਾਂ ਦੀ ਗ੍ਰਿਫ਼ਤਾਰੀ ਬਾਰੇ ਵਿਰੋਧੀ ਧਿਰ ਦੇ ਹਮਲਿਆਂ ਦੇ ਸੰਦਰਭ ਵਿਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਕਾਂਗਰਸ.........
ਨਵੀਂ ਦਿੱਲੀ : ਭੀਮਾ-ਕੋਰੇਗਾਂਵ ਹਿੰਸਾ ਮਾਮਲੇ ਵਿਚ ਕਾਰਕੁਨਾਂ ਦੀ ਗ੍ਰਿਫ਼ਤਾਰੀ ਬਾਰੇ ਵਿਰੋਧੀ ਧਿਰ ਦੇ ਹਮਲਿਆਂ ਦੇ ਸੰਦਰਭ ਵਿਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਕਾਂਗਰਸ ਦੇ ਰੁਖ਼ ਦਾ ਪਰਦਾਫ਼ਾਸ਼ ਹੋ ਗਿਆ ਹੈ ਅਤੇ ਮੂਰਖਤਾ ਲਈ ਸਿਰਫ਼ ਇਕ ਹੀ ਜਗ੍ਹਾ ਹੈ ਅਤੇ ਉਸ ਨੂੰ ਕਾਂਗਰਸ ਕਹਿੰਦੇ ਹਨ। ਅਮਿਤ ਸ਼ਾਹ ਨੇ ਟਵਿਟਰ 'ਤੇ ਕਿਹਾ, 'ਜਿਹੜੇ ਲੋਕ ਕੌਮੀ ਸੁਰੱਖਿਆ ਨਾਲ ਜੁੜੇ ਮੁੱਦਿਆਂ ਦੇ ਰਾਜਨੀਤੀਕਰਨ ਦੇ ਪੱਧਰ ਤਕ ਚਲੇ ਗਏ, ਉਨ੍ਹਾਂ ਦਾ ਸੁਪਰੀਮ ਕੋਰਟ ਦੇ ਫ਼ੈਸਲੇ ਨਾਲ ਪਰਦਾ ਫ਼ਾਸ਼ ਹੋ ਗਿਆ ਹੈ। ਸਮਾਂ ਆ ਗਿਆ ਹੈ ਕਿ ਕਾਂਗਰਸ ਸ਼ਹਿਰੀ ਨਕਸਲਵਾਦ ਜਿਹੇ ਅਹਿਮ ਮੁੱਦਿਆਂ 'ਤੇ ਅਪਣਾ ਰੁਖ਼ ਸਪੱਸ਼ਟ ਕਰੇ।'
ਅਮਿਤ ਸ਼ਾਹ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਟਵੀਟ ਦੇ ਸਹਾਰੇ ਹੀ ਉਨ੍ਹਾਂ 'ਤੇ ਪਲਟਵਾਰ ਕੀਤਾ। ਭਾਜਪਾ ਪ੍ਰਧਾਨ ਨੇ ਰਾਹੁਲ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਮੂਰਖਤਾ ਲਈ ਸਿਰਫ਼ ਇਕ ਹੀ ਜਗ੍ਹਾ ਹੈ ਅਤੇ ਉਸ ਨੂੰ ਕਾਂਗਰਸ ਕਹਿੰਦੇ ਹਨ। ਦਰਅਸਲ, ਨਕਸਲ ਮਾਮਲਿਆਂ ਵਿਚ ਪੰਜ ਕਾਰਕੁਨਾਂ ਨੂੰ ਨਜ਼ਰਬੰਦ ਕੀਤੇ ਜਾਣ ਬਾਰੇ ਰਾਹੁਲ ਨੇ ਟਵਿਟਰ 'ਤੇ ਵਿਅੰਗ ਕਸਿਆ ਸੀ ਕਿ ਭਾਰਤ ਵਿਚ ਸਿਰਫ਼ ਇਕ ਐਨਜੀਓ ਲਈ ਜਗ੍ਹਾ ਹੈ ਅਤੇ ਉਸ ਨੂੰ ਆਰਐਸਐਸ ਕਹਿੰਦੇ ਹਨ।
ਭਾਜਪਾ ਪ੍ਰਧਾਨ ਨੇ ਕਿਹਾ ਕਿ ਭਾਰਤ ਵਿਚ ਮਜ਼ਬੂਤ ਲੋਕਤੰਤਰ ਬਹਿਸ ਦੀ ਸਿਹਤਮੰਦ ਪਰੰਪਰਾ, ਚਰਚਾ ਅਤੇ ਅਸਹਿਮਤੀ ਪ੍ਰਗਟ ਕਰਨ ਦੇ ਕਾਰਨ ਹਨ ਹਾਲਾਂਕਿ ਦੇਸ਼ ਵਿਰੁਧ ਸਾਜ਼ਸ਼ ਕਰਨਾ ਅਤੇ ਅਪਣੇ ਨਾਗਰਿਕਾਂ ਨੂੰ ਨੁਕਸਾਨ ਪਹੁੰਚਾਉਣ ਦੀ ਭਾਵਨਾ ਇਸ ਵਿਚ ਸ਼ਾਮਲ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕਾਂ ਨੇ ਰਾਜਨੀਤੀਕਰਨ ਦੀ ਕੋਸ਼ਿਸ਼ ਕੀਤੀ, ਉਨ੍ਹਾਂ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ। (ਏਜੰਸੀ)