ਜਗਦੀਸ਼ ਟਾਈਟਲਰ ਅਤੇ ਪਤਨੀ ਵਿਰੁਧ ਜ਼ਮੀਨ 'ਤੇ ਨਾਜਾਇਜ਼ ਕਬਜ਼ੇ ਦੇ ਦੋਸ਼ ਹੇਠ ਐਫ਼.ਆਈ.ਆਰ. ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਪੁਲਿਸ ਦੇ ਅਡੀਸ਼ਨਲ ਕਮਿਸ਼ਨਰ ਓ.ਪੀ. ਮਿਸ਼ਰਾ ਨੇ ਟਾਈਟਲਰ ਅਤੇ ਉਸ ਦੀ ਪਤਨੀ ਜੈਨੀਫ਼ਰ ਟਾਈਟਲਰ ਵਿਰੁਧ ਐਫ਼.ਆਈ.ਆਰ. ਦਰਜ ਕਰਨ ਦੀ ਪੁਸ਼ਟੀ ਕੀਤੀ ਹੈ।

Jagdish Tytler

ਨਵੀਂ ਦਿੱਲੀ: ਦਿੱਲੀ ਪੁਲਿਸ ਦੀ ਆਰਥਕ ਅਪਰਾਧ ਸ਼ਾਖਾ ਨੇ ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਆਗੂ ਜਗਦੀਸ਼ ਟਾਈਟਲਰ ਅਤੇ ਉਸ ਦੀ ਪਤਨੀ ਵਿਰੁਧ ਧੋਖਾਧੜੀ ਅਤੇ ਜ਼ਮੀਨ ਉਤੇ ਗ਼ੈਰਕਾਨੂੰਨੀ ਰੂਪ 'ਚ ਕਬਜ਼ਾ ਕਰਨ ਦਾ ਪਰਚਾ ਦਰਜ ਕਰ ਲਿਆ ਹੈ। ਪੁਲਿਸ ਨੂੰ ਦਿਤੀ ਗਈ ਸ਼ਿਕਾਇਤ ਵਿਚ ਟਾਈਟਲਰ ਅਤੇ 10 ਹੋਰਾਂ 'ਤੇ ਕਰੋਲ ਬਾਗ਼ ਖੇਤਰ 'ਚ ਦੋ ਪਲਾਟਾਂ 'ਤੇ ਕਬਜ਼ਾ ਕਰਨ ਦਾ ਦੋਸ਼ ਲਾਇਆ ਗਿਆ ਹੈ।

ਦਿੱਲੀ ਪੁਲਿਸ ਦੇ ਅਡੀਸ਼ਨਲ ਕਮਿਸ਼ਨਰ ਓ.ਪੀ. ਮਿਸ਼ਰਾ ਨੇ ਟਾਈਟਲਰ ਅਤੇ ਉਸ ਦੀ ਪਤਨੀ ਜੈਨੀਫ਼ਰ ਟਾਈਟਲਰ ਵਿਰੁਧ ਐਫ਼.ਆਈ.ਆਰ. ਦਰਜ ਕਰਨ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਐਫ਼.ਆਈ.ਆਰ. 9 ਜੁਲਾਈ ਨੂੰ ਸ਼ਿਕਾਇਤ ਮਿਲੀ ਸੀ ਪਰ ਸ਼ਿਕਾਇਤ ਦੇ ਆਧਾਰ 'ਤੇ ਕੇਸ ਦਰਜ ਨਹੀਂ ਸੀ ਕੀਤਾ ਜਾ ਸਕਦਾ। ਦੂਜੇ ਪਾਸੇ ਪਤਾ ਲੱਗਾ ਹੈ ਕਿ ਪੁਲਿਸ ਦੀ ਅਪਰਾਧ ਸ਼ਾਖਾ ਨੇ ਪਟਿਆਲਾ ਹਾਊਸ ਕੋਰਟ ਦੀਆਂ ਹਦਾਇਤਾਂ 'ਤੇ ਐਫ਼.ਆਈ.ਆਰ. ਦਰਜ ਕੀਤੀ ਹੈ। ਵਿਜੈ ਸ਼ੇਖੜੀ ਨਾਂ ਦੇ ਸ਼ਿਕਾਇਤਕਰਤਾ ਨੇ ਕਿਹਾ ਹੈ ਕਿ ਪੁਲਿਸ ਕੋਲ ਹੋਰ ਵੀ ਕਾਫ਼ੀ ਸਾਰੀਆਂ ਸ਼ਿਕਾਇਤਾਂ ਆਈਆਂ ਹਨ।

ਐਫ਼.ਆਈ.ਆਰ. ਵਿਚ ਤਾਮਿਲਨਾਡੂ ਦੇ ਸੱਨ ਰੀਅਲ ਅਸਟੇਟ ਪ੍ਰਾ. ਲਿਮ., ਚੇਨਈ ਦੇ ਵੇਣੂ ਕਸਤੂਰਬਾ ਰਾਉ, ਵਿਜੈ ਭਾਸਕਰ, ਰਵਿੰਦਰਾ ਨਾਥ ਬਾਲਾ, ਕਰੋਲ ਬਾਗ਼ ਦੇ ਗੋਲਡਨ ਮੋਮੈਂਟਸ, ਰਾਕੇਸ਼ ਬਧਵਾਨ, ਸੰਜੇ ਗਰੋਵਰ ਅਤੇ ਹਰੀਸ਼ ਮਹਿਤਾ ਨੂੰ ਵੀ ਧਿਰ ਬਣਾਇਆ ਗਿਆ ਹੈ। ਇਹ ਕੇਸ 1992 ਦਾ ਹੈ ਜਦੋਂ ਟਾਈਟਲਰ ਅਤੇ ਵਿਜੈ ਸ਼ੇਖੜੀ ਨੇ ਹਿੱਸੇਦਾਰੀ 'ਚ ਕਰੋਲ ਬਾਗ਼ ਵਿਖੇ ਦੋ ਪਲਾਟ ਲਏ ਸਨ ਅਤੇ 2013 'ਚ ਇਨ੍ਹਾਂ ਨੂੰ ਵਪਾਰਕ ਵਰਤੋਂ 'ਚ ਬਦਲ ਲਿਆ ਗਿਆ। ਇਸ ਤੋਂ ਬਾਅਦ ਟਾਈਟਲਰ ਦੀ ਨੀਤ ਬਦਲ ਗਈ ਅਤੇ ਉਸ ਨੇ 90 ਕਰੋੜ ਦੀ ਇਸ ਜਾਇਦਾਦ 'ਤੇ ਕਬਜ਼ਾ ਕਰ ਲਿਆ। ਇਸ ਵੇਲੇ ਜਾਇਦਾਦ ਦੀ ਕੀਮਤ 270 ਕਰੋੜ ਦੱਸੀ ਜਾ ਰਹੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।