ਵਿਦੇਸ਼ੀਆਂ ਦੇ ਮੁਕਾਬਲੇ ਛੋਟਾ ਹੁੰਦਾ ਹੈ ਭਾਰਤੀਆਂ ਦਾ ਦਿਮਾਗ਼

ਏਜੰਸੀ

ਖ਼ਬਰਾਂ, ਰਾਸ਼ਟਰੀ

IIIT ਹੈਦਰਾਬਾਦ ਦੀ ਰਿਪੋਰਟ 'ਚ ਹੋਇਆ ਪ੍ਰਗਟਾਵਾ

Indian brain size is smaller : Research

ਹੈਦਰਾਬਾਦ : ਹਾਲ ਹੀ 'ਚ ਹੈਦਰਾਬਾਦ ਵਿਚ ਹੋਈ ਇਕ ਰਿਸਰਚ 'ਚ ਦਿਲਚਸਪ ਗੱਲ ਸਾਹਮਣੇ ਆਈ ਹੈ ਕਿ ਭਾਰਤੀ ਲੋਕਾਂ ਦੇ ਦਿਮਾਗ਼ ਦਾ ਆਕਾਰ ਪਛਮੀ ਅਤੇ ਪੂਰਬੀ ਦੇਸ਼ਾਂ ਦੇ ਲੋਕਾਂ ਦੇ ਮੁਕਾਬਲੇ ਛੋਟਾ ਹੁੰਦਾ ਹੈ। ਭਾਰਤੀਆਂ ਦਾ ਦਿਮਾਗ਼ ਲੰਬਾਈ, ਚੌੜਾਈ ਅਤੇ ਘੇਰੇ ਤਿੰਨਾਂ 'ਚ ਪੂਰਬੀ ਤੇ ਪਛਮੀ ਦੇਸ਼ਾਂ ਦੇ ਲੋਕਾਂ ਦੇ ਮੁਕਾਬਲੇ ਛੋਟਾ ਹੁੰਦਾ ਹੈ। ਇੰਟਰਨੈਸ਼ਨਲ ਇੰਸਟੀਚਿਊਟ ਆਫ਼ ਇਨਫ਼ਾਰਮੇਸ਼ਨ ਟੈਕਨੋਲਾਜੀ (ਹੈਦਰਾਬਾਦ) ਦੇ ਸ਼ੋਧਕਰਤਾਵਾਂ ਨੇ ਭਾਰਤੀ ਲੋਕਾਂ ਦੇ ਦਿਮਾਗ਼ 'ਤੇ ਇਹ ਬੇਹੱਦ ਦਿਲਚਸਪ ਖੋਜ ਕੀਤੀ ਹੈ।

ਇਸ ਖੋਜ ਦਿਮਾਗ਼ ਸਬੰਧੀ ਬੀਮਾਰੀਆਂ ਅਤੇ ਐਲਜ਼ਾਈਮਰ ਜਿਹੀ ਗੰਭੀਰ ਬੀਮਾਰੀਆਂ ਦਾ ਪਤਾ ਲਗਾਉਣ 'ਚ ਮਦਦ ਕਰੇਗੀ। ਸੈਂਟਰ ਫ਼ਾਰ ਵਿਜੁਅਲ ਇਨਫ਼ਾਰਮੇਸ਼ਨ ਟੈਕਨੋਲਾਜੀ ਦੇ ਇਸ ਪ੍ਰਾਜੈਕਟ 'ਤੇ ਜਯੰਤੀ ਸਿਵਾਸਵਾਮੀ ਨੇ ਵੀ ਕੰਮ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦਿਮਾਗ਼ ਨਾਲ ਸਬੰਧਤ ਬੀਮਾਰੀਆਂ ਦਾ ਪਤਾ ਲਗਾਉਣ ਲਈ ਅਮਾਂਟ੍ਰਿਅਲ ਨਿਊਰੋਲਾਜਿਕਲ ਇੰਸਟੀਚਿਊਟ (ਐਮ.ਐਨ.ਆਈ.) ਟੈਂਪਲੇਟ ਨੂੰ ਆਧਾਰ ਮੰਨਿਆ ਜਾਂਦਾ ਹੈ। ਇਹ ਟੈਂਪਲੇਟ ਕੋਕੇਸ਼ੀਅਨ ਦਿਮਾਗ਼ ਨੂੰ ਧਿਆਨ 'ਚ ਰੱਖ ਕੇ ਵਿਕਸਿਤ ਕੀਤਾ ਗਿਆ ਹੈ। ਭਾਰਤੀ ਲੋਕਾਂ ਦੇ ਦਿਮਾਗ਼ ਦੀ ਬਨਾਵਟ ਨੂੰ ਸਮਝਣ ਲਈ ਇਸ ਨੂੰ ਆਦਰਸ਼ ਪੈਟਰਨ ਨਹੀਂ ਮੰਨਿਆ ਜਾ ਸਕਦਾ।

ਜਯੰਤੀ ਸਿਵਾਸਵਾਮੀ ਨੇ ਕਿਹਾ, "ਭਾਰਤੀਆਂ ਦੇ ਦਿਮਾਗ਼ ਦਾ ਸਾਈਜ਼ ਐਮ.ਐਨ.ਆਈ. ਦੇ ਡਿਜ਼ਾਈਨ ਤੋਂ ਛੋਟਾ ਹੈ। ਕਈ ਵਾਰ ਸਕੈਨ ਕਰਨ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ। ਐਮ.ਐਨ.ਆਈ. ਪੈਟਰਨ ਦੇ ਆਧਾਰ 'ਤੇ ਭਾਰਤੀਆਂ ਦੇ ਦਿਮਾਗ਼ ਦੀ ਜਾਂਚ ਕਰਨਾ ਮਿਸਡਾਇਗਨਾਈਜ਼ ਹੋਵੇਗਾ।" ਜਯੰਤੀ ਮੁਤਾਬਕ ਚੀਨੀ ਅਤੇ ਕੋਰੀਆਈ ਦਿਮਾਗ਼ ਦੇ ਟੈਂਪਲੇਟਸ ਵੀ ਬਣ ਚੁੱਕੇ ਹਨ ਪਰ ਭਾਰਤੀਆਂ ਲਈ ਇਨ੍ਹਾਂ 'ਚੋਂ ਕਿਸੇ ਵੀ ਟੈਂਪਲੇਟ ਨੂੰ ਫਿਟ ਨਹੀਂ ਮੰਨਿਆ ਜਾ ਸਕਦਾ। ਹੈਦਰਾਬਾਦ ਆਈ.ਆਈ.ਆਈ.ਟੀ ਨੇ ਇਸ ਤਰ੍ਹਾਂ ਦਾ ਪਹਿਲਾ ਡਿਜ਼ਾਈਨ ਤਿਆਰ ਕੀਤਾ ਹੈ। ਦਿਮਾਗ਼ ਦਾ ਐਟਲਸ ਤਿਆਰ ਕਰਨ ਲਈ 50 ਔਰਤਾਂ ਅਤੇ 50 ਮਰਦਾਂ ਦਾ ਐਮ.ਆਰ.ਆਈ. ਕੀਤਾ ਗਿਆ।

ਦਿਮਾਗ਼ ਦਾ ਆਕਾਰ :
ਭਾਰਤੀ ਲੋਕਾਂ ਦੇ ਦਿਮਾਗ਼ ਦੀ ਔਸਤ ਲੰਮਾਈ 160 ਮਿਮੀ, ਚੌੜਾਈ 130 ਮਿਮੀ ਅਤੇ ਉੱਚਾਈ 88 ਮਿਮੀ।
ਚੀਨੀ ਲੋਕਾਂ ਦੇ ਦਿਮਾਗ਼ ਦੀ ਔਸਤ ਲੰਮਾਈ 175 ਮਿਮੀ, ਚੌੜਾਈ 145 ਮਿਮੀ ਅਤੇ ਉੱਚਾਈ 100 ਮਿਮੀ।
ਕੋਰੀਅਨ ਲੋਕਾਂ ਦੇ ਦਿਮਾਗ਼ ਦੀ ਔਸਤ ਲੰਮਾਈ 160 ਮਿਮੀ, ਚੌੜਾਈ 136 ਮਿਮੀ ਅਤੇ ਉੱਚਾਈ 92 ਮਿਮੀ।