ਹੈਦਰਾਬਾਦ : ਦੁਨੀਆ ਭਰ ਦੇ ਬੱਚਿਆਂ 'ਚ ਮਸ਼ਹੂਰ ਆਨਲਾਈਨ ਗੇਮ ‘ਪਬਜੀ’ (ਪਲੇਅਰਅਨਨੋਂਸ ਬੈਟਲਗਰਾਉਂਡਸ) ਦੇ ਕਈ ਖ਼ਤਰਨਾਕ ਨਤੀਜੇ ਸਾਹਮਣੇ ਆ ਰਹੇ ਹਨ। ਇਸ ਨੇ ਇਕ ਨਸ਼ੇ ਜਾਂ ਲਤ ਦਾ ਰੂਪ ਲੈ ਲਿਆ ਹੈ। ਜੋ ਵੀ ਇਕ ਵਾਰ ਇਸ ਦੀ ਗ੍ਰਿਫ਼ਤ ਵਿਚ ਆ ਰਿਹਾ ਹੈ, ਉਸ ਦਾ ਇਸ ਤੋਂ ਨਿਕਲਣਾ ਮੁਸ਼ਕਲ ਹੋ ਰਿਹਾ ਹੈ। ਭਾਰਤ 'ਚ ਪਬਜੀ ਦੇ ਚੱਕਰ 'ਚ ਕਿੰਨੇ ਹੀ ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ ਕਈ ਬੱਚੇ ਆਪਣੇ ਹੀ ਘਰਾਂ 'ਚ ਚੋਰੀਆਂ ਕਰ ਚੁੱਕੇ ਹਨ। ਪਬਜੀ ਦੀ ਭੈੜੀ ਆਦਤ ਕਾਰਨ ਕਈਆਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਉਣਾ ਪਿਆ ਹੈ। ਨਵਾਂ ਮਾਮਲਾ ਤੇਲੰਗਾਨਾ ਦੇ ਹੈਦਰਾਬਾਦ 'ਚ ਸਾਹਮਣੇ ਆਇਆ ਹੈ, ਜਿਥੇ ਲਗਾਤਾਰ ਪਬਜੀ ਗੇਮ ਖੇਡਣ ਕਾਰਨ 19 ਸਾਲਾ ਨੌਜਵਾਨ ਦੇ ਦਿਮਾਗ਼ 'ਚ ਖੂਨ ਦੇ ਥੱਕੇ ਜਮ ਗਏ।
ਮਾਮਲਾ ਤੇਲੰਗਾਨਾ ਦੇ ਵਨਪਾਰਥੀ ਜ਼ਿਲ੍ਹੇ ਦਾ ਹੈ। ਦਿਨ-ਰਾਤ ਪਬਜੀ ਗੇਮ ਖੇਡਣ ਕਾਰਨ 19 ਸਾਲਾ ਨੌਜਵਾਨ ਦੇ ਦਿਮਾਗ਼ 'ਚ ਖ਼ੂਨ ਦੇ ਥੱਕੇ ਜਮ ਗਏ ਅਤੇ ਹਾਲਤ ਵਿਗੜਨ 'ਤੇ ਉਸ ਨੂੰ ਸਿਟੀ ਹਸਪਤਾਲ ਦੇ ਆਈਸੀਯੂ 'ਚ ਦਾਖ਼ਲ ਕਰਵਾਇਆ ਗਿਆ। ਬੀਮਾਰ ਪਿਆ ਵਿਦਿਆਰਥੀ ਬੀਐਸਸੀ ਸੈਕਿੰਡ ਈਯਰ ਦੀ ਪੜ੍ਹਾਈ ਕਰਦਾ ਹੈ। ਡਾਕਟਰਾਂ ਮੁਤਾਬਕ ਉਸ ਦਾ ਖਾਣ-ਪੀਣ ਖ਼ਰਾਬ ਹੋ ਗਿਆ ਹੈ ਅਤੇ ਇਸੇ ਕਾਰਨ ਅਚਾਨਕ ਤੋਂ ਉਸ ਦਾ ਵਜ਼ਨ ਘੱਟ ਹੋਣਾ ਸ਼ੁਰੂ ਹੋ ਗਿਆ ਸੀ। ਉਹ ਰੋਜ਼ਾਨਾ 6-7 ਘੰਟੇ ਪਬਜੀ ਖੇਡਦਾ ਸੀ।
ਬੀਤੀ 26 ਅਗਸਤ ਨੂੰ ਉਸ ਦੇ ਸੱਜੇ ਹੱਥ ਅਤੇ ਪੈਰ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਪਤਾ ਲੱਗਿਆ ਕਿ ਲਗਾਤਾਰ ਪਬਜੀ ਖੇਡਣ ਅਤੇ ਖ਼ਰਾਬ ਖਾਣ-ਪੀਣ ਕਾਰਨ ਉਹ ਡਿਹਾਈਡ੍ਰੇਸ਼ਨ ਦਾ ਸ਼ਿਕਾਰ ਸੀ। ਡਾਕਟਰਾਂ ਨੇ ਇਹ ਵੀ ਦੱਸਿਆ ਇਕ ਪਬਜੀ 'ਚ ਕੰਪੀਟਿਸ਼ਨ ਕਾਰਨ ਉਹ ਮਾਨਸਕ ਤਣਾਅ ਨਾਲ ਵੀ ਜੂਝ ਰਿਹਾ ਸੀ।
ਉਸ ਦਾ ਇਲਾਜ ਕਰ ਰਹੇ ਡਾਕਟਰ ਕੇ. ਵਿਨੋਦ ਕੁਮਾਰ ਨੇ ਦੱਸਿਆ ਕਿ ਜਦੋਂ ਉਸ ਨੂੰ ਹਸਪਤਾਲ ਲਿਆਇਆ ਗਿਆ ਸੀ ਤਾਂ ਉਹ ਪੂਰੀ ਤਰ੍ਹਾਂ ਹੋਸ਼ 'ਚ ਨਹੀਂ ਸੀ ਅਤੇ ਕੁਝ ਪੁੱਛਣ 'ਤੇ ਜਵਾਬ ਵੀ ਨਹੀਂ ਦੇ ਪਾ ਰਿਹਾ ਸੀ। ਪੀੜਤ ਨੌਜਵਾਨ ਦੀ ਮਾਂ ਨੇ ਦੱਸਿਆ ਕਿ ਉਹ ਰੋਜ਼ਾਨਾ ਰਾਤ 9 ਵਜੇ ਤੋਂ ਸਵੇਰੇ 3-4 ਵਜੇ ਤਕ ਮੋਬਾਈਲ 'ਤੇ ਗੇਮ ਖੇਡਦਾ ਰਹਿੰਦਾ ਸੀ। ਦਿਨ 'ਚ ਕਾਲਜ ਸਮੇਂ ਵੀ ਜਦੋਂ ਉਸ ਨੂੰ ਮੌਕਾ ਮਿਲਦਾ ਸੀ ਤਾਂ ਉਹ ਗੇਮ ਖੇਡਦਾ ਸੀ। ਛੁੱਟੀ ਵਾਲੇ ਦਿਨ ਉਹ ਪੂਰਾ ਦਿਨ ਗੇਮ ਖੇਡਦਾ ਰਹਿੰਦਾ ਸੀ।