ਇਸ ਸ਼ਖਸ ਨੇ ਰੋਕਿਆ ਸੀ ਵੱਡਾ ਟ੍ਰੇਨ ਹਾਦਸਾ, ਹੁਣ ਮਿਲੀ ਸਰਕਾਰੀ ਨੌਕਰੀ
ਜਿਵੇਂ ਹੀ ਟ੍ਰੇਨ ਦੇ ਡਰਾਈਵਰ ਨੇ ਸਵਪਨ ਦਾ ਇਸ਼ਾਰਾ ਸਮਝਿਆ ਉਸ ਨੇ ਤੁਰਤ ਐਮਰਜੇਂਸੀ ਬ੍ਰੇਕ ਲਗਾ ਦਿਤੀ। ਇਸ ਨਾਲ ਟ੍ਰੇਨ ਵਿਚ ਸਵਾਰ ਹਜ਼ਾਰਾਂ ਲੋਕਾਂ ਦੀ ਜਾਨ ਬਚ ਗਈ।
ਤ੍ਰਿਪੁਰਾ , ( ਪੀਟੀਆਈ ) : ਅਪਣੀ ਜਾਨ ਖ਼ਤਰੇ ਵਿਚ ਪਾ ਕੇ ਤੇਜ ਰਫ਼ਤਾਰ ਨਾਲ ਆ ਰਹੀ ਗੱਡੀ ਨੂੰ ਰੁਕਵਾ ਕੇ ਹਜ਼ਾਰਾਂ ਲੋਕਾਂ ਦੀ ਜਾਨ ਬਚਾਉਣ ਵਾਲੇ ਦੇਬਵਰਮਾ ਨੂੰ ਤ੍ਰਿਪੁਰਾ ਸਰਕਾਰ ਨੇ ਸਰਕਾਰੀ ਨੌਕਰੀ ਦੇਣ ਦਾ ਫੈਸਲਾ ਕੀਤਾ ਹੈ। 45 ਸਾਲ ਦੇ ਦੇਬਵਰਮਾ ਨੇ ਇਸੇ ਸਾਲ ਜੂਨ ਮਹੀਨੇ ਵਿਚ ਅਗਰਤਲਾ ਤੋਂ 83 ਕਿਲੋਮੀਟਰ ਦੂਰ, ਢਲਾਈ ਜਿਲ੍ਹੇ ਦੇ ਧੰਚੇਰਾ ਵਿਖੇ ਇਕ ਤੇਜ ਰਫਤਾਰ ਨਾਲ ਆ ਰਹੀ ਰੇਲਗੱਡੀ ਦੇ ਡਰਾਈਵਰ ਨੂੰ ਇਸ ਖ਼ਤਰੇ ਪ੍ਰਤੀ ਸਚੇਤ ਕੀਤਾ ਸੀ। ਡਰਾਈਵਰ ਨੇ ਦੇਖਿਆ ਕਿ ਕੋਈ ਸ਼ਖਸ ਅਪਣੀ ਕਮੀਜ਼ ਨੂੰ ਲਹਿਰਾ ਰਿਹਾ ਹੈ।
ਉਸ ਵੇਲੇ ਉਸ ਦੇ ਨਾਲ ਉਸ ਦੀ ਛੋਟੀ ਬੇਟੀ ਵੀ ਸੀ। ਬਾਅਦ ਵਿਚ ਰੇਲਗੱਡੀ ਦੇ ਡਰਾਈਵਰ ਨੇ ਦੇਖਿਆ ਕਿ ਉਹ ਜ਼ੋਰ-ਜ਼ੋਰ ਨਾਲ ਕਮੀਜ਼ ਹਿਲਾ ਕੇ ਕੁਝ ਸੁਨੇਹਾ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ। ਕੁਝ ਦਿਨਾਂ ਤੱਕ ਬਹੁਤ ਤੇਜ ਮੀਂਹ ਪੈਣ ਨਾਲ ਰੇਲਵੇ ਦੀਆਂ ਪਟੜੀਆਂ ਦੇ ਹੇਠਾਂ ਮਿੱਟੀ ਅਤੇ ਪੱਥਰ ਹੱਟ ਗਏ ਸੀ। ਜਿਸ ਕਾਰਨ ਜੇਕਰ ਟ੍ਰੇਨ ਉਸ ਟ੍ਰੈਕ ਤੋਂ ਲੰਘਦੀ ਤਾਂ ਇਕ ਵੱਡਾ ਹਾਦਸਾ ਹੋ ਸਕਦਾ ਸੀ। ਇਸ ਨਾਲ ਲੋਕਾਂ ਦੀ ਜਾਨ ਵੀ ਜਾ ਸਕਦੀ ਸੀ। ਪਰ ਸਵਪਨ ਦੇਬਵਰਮਾ ਦੀ ਸਮਝਦਾਰੀ ਨਾਲ ਇਹ ਹਾਦਸਾ ਟਲ ਗਿਆ ਸੀ।
ਜਿਵੇਂ ਹੀ ਟ੍ਰੇਨ ਦੇ ਡਰਾਈਵਰ ਨੇ ਸਵਪਨ ਦਾ ਇਸ਼ਾਰਾ ਸਮਝਿਆ ਉਸ ਨੇ ਤੁਰਤ ਐਮਰਜੇਂਸੀ ਬ੍ਰੇਕ ਲਗਾ ਦਿਤੀ। ਇਸ ਨਾਲ ਟ੍ਰੇਨ ਵਿਚ ਸਵਾਰ ਹਜ਼ਾਰਾਂ ਲੋਕਾਂ ਦੀ ਜਾਨ ਬਚ ਗਈ। ਤ੍ਰਿਪੁਰਾ ਦੇ ਕਾਨੂੰਨ ਮੰਤਰੀ ਰਤਨ ਨਾਲ ਨਾਥ ਨੇ ਰਾਜ ਕੈਬਿਨੇਟ ਦੀ ਇਕ ਬੈਠਕ ਦੌਰਾਨ ਦੱਸਿਆ ਕਿ ਸਵਪਨ ਨੂੰ ਉਸ ਦੀ ਬਹਾਦਰੀ ਲਈ ਸਰਕਾਰੀ ਨੌਕਰੀ ਦੇਣ ਦਾ ਫੈਸਲਾ ਲਿਆ ਗਿਆ ਹੈ। ਖ਼ਬਰਾਂ ਮੁਤਾਬਕ ਸਵਪਨ ਨੂੰ ਯੁਵਾ ਮਾਮਲੇ ਅਤੇ ਖੇਡ ਵਿਭਾਗ ਵਿਚ ਨੌਕਰੀ ਦਿਤੀ ਜਾਵੇਗੀ। ਉਥੇ ਉਹ ਗਰੁੱਪ-ਡੀ ਦੇ ਕਰਮਚਾਰੀ ਹੋਣਗੇ।
ਉਥੇ ਹੀ ਤ੍ਰਿਪੁਰਾ ਸਰਕਾਰ ਨੇ ਉਨ੍ਹਾਂ ਦੀ ਬੇਟੀ ਦੀ ਪੜ੍ਹਾਈ-ਲਿਖਾਈ ਦੇ ਖਰਚ ਦੀ ਜਿੰਮ੍ਹੇਂਵਾਰੀ ਵੀ ਲਈ ਹੈ। ਸਵਪਨ ਬਾਰੇ ਜਾਣਨ ਤੋਂ ਬਾਅਦ ਸਿਹਤ ਮੰਤਰੀ ਸੁਦੀਪ ਰਾਏ ਬਰਮਨ ਨੇ ਉਨ੍ਹਾਂ ਨੂੰ ਨਾਸ਼ਤੇ ਲਈ ਸੱਦਾ ਦਿਤਾ ਸੀ। ਸਵਪਨ ਅਤੇ ਉਸ ਦਾ ਪਰਵਾਰ ਛੋਟੀ ਜਿਹੀ ਪਹਾੜੀ 'ਤੇ ਰਹਿੰਦਾ ਹੈ ਅਤੇ ਲਕੜੀ ਜਾਂ ਬਾਂਸ ਵੇਚ ਕੇ ਅਪਣਾ ਗੁਜ਼ਾਰਾ ਕਰਦਾ ਹੈ। ਉਹ ਰੇਲਵੇ ਦੀਆਂ ਪਟੜੀਆਂ ਦੀ ਦੇਖਭਾਲ ਵੀ ਕਰਦਾ ਹੈ। ਰਾਸ਼ਟਰਪਤੀ ਵੱਲੋਂ ਬਹਾਦਰੀ ਲਈ ਦਿਤੇ ਜਾਣ ਵਾਲੇ ਵੀਰਤਾ ਅਵਾਰਡ ਲਈ ਵੀ ਉਸ ਦੇ ਨਾਮ ਦੀ ਸਿਫਾਰਸ਼ ਕੀਤੀ ਗਈ ਹੈ।