ਮ੍ਰਿਤਕਾਂ ਦੇ ਪਰਿਵਾਰਾਂ ਨੂੰ ਸਰਕਾਰੀ ਨੌਕਰੀ ਅਤੇ ਇੱਕ-ਇੱਕ ਕਰੋੜਾਂ ਦਾ ਮੁਆਵਜ਼ਾ ਦਿੱਤਾ ਜਾਵੇ- ਆਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਅੰਮ੍ਰਿਤਸਰ ਦੇ ਅਦਲੀਵਾਲ ਪਿੰਡ ‘ਚ ਹੋਏ ਗਰਨੇਡ ਹਮਲੇ ਨੂੰ ਕਾਇਰਤਾ ਭਰੀ ਅੱਤਵਾਦੀ ...

Aap

ਚੰਡੀਗੜ੍ਹ (ਸ.ਸ.ਸ) : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਅੰਮ੍ਰਿਤਸਰ ਦੇ ਅਦਲੀਵਾਲ ਪਿੰਡ ‘ਚ ਹੋਏ ਗਰਨੇਡ ਹਮਲੇ ਨੂੰ ਕਾਇਰਤਾ ਭਰੀ ਅੱਤਵਾਦੀ ਵਾਰਦਾਤ ਕਰਾਰ ਦਿੰਦੇ ਹੋਏ, ਇਸ ਦੀ ਜ਼ੋਰਦਾਰ ਨਿੰਦਾ ਅਤੇ ਪੀੜਤ ਪਰਿਵਾਰਾਂ ਨਾਲ ਸੰਵੇਦਨਾ ਜਤਾਈ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਸਰਕਾਰੀ ਨੌਕਰੀ ਅਤੇ ਇੱਕ-ਇੱਕ ਕਰੋੜ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ। ਅੱਜ ਇੱਥੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਅਤੇ ਪਾਰਟੀ ਸਪੋਕਸਮੈਨ ਅਤੇ ਵਿਧਾਇਕ ਮੀਤ ਹੇਅਰ ਨੇ ਇਸ ਘਟਨਾ ਲਈ ਸੂਬੇ ਦੀ ਬਦ ਤੋਂ ਬਦਤਰ ਹੋਈ ਕਾਨੂੰਨ ਵਿਵਸਥਾ ਅਤੇ ਸਾਰੀਆਂ ਖ਼ੁਫ਼ੀਆ ਏਜੰਸੀਆਂ ਦੀ ਨਾਕਾਮੀ ਨੂੰ ਜ਼ਿੰਮੇਵਾਰ ਦੱਸਿਆ।

ਅਮਨ ਅਰੋੜਾ ਨੇ ਕਿਹਾ ਕਿ ਪਿਛਲੇ ਕੁੱਝ ਦਿਨਾਂ ਤੋਂ ਅੱਤਵਾਦੀ ਗਤੀਵਿਧੀਆਂ ਦੇ ਮੱਦੇਨਜ਼ਰ ‘ਹਾਈ ਅਲਰਟ’ ਵੀ ਕੀਤਾ ਹੋਇਆ ਸੀ, ਭਾਰਤੀ ਸੈਨਾ ਮੁਖੀ ਵੀ ਅੱਤਵਾਦੀ ਹਮਲੇ ਬਾਰੇ ਖ਼ਦਸ਼ੇ ਜਨਤਕ ਤੌਰ ‘ਤੇ ਜ਼ਾਹਿਰ ਕਰ ਚੁੱਕੇ ਸਨ। ਇੰਨੇ ਸਾਰੇ ਸੰਕੇਤ ਮਿਲਣ ‘ਤੇ ਵੀ ਦੇਸ਼ ਅਤੇ ਸਮਾਜ ਵਿਰੋਧੀ ਤੱਤ-ਤਾਕਤਾਂ ਦਿਨ ਦਿਹਾੜੇ ਅਜਿਹੀ ਘਿਨੌਣੀ ਘਟਨਾ ਨੂੰ ਅੰਜਾਮ ਦੇ ਗਈਆਂ। ਅਮਨ ਅਰੋੜਾ ਨੇ ਕਿਹਾ ਕਿ ਜਦ ਸਰਕਾਰਾਂ ਸੁੱਤੀਆਂ ਪਈਆਂ ਹੋਣ ਅਤੇ ਦੇਸ਼-ਵਿਦੇਸ਼ਾਂ ‘ਚ ਬੈਠੇ ਦੇਸ਼ ਅਤੇ ਸਮਾਜ ਵਿਰੋਧੀ ਤੱਤਾਂ ‘ਤੇ ਪੈਨੀ ਨਜ਼ਰ ਰੱਖਣ ਵਾਲੀਆਂ ਜ਼ਿੰਮੇਵਾਰ ਸਰਕਾਰੀ ਏਜੰਸੀਆਂ ਅਤੇ ਪੁਲਸ ਪ੍ਰਸ਼ਾਸਨ ਨਕਾਰਾ ਹੋ ਚੁੱਕੇ ਹੋਣ ਤਾਂ ਅਜਿਹੀ ਘਟਨਾਵਾਂ ਦਾ ਘਟਨਾ ਸੁਭਾਵਿਕ ਹੈ, ਜੋ ਡੂੰਘੀ ਚਿੰਤਾ ਦਾ ਵਿਸ਼ਾ ਹੈ।

ਸਰਕਾਰਾਂ ਅਤੇ ਖ਼ੁਫ਼ੀਆ ਤੰਤਰ ਦੇ ਨਿਕੰਮੇਪਣ ਅਤੇ ਸੰਵੇਦਨਸ਼ੀਲ ਮੁੱਦਿਆਂ ‘ਤੇ ਵੋਟਾਂ ਦੀ ਸੌੜੀ ਸਿਆਸਤ ਕਾਰਨ ਦੇਸ਼ ਵਿਰੋਧੀ ਅੱਤਵਾਦੀ ਅਤੇ ਵੱਖਵਾਦੀ ਤਾਕਤਾਂ ਨੂੰ ਸ਼ਹਿ ਮਿਲਦੀ ਹੈ। ਇਸ ਲਈ ਹਰੇਕ ਪਾਰਟੀ ਅਤੇ ਵਿਆਕਤੀ ਵਿਸ਼ੇਸ਼ ਅਜਿਹੇ ਸੰਵੇਦਨਸ਼ੀਲ ਹਾਲਾਤ ‘ਤੇ ਸਿਆਸਤ ਨਹੀਂ ਕਰਨੀ ਚਾਹੀਦੀ। ਇੱਕ ਸਵਾਲ ਦੇ ਜਵਾਬ ‘ਚ ‘ਆਪ’ ਦੇ ਸੀਨੀਅਰ ਆਗੂ ਅਤੇ ਉੱਘੇ ਵਕੀਲ ਹਰਵਿੰਦਰ ਸਿੰਘ ਫੂਲਕਾ ਵੱਲੋਂ ਦਿੱਤੇ ਬਿਆਨ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਅਮਨ ਅਰੋੜਾ ਨੇ ਕਿਹਾ ‘‘ਵੈਸੇ ਤਾਂ ਫੂਲਕਾ ਸਾਹਿਬ ਨੇ ਆਪਣੇ ਬਿਆਨ ‘ਤੇ ਖੇਦ ਪ੍ਰਗਟ ਕਰਦੇ ਹੋਏ ਬਿਆਨ ਵਾਪਸ ਲੈ ਲਿਆ ਹੈ। ਨਾਲ ਹੀ ਸਪਸ਼ਟ ਕੀਤਾ ਹੈ ਕਿ ਉਨ੍ਹਾਂ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ।

ਉਨ੍ਹਾਂ ਸਪਸ਼ਟ ਕੀਤਾ ਕਿ ਆਮ ਆਦਮੀ ਪਾਰਟੀ ਕਿਸੇ ਵੀ ਵਿਆਕਤੀ ਵਿਸ਼ੇਸ਼ ਜਾਂ ਪਾਰਟੀ ਵੱਲੋਂ ਜਾਣੇ-ਅਨਜਾਣੇ ਦਿੱਤੇ ਜਾਣ ਵਾਲੇ ਇਸ ਤਰਾਂ ਦੇ ਗੈਰ ਜ਼ਰੂਰੀ ਬਿਆਨਾਂ ਦਾ ਸਮਰਥਨ ਨਹੀਂ ਕਰਦੀ। ‘ਆਪ’ ਆਗੂਆਂ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਜਿਹੇ ਮੰਦਭਾਗੇ ਅਤੇ ਸੰਵੇਦਨਸ਼ੀਲ ਮੁੱਦਿਆਂ ਉੱਤੇ ਸਿਆਸੀ ਰੋਟੀਆਂ ਸੇਕਣ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ। ਕਾਂਗਰਸੀ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਵੱਲੋਂ ਐਚ.ਐਸ. ਫੂਲਕਾ ਉੱਤੇ ਦੇਸ਼ ਧ੍ਰੋਹ ਦਾ ਮਾਮਲਾ ਦਰਜ਼ ਕਰਵਾਏ ਜਾਣ ਨੂੰ ਗੈਰ ਜ਼ਰੂਰੀ ਦੱਸਦਿਆਂ ਅਮਨ ਅਰੋੜਾ ਨੇ ਕਿਹਾ ਕਿ ਇਹ ਲੋਕ ਸਿਰਫ਼ ਅਤੇ ਸਿਰਫ਼ ਸਿਆਸੀ ਰੋਟੀਆਂ ਸੇਕਣ ਤੱਕ ਸੀਮਿਤ ਹਨ।

ਆਪਣੀ ਸਰਕਾਰ ਦੀ ਬਦਤਰ ਕਾਨੂੰਨ ਵਿਵਸਥਾ ਨੂੰ ਛੁਪਾਉਣ ਲਈ ਅਜਿਹੇ ਡਰਾਮੇ ਕਰ ਰਹੇ ਹਨ ਅਤੇ ਉਸ ਬਿਆਨ ਨੂੰ ਉਛਾਲ ਰਹੇ ਹਨ, ਜਿਸ ਤੇ ਫੂਲਕਾ ਸਾਹਿਬ ਖ਼ੁਦ ਖੇਦ ਜਤਾ ਚੁੱਕੇ ਹਨ। ਇਸ ਮੌਕੇ ਯੂਥ ਵਿੰਗ ਦੇ ਸੂਬਾ ਪ੍ਰਧਾਨ ਮਨਜਿੰਦਰ ਸਿੰਘ ਸਿੱਧੂ, ਜ਼ੋਨ ਪ੍ਰਧਾਨ ਮਾਲਵਾ-3 ਦਲਬੀਰ ਸਿੰਘ ਢਿੱਲੋਂ, ਲੀਗਲ ਸੈਲ ਦੇ ਪ੍ਰਧਾਨ ਐਡਵੋਕੇਟ ਜਸਤੇਜ ਸਿੰਘ ਅਰੋੜਾ, ਪਾਰਟੀ ਦੇ ਬੁਲਾਰੇ ਸਤਵੀਰ ਵਾਲੀਆਂ ਅਤੇ ਸਟੇਟ ਮੀਡੀਆ ਇੰਚਾਰਜ ਮਨਜੀਤ ਸਿੰਘ ਸਿੱਧੂ ਮੌਜੂਦ ਸਨ।