ਊਧਵ ਠਾਕਰੇ ਬਣੇ ਮਹਾਰਾਸ਼ਟਰ ਦੇ ਮੁੱਖ ਮੰਤਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੰਜ ਮੰਤਰੀਆਂ ਨੇ ਅਹੁਦੇ ਦੀ ਸਹੁੰ ਚੁਕੀ, ਮੰਤਰੀ ਮੰਡਲ ਦੀ ਪਲੇਠੀ ਮੀਟਿੰਗ ਦੇਰ ਰਾਤ ਸੱਦੀ

Uddhav Thackeray

ਮੁੰਬਈ  : ਪੰਜ ਹਫ਼ਤਿਆਂ ਤੋਂ ਚੱਲ ਰਹੇ ਸਿਆਸੀ ਉਥਲ-ਪੁਥਲ ਵਾਲੇ ਰੇੜਕੇ ਦੇ ਖ਼ਤਮ ਹੋ ਜਾਣ ਮਗਰੋਂ ਆਖ਼ਰਕਾਰ, ਸ਼ਿਵ ਸੈਨਾ ਮੁਖੀ ਊਧਵ ਠਾਕਰੇ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ। ਉਹ ਬਾਲਾ ਸਾਹਿਬ ਠਾਕਰੇ ਪਰਵਾਰ ਦੇ ਪਹਿਲੇ ਜੀਅ ਹਨ ਜਿਸ ਨੇ ਮੁੱਖ ਮੰਤਰੀ ਵਜੋਂ ਸੂਬੇ ਦੀ ਕਮਾਨ ਸੰਭਾਲੀ ਹੈ। ਮੁੰਬਈ ਦੇ ਸ਼ਿਵਾ ਜੀ ਪਾਰਕ ਵਿਚ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਉਨ੍ਹਾਂ ਨੂੰ ਅਹੁਦੇ ਅਤੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ।

ਊਧਵ ਸੂਬੇ ਵਿਚ ਸ਼ਿਵ ਸੈਨਾ, ਰਾਸ਼ਟਰਵਾਦੀ ਕਾਂਗਰਸ ਪਾਰਟੀ ਅਤੇ ਕਾਂਗਰਸ ਦੇ ਗਠਜੋੜ 'ਮਹਾਰਾਸ਼ਟਰ ਵਿਕਾਸ ਅਘਾੜੀ' ਦੀ ਸਰਕਾਰ ਦੀ ਅਗਵਾਈ ਕਰਨਗੇ। ਉਨ੍ਹਾਂ ਨਾਲ ਹੀ ਸ਼ਿਵ ਸੈਨਾ, ਕਾਂਗਰਸ ਅਤੇ ਐਨਸੀਪੀ ਦੇ ਦੋ-ਦੋ ਆਗੂਆਂ ਨੇ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਸਹੁੰ-ਚੁੱਕ ਸਮਾਗਮ ਵਿਚ ਤਿੰਨਾਂ ਪਾਰਟੀਆਂ ਦੇ ਆਗੂ ਅਤੇ ਹਜ਼ਾਰਾਂ ਕਾਰਕੁਨ ਮੌਜੂਦ ਸਨ। ਸ਼ਿਵ ਸੈਨਾ ਦੇ ਏਕਨਾਥ ਸ਼ਿੰਦੇ ਅਤੇ ਸੁਭਾਸ਼ ਦੇਸਾਈ ਨੇ ਵੀ ਸਹੁੰ ਚੁੱਕੀ। ਸ਼ਿੰਦੇ ਅਤੇ ਦੇਸਾਈ ਦੋਵੇਂ ਪਾਰਟੀ ਦੇ ਸੀਨੀਅਰ ਆਗੂ ਹਨ।

ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਕੋਟੇ ਤੋਂ ਪਾਰਟੀ ਦੇ ਦੋ ਸੀਨੀਅਰ ਆਗੂਆਂ ਜਯੰਤ ਪਾਟਿਲ ਅਤੇ ਛਗਨ ਭੁਜਬਲ ਨੇ ਸਹੁੰ ਚੁੱਕੀ। ਪਾਟਿਲ ਮਰਾਠਾ ਸਮਾਜ ਤੇ ਭੁਜਬਲ ਓਬੀਸੀ ਵਰਗ ਨਾਲ ਸਬੰਧਤ ਹਨ। ਕਾਂਗਰਸ ਦੇ ਸੂਬਾ ਪ੍ਰਧਾਨ ਬਾਲਾ ਸਾਹਿਬ ਥੋਰਾਟ ਅਤੇ ਕਾਰਜਕਾਰੀ ਪ੍ਰਧਾਨ ਨਿਤਿਨ ਰਾਊਤ ਨੂੰ ਵੀ ਮੰਤਰੀ ਅਹੁਦੇ ਦੀ ਸਹੁੰ ਚੁਕਾਈ ਗਈ। ਥੋਰਾਟਾ ਮਰਾਠਾ ਸਮਾਜ ਅਤੇ ਰਾਊਤ ਦਲਿਤ ਸਮਾਜ ਦੇ ਚਿਹਰੇ ਹਨ।

ਮੰਨਿਆ ਜਾ ਰਿਹਾ ਹੈ ਕਿ ਤਿੰਨ ਦਸੰਬਰ ਤਕ ਬਹੁਮਤ ਹਾਸਲ ਕਰਨ ਮਗਰੋਂ ਊਧਵ ਠਾਕਰੇ ਦੀ ਅਗਵਾਈ ਵਾਲੀ ਵਜ਼ਾਰਤ ਦਾ ਵਿਸਤਾਰ ਕੀਤਾ ਜਾਵੇਗਾ। ਊਧਵ ਠਾਕਰੇ ਮਹਾਰਾਸ਼ਟਰ ਦੇ 18ਵੇਂ ਮੁੱਖ ਮੰਤਰੀ ਹਨ ਅਤੇ ਸ਼ਿਵ ਸੈਨਾ ਤੋਂ ਮੁੱਖ ਮੰਤਰੀ ਬਣਨ ਵਾਲੇ ਤੀਜੇ ਵਿਅਕਤੀ ਹਨ। ਸ਼ਿਵ ਸੈਨਾ, ਐਨਸੀਪੀ ਅਤੇ ਕਾਂਗਰਸ ਗਠਜੋੜ ਸਰਕਾਰ ਦਾ ਗਠਨ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਐਲਾਨ ਦੇ 36 ਦਿਨਾਂ ਮਗਰੋਂ ਹੋਇਆ ਹੈ।

ਬੀਤੀ 24 ਅਕਤੂਬਰ ਨੂੰ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਮਗਰੋਂ ਸਰਕਾਰ ਗਠਨ ਬਾਰੇ ਲਗਾਤਾਰ ਭੰਬਲਭੂਸੇ ਦੀ ਹਾਲਤ ਬਣੀ ਹੋਈ ਸੀ। ਚੋਣਾਂ ਵਿਚ ਭਾਜਪਾ-ਸ਼ਿਵ ਸੈਨਾ ਗਠਜੋੜ ਨੂੰ ਬਹੁਮਤ ਮਿਲਿਆ ਸੀ ਪਰ ਢਾਈ ਸਾਲਾਂ ਲਈ ਮੁੱਖ ਮੰਤਰੀ ਅਹੁਦੇ 'ਤੇ ਸ਼ਿਵ ਸੈਨਾ ਦੇ ਦਾਅਵੇ ਮਗਰੋਂ ਦੋਹਾਂ ਦੇ ਰਸਤੇ ਅਲੱਗ ਹੋ ਗਏ। ਇਨ੍ਹਾਂ ਚੋਣਾਂ ਵਿਚ ਭਾਜਪਾ ਅਤੇ ਸ਼ਿਵ ਸੈਨਾ ਨੇ 105 ਅਤੇ 56 ਸੀਟਾਂ 'ਤੇ ਜਿੱਤ ਦਰਜ ਕੀਤੀ ਜਦਕਿ ਕਾਂਗਰਸ ਅਤੇ ਐਨਸੀਪੀ ਨੇ ਕ੍ਰਮਵਾਰ 44 ਅਤੇ 54 ਸੀਟਾਂ ਹਾਸਲ ਕੀਤੀਆਂ। 


ਲੋਕਾਂ ਦੀਆਂ ਉਮੀਦਾਂ 'ਤੇ ਖਰੇ ਉਤਰਨ ਦਾ ਸਾਂਝਾ ਯਤਨ ਕਰਾਂਗੇ : ਸੋਨੀਆ
ਸੋਨੀਆ ਅਤੇ ਰਾਹੁਲ ਵਲੋਂ ਊਧਵ ਠਾਕਰੇ ਨੂੰ ਵਧਾਈਆਂ

ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼ਿਵ ਸੈਨਾ ਮੁਖੀ ਊਧਵ ਠਾਕਰੇ ਨੂੰ ਸ਼ੁਭਕਾਮਨਾਵਾਂ ਦਿਤੀਆਂ ਅਤੇ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਨਾ ਹੋ ਸਕਣ ਲਈ ਦੁੱਖ ਪ੍ਰਗਟ ਕੀਤਾ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਉਨ੍ਹਾਂ ਦੀ ਅਗਵਾਈ ਵਿਚ ਬਣਨ ਵਾਲੀ ਸਰਕਾਰ ਰਾਜ ਦੀ ਜਨਤਾ ਦੀਆਂ ਉਮੀਦਾਂ ਨੂੰ ਪੂਰਾ ਕਰੇਗੀ।

ਊਧਵ ਦੇ ਪੁੱਤਰ ਆਦਿਤਿਯਾ ਠਾਕਰੇ ਨੇ ਬੁਧਵਾਰ ਰਾਤ ਸੋਨੀਆ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਮਿਲ ਕੇ ਉਨ੍ਹਾਂ ਨੂੰ ਸਹੁੰ ਚੁੱਕ ਸਮਾਗਮ ਲਈ ਸੱਦਾ ਦਿਤਾ ਸੀ। ਉਨ੍ਹਾਂ ਕਿਹਾ ਕਿ ਉਹ ਲੋਕਾਂ ਦੀਆਂ ਉਮੀਦਾਂ 'ਤੇ ਖਰੇ ਉਤਰਨ ਦਾ ਸਾਂਝੇ ਤੌਰ 'ਤੇ ਯਤਨ ਕਰਨਗੇ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਠਾਕਰੇ ਨੂੰ ਵਧਾਈਆਂ ਦਿਤੀਆਂ ਅਤੇ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਨਾ ਹੋਣ ਲਈ ਦੁੱਖ ਪ੍ਰਗਟ ਕੀਤਾ।

ਊਧਵ ਨੂੰ ਲਿਖੇ ਪੱਤਰ ਵਿਚ ਰਾਹੁਲ ਨੇ ਭਰੋਸਾ ਪ੍ਰਗਟ ਕੀਤਾ ਕਿ ਸ਼ਿਵ ਸੈਨਾ, ਐਨਸੀਪੀ ਅਤੇ ਕਾਂਗਰਸ ਮਿਲ ਕੇ ਸਥਿਰ, ਧਰਮਨਿਰਪੱਖ ਅਤੇ ਜਨਹਿੱਤ ਵਾਲੀ ਸਰਕਾਰ ਬਣਾਉਣਗੇ