Chandigarh News: ਚੰਡੀਗੜ੍ਹ ਦੇ ਅਭਿਸ਼ੇਕ ਵਿਜ ਹਤਿਆ ਮਾਮਲੇ ਵਿਚ 2 ਮੁਲਜ਼ਮ ਕਾਬੂ; ਸ਼ਰਾਬ ਪੀਣ ਮਗਰੋਂ ਹੋਈ ਸੀ ਬਹਿਸ
ਦੋਵਾਂ ਮੁਲਜ਼ਮਾਂ ਨੇ ਪੁਲਿਸ ਪੁਛਗਿਛ ਦੌਰਾਨ ਅਪਣਾ ਜੁਰਮ ਕਬੂਲ ਕਰ ਲਿਆ ਹੈ।
Chandigarh News: ਚੰਡੀਗੜ੍ਹ ਦੇ ਸੈਕਟਰ-17 ਵਿਚ ਸੈਕਟਰ-24 ਦੇ ਰਹਿਣ ਵਾਲੇ ਨੌਜਵਾਨ ਅਭਿਸ਼ੇਕ ਦੇ ਕਤਲ ਦੇ ਮਾਮਲੇ ਵਿਚ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵਾਂ ਮੁਲਜ਼ਮਾਂ ਨੇ ਪੁਲਿਸ ਪੁਛਗਿਛ ਦੌਰਾਨ ਅਪਣਾ ਜੁਰਮ ਕਬੂਲ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਵਿਜੇ ਕੁਮਾਰ ਉਰਫ਼ ਚਿੰਟੂ (28 ਸਾਲ) ਵਾਸੀ ਹੱਲੋ ਮਾਜਰਾ ਅਤੇ ਹਰੀ (19 ਸਾਲ) ਵਾਸੀ ਪਿੱਪਲੀ ਟਾਊਨ ਮਨੀਮਾਜਰਾ ਵਜੋਂ ਹੋਈ ਹੈ।
ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਅਭਿਸ਼ੇਕ ਵਿਜ ਪੀਜੀਆਈ ਵਿਚ ਕੰਮ ਕਰਦਾ ਸੀ। ਉਹ ਸ਼ਰਾਬ ਪੀਣ ਲਈ ਕਿਸੇ ਨਾਲ ਵੀ ਦੋਸਤੀ ਕਰ ਲੈਂਦਾ ਸੀ। ਸੋਮਵਾਰ ਸ਼ਾਮ ਨੂੰ ਉਹ ਸੈਕਟਰ-22 ਸ਼ਰਾਬ ਲੈਣ ਗਿਆ ਸੀ। ਇਥੇ ਉਸ ਦੀ ਮੁਲਾਕਾਤ ਦੋਵੇਂ ਮੁਲਜ਼ਮਾਂ ਨਾਲ ਹੋਈ। ਗੱਲਾਂ ਕਰਦੇ ਹੋਏ ਉਹ ਇਕ ਦੂਜੇ ਦੇ ਦੋਸਤ ਬਣ ਗਏ ਅਤੇ ਉਨ੍ਹਾਂ ਨੇ ਉਸ ਨੂੰ ਸ਼ਰਾਬ ਪੀਣ ਦੀ ਪੇਸ਼ਕਸ਼ ਕੀਤੀ। ਤਿੰਨਾਂ ਨੇ ਸਾਰੀ ਰਾਤ ਕਾਰ ਵਿਚ ਇਕੱਠੇ ਸ਼ਰਾਬ ਪੀਤੀ।
ਸ਼ਰਾਬ ਪੀਣ ਤੋਂ ਬਾਅਦ ਮੁਲਜ਼ਮ ਨੇ ਸਵੇਰੇ 4 ਵਜੇ ਪਰੇਡ ਗਰਾਊਂਡ ਨੇੜੇ ਕਾਰ ਵਿਚ ਉੱਚੀ ਆਵਾਜ਼ ਵਿਚ ਸੰਗੀਤ ਵਜਾਉਂਦੇ ਹੋਏ ਡਾਂਸ ਕੀਤਾ। ਡਾਂਸ ਦੌਰਾਨ ਅਭਿਸ਼ੇਕ ਵਿਜ ਨੇ ਗੱਲ ਕਰਦੇ ਹੋਏ ਵਿਜੇ ਕੁਮਾਰ ਨੂੰ ਗਾਲ੍ਹਾਂ ਕੱਢੀਆਂ। ਇਸ 'ਤੇ ਵਿਜੇ ਕੁਮਾਰ ਨੇ ਉਸ ਨਾਲ ਗਾਲੀ-ਗਲੋਚ ਵੀ ਕੀਤੀ ਅਤੇ ਝਗੜਾ ਸ਼ੁਰੂ ਹੋ ਗਿਆ। ਦੋਵੇਂ ਮੁਲਜ਼ਮਾਂ ਨੇ ਕਾਰ ਵਿਚ ਰੱਖੇ ਅਪਣੇ ਹੈਲਮੇਟ ਨਾਲ ਅਭਿਸ਼ੇਕ ਵਿਜ ਦੇ ਸਿਰ ਉਤੇ ਵਾਰ ਕਰਨਾ ਸ਼ੁਰੂ ਕਰ ਦਿਤਾ। ਇਸ 'ਚ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਰਾਹਗੀਰਾਂ ਨੇ ਘਟਨਾ ਦੀ ਪੁਲਿਸ ਨੂੰ ਸੂਚਨਾ ਦਿਤੀ।
ਲੜਾਈ ਦੀ ਸੂਚਨਾ ਮਿਲਣ 'ਤੇ ਪੁਲਿਸ ਦੀ ਪੀਸੀਆਰ ਗੱਡੀ ਮੌਕੇ 'ਤੇ ਪਹੁੰਚ ਗਈ। ਦੋਵੇਂ ਮੁਲਜ਼ਮ ਉਥੋਂ ਫਰਾਰ ਹੋ ਗਏ ਸਨ। ਪੁਲਿਸ ਨੇ ਜ਼ਖ਼ਮੀ ਅਭਿਸ਼ੇਕ ਵਿਜ ਨੂੰ ਸੈਕਟਰ-16 ਸਥਿਤ ਜੀਐਮਸੀਐਚ ਵਿਚ ਦਾਖ਼ਲ ਕਰਵਾਇਆ। ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। ਡਾਕਟਰ ਨੇ ਦਸਿਆ ਕਿ ਮੌਤ ਜ਼ਿਆਦਾ ਖੂਨ ਵਹਿਣ ਕਾਰਨ ਹੋਈ ਹੈ।
(For more news apart from 2 accused arrested in murder case, stay tuned to Rozana Spokesman)