‘ਭਾਰਤ ਮਾਤਾ ਦੀ ਜੈ ਬੋਲਣ ਵਾਲੇ ਹੀ ਦੇਸ਼ ਵਿਚ ਰਹਿ ਸਕਣਗੇ’-ਕੇਂਦਰੀ ਮੰਤਰੀ
ਨਾਗਰਿਕਤਾ ਕਾਨੂੰਨ ਅਤੇ ਐਨਆਰਸੀ ‘ਤੇ ਜਾਰੀ ਵਿਰੋਧ ਵਿਚਕਾਰ ਸ਼ਨੀਵਾਰ ਨੂੰ ਕੇਂਦਰੀ ਪੈਟਰੋਲੀਅਮ ਮੰਤਰੀ ਨੇ ਕਿਹਾ ਜੋ ਲੋਕ ‘ਭਾਰਤ ਮਾਤਾ ਦੀ ਜੈ’ ਬੋਲਣ ਲਈ ਤਿਆਰ ਹਨ..
ਨਵੀਂ ਦਿੱਲੀ: ਨਵੇਂ ਨਾਗਰਿਕਤਾ ਸੋਧ ਕਾਨੂੰਨ ਅਤੇ ਇਸ ਕਾਨੂੰਨ ਖਿਲਾਫ ਹੋ ਰਹੇ ਪ੍ਰਦਰਸ਼ਨਾਂ ਨੂੰ ਲੈ ਕੇ ਆਏ ਦਿਨ ਦੇਸ਼ ਦੇ ਮੰਤਰੀਆਂ ਅਤੇ ਸਿਆਸੀ ਆਗੂਆਂ ਦੇ ਅਜੀਬ ਬਿਆਨ ਸੁਣਨ ਨੂੰ ਮਿਲ ਰਹੇ ਹਨ। ਇਸੇ ਤਰ੍ਹਾਂ ਦਾ ਇਕ ਹੋਰ ਅਜੀਬ ਬਿਆਨ ਆਇਆ ਹੈ। ਇਹ ਬਿਆਨ ਸ਼ਨੀਵਾਰ ਨੂੰ ਕੇਂਦਰੀ ਪੈਟਰੋਲੀਅਮ ਮੰਤਰੀ ਧਰਮੇਂਦਰ ਪ੍ਰਧਾਨ ਨੇ ਦਿੱਤਾ ਹੈ।
ਨਾਗਰਿਕਤਾ ਕਾਨੂੰਨ ਅਤੇ ਐਨਆਰਸੀ ‘ਤੇ ਜਾਰੀ ਵਿਰੋਧ ਵਿਚਕਾਰ ਸ਼ਨੀਵਾਰ ਨੂੰ ਕੇਂਦਰੀ ਪੈਟਰੋਲੀਅਮ ਮੰਤਰੀ ਨੇ ਕਿਹਾ ਕਿ ਜੋ ਲੋਕ ‘ਭਾਰਤ ਮਾਤਾ ਦੀ ਜੈ’ ਬੋਲਣ ਲਈ ਤਿਆਰ ਹਨ, ਉਹਨਾਂ ਨੂੰ ਹੀ ਭਾਰਤ ਵਿਚ ਰਹਿਣ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਅਸੀਂ ਇਸ ਦੇਸ਼ ਨੂੰ ਧਰਮਸ਼ਾਲਾ ਬਣਾਵਾਂਗੇ।
ਉਹਨਾਂ ਕਿਹਾ ਕਿ ਭਾਰਤ ਵਿਚ ਰਹਿਣ ਲਈ ‘ਭਾਰਤ ਮਾਤਾ ਦੀ ਜੈ’ ਕਹਿਣਾ ਹੀ ਪਵੇਗਾ। ‘ਕੀ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਬਲੀਦਾਨ ਬੇਕਾਰ ਜਾਵੇਗਾ? ਕੀ ਭਗਤ ਸਿੰਘ ਦਾ ਬਲੀਦਾਨ ਬੇਕਾਰ ਜਾਵੇਗਾ? ਕੀ ਲੋਕਾਂ ਨੇ ਸੁਤੰਤਰਤਾ ਦੀ ਲੜਾਈ ਇਸ ਲਈ ਲੜੀ ਦੀ ਤਾਂ ਜੋ ਅਜ਼ਾਦੀ ਤੋਂ 70 ਸਾਲ ਬਾਅਦ ਦੇਸ਼ ਇਸ ਵਿਸ਼ੇ ‘ਤੇ ਵਿਚਾਰ ਕਰੇਗਾ ਕਿ ਨਾਗਰਿਕਤਾ ਗਿਣੇ ਜਾਂ ਨਾ ਗਿਣੇ? ਕੀ ਇਸ ਦੇਸ਼ ਨੂੰ ਧਰਮਸ਼ਾਲਾ ਬਣਾਵਾਂਗੇ’।
ਧਰਮੇਂਦਰ ਪ੍ਰਧਾਨ ਨੇ ਇਸ ਦੌਰਾਨ ਕਿਹਾ, ‘ਅੱਜ ਦੇਸ਼ ਦੇ ਸਾਹਮਣੇ ਚੁਣੌਤੀ ਕੀ ਹੈ? ਦੇਸ਼ ਵਿਚ ਨਾਗਰਿਕਤਾ ਗਿਣਤੀ ਕੀਤੀ ਜਾਵੇ ਜਾਂ ਨਹੀਂ? ਕੀ ਇਸ ਦੇਸ਼ ਦੇ ਲੱਖਾਂ ਲੋਕ ਆਜ਼ਾਦੀ ਸੰਗਰਾਮ ਵਿਚ ਲੜਨ ਵਾਲੇ ਹਨ?’ ਦੱਸ ਦਈਏ ਕਿ ਨਾਗਰਿਕਤਾ ਕਾਨੂੰਨ ਨੂੰ ਲੈ ਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਵਿਰੋਧ ਪ੍ਰਦਰਸ਼ਨ ਚੱਲ ਰਿਹਾ ਹੈ।
ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਵਿਚ ਕਾਂਗਰਸ ਨੇ ਅਪਣੇ 135ਵੇਂ ਸਥਾਪਨਾ ਦਿਵਸ ਮੌਕੇ ‘ਤੇ ‘ਸੰਵਿਧਾਨ ਬਚਾਓ, ਭਾਰਤ ਬਚਾਓ’ ਰੈਲੀ ਦਾ ਅਯੋਜਨ ਕੀਤਾ।