ਨਾਗਰਿਕਤਾ ਸੋਧ ਕਾਨੂੰਨ ਦੇ ਸਮਰਥਨ 'ਚ ਨਿਕਲੀ ਰੈਲੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਵਿਰੋਧ ਦੇ ਵਿਪਰੀਤ ਸਮਰਥਨ 'ਚ ਵੀ ਰੈਲੀਆਂ ਨਿਕਲਣੀਆਂ ਸ਼ੁਰੂ

file photo

ਮੁੰਬਈ : ਨਾਗਰਿਕਤਾ ਸੋਧ ਕਾਨੂੰਨ ਵਿਰੁਧ ਪਿਛਲੇ ਕਈ ਦਿਨਾਂ ਤੋਂ ਰੋਸ ਪ੍ਰਦਰਸ਼ਨਾਂ ਦਾ ਸਿਲਸਿਲਾ ਚੱਲ ਰਿਹਾ ਹੈ। ਭਾਵੇਂ ਹੁਣ ਹਿੰਸਕ ਪ੍ਰਦਰਸ਼ਨਾਂ ਤੋਂ ਬਚਾਅ ਹੈ ਪਰ ਤਣਾਅ ਅਜੇ ਵੀ ਬਣਿਆ ਹੋਇਆ ਹੈ। ਇਸੇ ਦੌਰਾਨ ਹੁਣ ਨਾਗਰਿਕਤਾ ਸੋਧ ਕਾਨੂੰਨ ਦੇ ਸਮਰਥਨ 'ਚ ਵੀ ਰੈਲੀਆਂ ਦਾ ਸਿਲਸਿਲਾ ਸ਼ੁਰੂ ਹੁੰਦਾ ਨਜ਼ਰ ਆ ਰਿਹਾ ਹੈ।

ਇਸੇ ਤਹਿਤ ਸ਼ੁੱਕਰਵਾਰ ਨੂੰ ਮੁੰਬਈ ਦੇ ਇਤਿਹਾਸਕ ਅਗਸਤ ਕ੍ਰਾਂਤੀ ਮੈਦਾਨ ਵਿਚ ਵੱਡੀ ਰੈਲੀ ਕੱਢੀ ਗਈ। ਇਸ ਰੈਲੀ ਵਿਚ ਵੱਡੀ ਗਿਣਤੀ ਲੋਕਾਂ ਨੇ ਸ਼ਿਰਕਤ ਕੀਤੀ। ਰੈਲੀ ਵਿਚ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਵੀ ਹਾਜ਼ਰੀ ਭਰੀ।

ਰੈਲੀ ਦੌਰਾਨ ਹੱਥ 'ਚ ਤਿਰੰਗਾ ਫੜ ਕੇ ਲੋਕ ਇਸ ਕਾਨੂੰਨ ਦਾ ਸਮਰਥਨ ਕਰ ਰਹੇ ਸਨ। ਰੈਲੀ ਨੂੰ ਸੰਬੋਧਨ ਕਰਦਿਆਂ ਫੜਨਵੀਸ ਨੇ ਕਿਹਾ ਕਿ ਜਿਹੜੇ ਲੋਕ ਇਸ ਕਾਨੂੰਨ ਨੂੰ ਆਪਣੇ ਸੂਬਿਆਂ ਅੰਦਰ ਲਾਗੂ ਨਾ ਕਰਨ ਦਾ ਢੰਡੋਰਾ ਪਿੱਟ ਰਹੇ ਹਨ, ਅਸਲ ਵਿਚ ਉਹ ਸੰਵਿਧਾਨ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਇਕ ਕਾਨੂੰਨ ਸੰਸਦ ਵਿਚ ਪਾਸ ਹੋ ਜਾਂਦਾ ਹੈ ਤਾਂ ਸੂਬਾ ਉਸ ਨੂੰ ਲਾਗੂ ਕਰਨ ਲਈ ਵਚਨਬੱਧ ਹੁੰਦਾ ਹੈ।

ਨਾਗਰਿਕਤਾ ਸੋਧ ਕਾਨੂੰਨ ਤੇ ਰਾਸ਼ਟਰੀ ਨਾਗਰਿਕ ਪੰਜੀਕਰਣ ਦੇ ਸਮਰਥਨ 'ਚ ਲਿਖੇ ਸੰਦੇਸ਼ਾਂ ਵਾਲੇ ਬੋਰਡ ਵੀ ਹੱਥਾਂ 'ਚ ਫੜੇ ਹੋਏ ਸਨ। ਨਾਗਰਿਕਤਾ ਸੋਧ ਕਾਨੂੰਨ ਦੇ ਸਮਰਥਕਾਂ ਕੋਲ ਡਾ. ਭੀਮ ਰਾਓ ਅੰਬੇਡਕਰ ਦੀ ਤਸਵੀਰ ਵੀ ਸੀ ਅਤੇ ਮੰਚ 'ਤੇ ਵੀ.ਡੀ. ਸਾਵਰਕਰ, ਮਹਾਤਮਾ ਜਯੋਤੀਬਾ ਫੁਲੇ, ਭਾਰਤ ਮਾਤਾ ਅਤੇ ਸਾਹੂ ਮਹਾਰਾਜ ਦੀਆਂ ਵੱਡੀਆਂ ਤਸਵੀਰਾਂ ਵੀ ਨਜ਼ਰ ਆ ਰਹੀਆਂ ਸਨ। ਕਾਬਲੇਗੌਰ ਹੈ ਕਿ ਅਜਿਹੀ ਹੀ ਇਕ ਰੈਲੀ ਪਿਛਲੇ ਹਫ਼ਤੇ ਦਾਦਰ ਵਿਖੇ ਵੀ ਹੋਈ ਸੀ, ਜਿਸ ਵਿਚ ਵੱਡੀ ਗਿਣਤੀ ਲੋਕਾਂ ਨੇ ਸ਼ਮੂਲੀਅਤ ਕੀਤੀ ਸੀ।