ਫਿਰ ਵਧੀਆਂ ਪਟਰੌਲ ਤੇ ਡੀਜ਼ਲ ਦੀਆਂ ਕੀਮਤਾਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਪਟਰੌਲ 14 ਪੈਸੇ ਤੇ ਡੀਜ਼ਲ 19 ਪੈਸੇ ਪ੍ਰਤੀ ਲੀਟਰ ਹੋਇਆ ਮਹਿੰਗਾ

file photo

ਨਵੀਂ ਦਿੱਲੀ : ਮਹਿੰਗਾਈ ਤੋਂ ਪ੍ਰੇਸ਼ਾਨ ਜਨਤਾ ਨੂੰ ਨੇੜ-ਭਵਿੱਖ 'ਚ ਮਹਿੰਗਾਈ ਤੋਂ ਰਾਹਤ ਮਿਲਣ ਦੀਆਂ ਸੰਭਾਵਨਾਵਾਂ ਮੱਧਮ ਪੈਂਦੀਆਂ ਨਜ਼ਰ ਆ ਰਹੀਆਂ ਹਨ। ਇਸ ਦੀ ਵਜ੍ਹਾ ਤੇਲ ਕੀਮਤਾਂ 'ਚ ਵਾਧੇ ਦੇ ਰੁਝਾਨ ਮੰਨਿਆ ਜਾ ਰਿਹਾ ਹੈ। ਭਾਵੇਂ ਪਿਛਲੇ ਦਿਨਾਂ ਦੌਰਾਨ ਤੇਲ ਕੀਮਤਾਂ 'ਚ ਵੱਡਾ ਵਾਧਾ ਵੇਖਣ ਨੂੰ ਨਹੀਂ ਮਿਲਿਆ ਪਰ ਪਿਆਜ਼ ਤੇ ਹੋਰ ਰੋਜ਼ਮਰਾਂ ਦੀਆਂ ਚੀਜ਼ਾਂ 'ਚ ਬਣੀ ਤੇਜ਼ੀ ਤੋਂ ਪ੍ਰੇਸ਼ਾਨ ਲੋਕਾਂ ਨੂੰ ਹੁਣ ਤੇਲ ਕੀਮਤਾਂ 'ਚ ਮੌਜੂਦਾ ਵਾਧਾ ਹੋਰ ਵੀ ਪ੍ਰੇਸ਼ਾਨ ਕਰ ਸਕਦਾ ਹੈ। ਕਿਉਂਕਿ ਤੇਲ ਕੀਮਤਾਂ 'ਚ ਵਾਧੇ ਦਾ ਅਸਰ ਆਮ ਵਸਤਾਂ ਦੀ ਕੀਮਤ 'ਤੇ ਵੀ ਪੈਣ ਦੇ ਅਸਾਰ ਹਨ।

ਪਟਰੋਲੀਅਮ ਕੰਪਨੀਆਂ ਨੇ ਐਤਵਾਰ ਨੂੰ ਪੈਟਰੋਲ ਤੇ ਡੀਜ਼ਲ ਦੋਵਾਂ ਦੀਆਂ ਕੀਮਤਾਂ 'ਚ ਵਾਧਾ ਕੀਤਾ ਹੈ। ਭਾਵੇਂ ਸਨਿੱਚਰਵਾਰ ਨੂੰ ਪਟਰੌਲ ਤੇ ਡੀਜ਼ਲ ਦੀਆਂ ਕੀਮਤਾਂ ਸਥਿਰ ਰਹੀਆਂ ਸਨ ਪਰ ਐਤਵਾਰ ਨੂੰ ਦੇਸ਼ ਦੇ ਚਾਰ ਮੁੱਖ ਮਹਾਂਨਗਰਾਂ ਦਿੱਲੀ, ਕੋਲਕਾਤਾ, ਮੁੰਬਈ ਤੇ ਚੇਨਈ 'ਚ ਪੈਟਰੋਲ ਦੀ ਕੀਮਤ ਵਿਚ 14 ਪੈਸੇ ਪ੍ਰਤੀ ਲਿਟਰ ਤੇ ਡੀਜ਼ਲ ਦੀ ਕੀਮਤ 'ਚ 19 ਪੈਸੇ ਪ੍ਰਤੀ ਲਿਟਰ ਦਾ ਵਾਧਾ ਕਰ ਦਿਤਾ ਗਿਆ ਹੈ।

ਇਸ ਵਾਧੇ ਤੋਂ ਬਾਅਦ ਚਾਰ ਮਹਾਂਨਗਰਾਂ ਵਿਚ ਪਟਰੌਲ ਦੀ ਕੀਮਤ ਕ੍ਰਮਵਾਰ 74.88 ਰੁਪਏ, 77.54 ਰੁਪਏ, 80.53 ਰੁਪਏ ਅਤੇ 77.85 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਡੀਜ਼ਲ ਦੀ ਕੀਮਤ ਦਿੱਲੀ 'ਚ 67.60 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਕੋਲਕਾਤਾ ਵਿਚ 70.02 ਰੁਪਏ ਪ੍ਰਤੀ ਲਿਟਰ, ਮੁੰਬਈ 'ਚ 70.93 ਰੁਪਏ ਅਤੇ ਚੇਨਈ 'ਚ 71.48 ਰੁਪਏ ਪ੍ਰਤੀ ਲਿਟਰ ਹੋ ਗਈ ਹੈ।

ਇਸ ਵੇਲੇ ਦਿੱਲੀ 'ਚ ਪਟਰੌਲ ਤੇ ਡੀਜ਼ਲ ਦੀ ਕੀਮਤ ਕ੍ਰਮਵਾਰ  74.63 ਤੇ 66.99, ਮੁੰਬਈ ਵਿਚ 80.29 ਤੇ 70.28,  ਕੋਲਕਾਤਾ ਵਿਚ 77.29 ਤੇ 69.40 ਅਤੇ  ਚੇਨਈ 77.58 ਤੇ 70.82 ਰੁਪਏ ਹੋ ਗਈ ਹੈ।

ਦੱਸ ਦਈਏ ਕਿ ਤੇਲ ਦੀਆਂ ਕੀਮਤਾਂ 'ਚ ਰੋਜ਼ਾਨਾ ਸਵੇਰੇ 6 ਵਜੇ ਤਬਦੀਲੀ ਹੁੰਦੀ ਹੈ। ਸਵੇਰੇ ਛੇ ਵਜੇ ਤੋਂ ਨਵੀਂਆਂ ਦਰਾਂ ਲਾਗੂ ਹੋ ਜਾਂਦੀਆਂ ਹਨ। ਕਾਬਲੇਗੌਰ ਹੈ ਕਿ ਪਟਰੌਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਐਕਸਾਈਜ਼ ਡਿਊਟੀ, ਡੀਲਰ ਕਮਿਸ਼ਨ ਤੇ ਹੋਰ ਚੀਜ਼ਾਂ ਜੋੜਨ ਤੋਂ ਬਾਅਦ ਇਸ ਦੀ ਕੀਮਤ ਲਗਭਗ ਦੁੱਗਣੀ ਹੋ ਜਾਂਦੀ ਹੈ।