ਮੇਰੀ ਗਰਦਨ ਮਚਕੋੜੀ ਗਈ, ਧੱਕੇ ਮਾਰੇ ਗਏ ਤੇ ਪੈਦਲ ਜਾਣ ਤੋਂ ਵੀ ਰੋਕਿਆ : ਪ੍ਰਿਅੰਕਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜਦ ਪੁਲਿਸ ਨੇ ਰੋਕਿਆ ਤਾਂ ਸਾਬਕਾ ਆਈ.ਪੀ.ਐਸ. ਅਧਿਕਾਰੀ ਦੇ ਘਰ ਪੈਦਲ ਹੀ ਪੁੱਜੀ ਪ੍ਰਿਅੰਕਾ ਗਾਂਧੀ

File Photo

ਲਖਨਊ: ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਸਨਿਚਰਵਾਰ ਨੂੰ ਪੁਲਿਸ 'ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਨਵੇਂ ਨਾਗਰਿਕਤਾ ਕਾਨੂੰਨ ਵਿਰੁਧ ਹਾਲ ਹੀ 'ਚ ਹੋਈ ਹਿੰਸਾ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਪੁਲਿਸ ਅਧਿਕਾਰੀ ਦੇ ਘਰ ਜਾਂਦੇ ਸਮੇਂ  ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਪੁਲਿਸ ਨੇ ਉਨ੍ਹਾਂ ਦਾ ਗਲਾ ਦਬਾ ਕੇ ਉਨ੍ਹਾਂ ਨੂੰ ਹੇਠਾਂ ਸੁਟ ਦਿਤਾ।

ਪ੍ਰਿਅੰਕਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹ ਨਵੇਂ ਨਾਗਰਿਕਤਾ ਕਾਨੂੰਨ ਵਿਰੁਧ ਹੋਏ ਹਿੰਸਕ ਪ੍ਰਦਰਸ਼ਨ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਸੇਵਾਮੁਕਤ ਆਈ.ਪੀ.ਐਸ. ਅਫ਼ਸਰ ਐਸ.ਆਰ. ਦਾਰਾਪੁਰੀ ਦੇ ਰਿਸ਼ਤੇਦਾਰਾਂ ਨਾਲ ਮੁਲਾਕਾਤ ਕਰਨ ਲਈ ਪਾਰਟੀ ਸੂਬਾ ਮੁੱਖ ਦਫ਼ਤਰ ਤੋਂ ਨਿਕਲੇ ਸਨ। ਰਸਤੇ 'ਚ ਲੋਹੀਆ ਚੌਕ 'ਤੇ ਪੁਲਿਸ ਨੇ ਉਨ੍ਹਾਂ ਨੂੰ ਰੋਕ ਲਿਆ।

ਉਨ੍ਹਾਂ ਦੋਸ਼ ਲਾਉਂਦਿਆਂ ਕਿਹਾ, ''ਮੈਂ ਗੱਡੀ ਤੋਂ ਉਤਰ ਕੇ ਪੈਦਲ ਚੱਲਣ ਲੱਗੀ। ਮੈਨੂੰ ਘੇਰਿਆ ਗਿਆ ਅਤੇ ਇਕ ਔਰਤ ਪੁਲਿਸ ਮੁਲਾਜ਼ਮ ਨੇ ਮੇਰੀ ਗਦਨ ਮਚਕੋੜੀ। ਮੈਨੂੰ ਧੱਕਾ ਦਿਤਾ ਅਤੇ ਮੈਂ ਡਿੱਗ ਗਈ। ਅੱਗੇ ਚਲ ਕੇ ਫਿਰ ਮੈਨੂੰ ਫੜਿਆ ਤਾਂ ਮੈਂ ਇਕ ਕਾਰਕੁਨ ਦੇ ਦੁਪਹੀਆ ਵਾਹਨ ਨਾਲ ਨਿਕਲੀ। ਉਸ ਨੂੰ ਵੀ ਡੇਗ ਦਿਤਾ ਗਿਆ।''
ਪ੍ਰਿਅੰਕਾ ਨੇ ਕਿਹਾ, ''ਦਾਰਾਪੁਰੀ 77 ਸਾਲਾਂ ਦੇ ਸਾਬਕਾ ਪੁਲਿਸ ਅਧਿਕਾਰੀ ਹਨ।

ਉਨ੍ਹਾਂ ਨੇ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਲਈ ਫ਼ੇਸਬੁਕ 'ਤੇ ਪੋਸਟ ਪਾਈ ਸੀ। ਇਸ ਦੇ ਬਾਵਜੂਦ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੀ ਪਤਨੀ ਬਹੁਤ ਬਿਮਾਰ ਹੈ। ਇਹ ਸੱਭ ਕਿਸ ਲਈ? ਕਿਉਂਕਿ ਤੁਹਾਡੀ ਨੀਤੀ ਉਨ੍ਹਾਂ ਨੂੰ ਪਸੰਦ ਨਹੀਂ ਹੈ?'' ਪ੍ਰਿਅੰਕਾ ਨੇ ਲਗਭਗ ਤਿੰਨ ਕਿਲੋਮੀਟਰ ਦਾ ਸਫ਼ਰ ਪੈਦਲ ਚਲ ਕੇ ਪੂਰਾ ਕੀਤਾ ਅਤੇ ਪੁਲਿਸ ਨੂੰ ਝਕਾਨੀ ਦੇ ਕੇ ਦਾਰਾਪੁਰੀ ਦੇ ਘਰ ਪੁੱਜ ਗਈ।

ਦਾਰਾਪੁਰੀ ਦੇ ਰਿਸ਼ਤੇਦਾਰਾਂ ਨਾਲ ਮੁਲਾਕਾਤ ਤੋਂ ਬਾਅਦ ਨਿਕਲੀ ਪ੍ਰਿਅੰਕਾ ਨੇ ਪੱਤਰਕਾਰਾਂ ਨੂੰ ਕਿਹਾ, ''ਮੈਂ ਗੱਡੀ 'ਚ ਸ਼ਾਂਤਮਈ ਤਰੀਕੇ ਨਾਲ ਬੈਠੀ ਸੀ, ਫਿਰ ਕਾਨੂੰਨ ਵਿਵਸਥਾ ਦੀ ਸਥਿਤੀ ਕਿਸ ਤਰ੍ਹਾਂ ਵਿਗੜਨ ਵਾਲੀ ਸੀ?'' ਉਨ੍ਹਾਂ ਅਪਣੇ ਫ਼ੇਸਬੁੱਕ ਪੇਜ 'ਤੇ ਵੀ ਲਿਖਿਆ, ''ਇਹ ਮੇਰਾ ਸਤਿਆਗ੍ਰਹਿ ਹੈ। ਭਾਜਪਾ ਸਰਕਾਰ ਡਰਪੋਕਾਂ ਵਾਲੀਆਂ ਹਰਕਤਾਂ ਕਰ ਰਹੀ ਹੈ। ਮੈਂ ਉੱਤਰ ਪ੍ਰਦੇਸ਼ ਦੀ ਪਾਰਟੀ ਇੰਚਾਰਜ ਹਾਂ ਅਤੇ ਮੈਂ ਕਿੱਥੇ ਜਾਵਾਂਗੀ ਇਹ ਭਾਜਪਾ ਸਰਕਾਰ ਨਹੀਂ ਤੈਅ ਕਰੇਗੀ।''  

ਸੁਰੱਖਿਆ ਘੇਰਾ ਤੋੜ ਕੇ ਪ੍ਰਿਅੰਕਾ ਨੂੰ ਮਿਲਣ ਪੁੱਜਿਆ ਗੁਰਮੀਤ ਸਿੰਘ 

ਲਖਨਊ : ਕਾਂਗਰਸ ਦੇ ਸਥਾਪਨਾ ਦਿਵਸ 'ਤੇ ਸਨਿਚਰਵਾਰ ਨੂੰ ਕਰਵਾਏ ਪ੍ਰੋਗਰਾਮ 'ਚ ਪਾਰਟੀ ਦਾ ਇਕ ਕਾਰਕੁਨ ਸੁਰੱਖਿਆ ਘੇਰਾ ਤੋੜਦਿਆਂ ਪਾਰਟੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨਾਲ ਮਿਲਣ ਮੰਚ 'ਤੇ ਜਾ ਪੁਜਿਆ। ਕਾਂਗਰਸ ਸੂਬਾ ਮੁੱਖ ਦਫ਼ਤਰ 'ਚ ਕਰਵਾਏ ਪ੍ਰੋਗਰਾਮ 'ਚ ਪ੍ਰਿਅੰਕਾ ਜਦੋਂ ਮੰਚ 'ਤੇ ਬੈਠੀ ਸੀ ਤਾਂ ਗੁਰਮੀਤ ਸਿੰਘ ਨਾਂ ਦਾ ਕਾਰਕੁਨ ਪ੍ਰਿਅੰਕਾ ਦਾ ਸੁਰੱਖਿਆ ਘੇਰਾ ਤੋੜਦਿਆਂ ਉਨ੍ਹਾਂ ਨੂੰ ਮਿਲਣ ਲਈ ਮੰਚ 'ਚ ਜਾ ਪੁਜਿਆ।

ਅਚਾਨਕ ਦੌੜ ਕੇ ਪੁੱਜੇ ਗੁਰਮੀਤ ਨੂੰ ਪ੍ਰਿਅੰਕਾ ਦੇ ਨੇੜੇ ਹੀ ਬੈਠੇ ਪਾਰਟੀ ਦੇ ਸੂਬਾ ਪ੍ਰਧਾਨ ਅਜੈ ਕੁਮਾਰ ਲੱਲੂ ਅਤੇ ਸੁਰੱਖਿਆ ਮੁਲਾਜ਼ਮਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਪ੍ਰਿਅੰਕਾ ਨੇ ਕਾਰਕੁਨ ਦਾ ਹੱਥ ਫੜ ਕੇ ਉਨ੍ਹਾਂ ਨੂੰ ਹੇਠਾਂ ਧੱਕੇ ਜਾਣ ਤੋਂ ਰੋਕਿਆ। ਪ੍ਰਿਅੰਕਾ ਨੇ ਸੁਰੱਖਿਆ ਮੁਲਾਜ਼ਮਾਂ ਨੂੰ ਮਨ੍ਹਾਂ ਕੀਤਾ ਅਤੇ ਗੁਰਮੀਤ ਨਾਲ ਗੱਲ ਵੀ ਕੀਤੀ।

ਇਸ ਦੌਰਾਨ ਕਾਰਕੁਨ ਨੇ ਪ੍ਰਿਅੰਕਾ ਨੂੰ ਯਾਦ ਚਿੰਨ੍ਹ ਵੀ ਭੇਂਟ ਕੀਤਾ ਅਤੇ ਉਨ੍ਹਾਂ ਨੂੰ ਬਾਬੇ ਨਾਨਕ ਦੇ ਜਨਮਦਿਨ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਆ ਰਹੇ ਜਨਮਦਿਨ ਦੀ ਵਧਾਈ ਦਿਤੀ। ਬਾਅਦ 'ਚ ਮੀਡੀਆ ਨਾਲ ਗੱਲਬਾਤ ਕਰਦਿਆਂ ਗੁਰਮੀਤ ਸਿੰਘ ਨੇ ਕਿਹਾ ਕਿ ਉਸ ਦੀ ਕਾਫ਼ੀ ਚਿਰ ਤੋਂ ਪ੍ਰਿਅੰਕਾ ਗਾਂਧੀ ਨਾਲ ਗੱਲਬਾਤ ਕਰਨ ਦੀ ਇੱਛਾ ਸੀ ਜੋ ਅੱਜ ਪੂਰੀ ਹੋ ਗਈ। ਕਾਨਪੁਰ ਦਾ ਰਹਿਣ ਵਾਲਾ ਗੁਰਮੀਤ ਖ਼ੁਦ ਨੂੰ ਕਾਂਗਰਸ ਦਾ ਪੁਰਾਣਾ ਕਾਰਕੁਨ ਦਸਦਾ ਹੈ।