ਪ੍ਰਿਅੰਕਾ ਤੇ ਰਾਹੁਲ ਦੇ ਹੱਕ 'ਚ ਨਿਤਰੇ ਕੈਪਟਨ ਅਮਰਿੰਦਰ ਸਿੰਘ

ਏਜੰਸੀ

ਖ਼ਬਰਾਂ, ਪੰਜਾਬ

ਮੇਰਠ ਜਾਣ ਤੋਂ ਰੋਕਣ ਦੀ ਕੀਤੀ ਨਿਖੇਧੀ

file photo

ਚੰਡੀਗੜ੍ਹ : ਕਾਂਗਰਸੀ ਆਗੂਆਂ ਰਾਹੁਲ ਗਾਂਧੀ ਦੇ ਪ੍ਰਿਅੰਕਾ ਗਾਂਧੀ ਨੂੰ ਮੇਰਠ ਜਾਣ ਤੋਂ ਰੋਕਣ ਦੀ ਘਟਨਾ ਦੀ ਨਿਖੇਧੀ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਉਥੇ ਪ੍ਰਦਰਸ਼ਨ ਕਰਨ ਨਹੀਂ ਸੀ ਗਏ।  ਯੂ.ਪੀ. ਪੁਲਿਸ ਦੀ ਇਸ ਕਾਰਵਾਈ ਨੂੰ ਅਣਉਚਿਤ ਦਸਦਿਆਂ ਉਨ੍ਹਾਂ ਨਾਗਰਿਕਤਾ ਸੋਧ ਕਾਨੂੰਨ ਦੀ ਮੁਖਾਲਫ਼ਤ ਕਰਨ ਵਾਲੇ ਨਾਗਰਿਕਾਂ ਅਤੇ ਵਿਰੋਧੀ ਧਿਰਾਂ 'ਤੇ ਬੰਦਸ਼ਾਂ ਲਾਉਣ ਦੀ ਯੂ.ਪੀ. ਸਰਕਾਰ ਦੀ ਕਾਰਵਾਈ ਦੀ ਨਿੰਦਾ ਕੀਤਾ।

ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਮੇਰਠ ਵਿਚ ਰੋਸ ਪ੍ਰਦਰਸ਼ਨ ਕਰਨ ਲਈ ਨਹੀਂ ਬਲਕਿ  ਪ੍ਰਦਰਸ਼ਨਾਂ ਦੌਰਾਨ ਮਾਰੇ ਗਏ ਲੋਕਾਂ ਦੇ ਪਰਵਾਰਾਂ ਨਾਲ ਦੁੱਖ ਸਾਂਝਾ ਕਰਨ ਗਏ ਸਨ।  ਰਿਪੋਰਟਾਂ ਮੁਤਾਬਕ ਕਾਂਗਰਸੀ ਲੀਡਰਾਂ ਨੇ ਇਕੱਠਿਆਂ ਜਾਣ ਦੀ ਬਜਾਏ ਤਿੰਨ ਦੇ ਗਰੁੱਪ ਵਿਚ ਜਾਣ ਦੀ ਵੀ ਪੇਸ਼ਕਸ਼ ਕੀਤੀ ਸੀ ਪਰ ਉਨ੍ਹਾਂ ਨੂੰ ਮੇਰਠ ਵਿਚ ਦਾਖ਼ਲ ਹੋਣ  ਤੋਂ ਰੋਕ ਦਿਤਾ ਗਿਆ।

ਮੁੱਖ ਮੰਤਰੀ ਨੇ ਟਵੀਟ ਕਰਦਿਆਂ ਕਿਹਾ ਕਿ 'ਮੇਰਠ ਜਾ ਰਹੇ ਰਾਹੁਲ ਗਾਂਧੀ ਅਤੇ ਪ੍ਰਿਅੰਕ ਗਾਂਧੀ ਨੂੰ ਰੋਕਣ ਬਾਰੇ ਯੂ.ਪੀ. ਸਰਕਾਰ ਦੇ ਫ਼ੈਸਲੇ ਦੀ ਸਖ਼ਤ ਨਿਖੇਧੀ ਕਰਦੇ ਹਾਂ ਜਿਨ੍ਹਾਂ ਨੇ ਨਾਗਰਿਕਤਾ ਸੋਧ ਕਾਨੂੰਨ ਦੇ ਪ੍ਰਦਰਸ਼ਨਾਂ ਦੌਰਾਨ ਮਾਰੇ ਗਏ ਪੀੜਤਾਂ ਦੇ ਪਰਵਾਰਕ ਮੈਂਬਰਾਂ ਨੂੰ ਮਿਲਣ ਲਈ ਜਾਣਾ ਸੀ। ਇਸ ਵੇਲੇ ਭਾਰਤ ਨੂੰ ਹਮਦਰਦੀ ਦੇ ਅਹਿਸਾਸ ਦੀ ਲੋੜ ਹੈ ਨਾ ਕਿ ਵਿਰੋਧੀ ਪਾਰਟੀਆਂ 'ਤੇ ਅਜਿਹੀਆਂ ਰੋਕਾਂ ਲਾਉਣ ਦੀ।'

ਪ੍ਰਦਰਸ਼ਨਕਾਰੀਆਂ 'ਤੇ ਪੁਲਿਸ ਕਾਰਵਾਈ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪ੍ਰਦਰਸ਼ਨ ਕਰਨਾ ਹਰੇਕ ਭਾਰਤੀ ਨਾਗਰਿਕ ਦਾ ਜਮਹੂਰੀ ਹੱਕ ਹੈ ਪਰ ਯੂ.ਪੀ. ਸਰਕਾਰ ਪ੍ਰਦਰਸ਼ਕਾਰੀ ਨਾਗਰਿਕਾਂ ਨਾਲ ਅਜਿਹਾ ਜ਼ਾਲਮਾਨਾ ਸੂਲਕ ਕਰ ਰਹੀ ਹੈ ਜਿਵੇਂ ਉਹ ਅਤਿਵਾਦੀ ਜਾਂ ਗੈਂਗਸਟਰ ਹੋਣ।ਉਨ੍ਹਾਂ ਕਿਹਾ ਕਿ ਜਮਹੂਰੀ ਢੰਗ ਨਾਲ ਚੁਣੀ ਸੂਬਾ ਸਰਕਾਰ ਵਲੋਂ ਅਜਿਹੀ ਕਾਰਵਾਈ ਕਰਨਾ ਵਿਸ਼ੇਸ਼ ਭਾਈਚਾਰੇ ਵਿਰੁੱਧ ਬਦਲੇ ਦੀ ਕਾਰਵਾਈ ਦੀ ਭਾਵਨਾ ਨੂੰ ਜੱਗ ਜਾਹਰ ਕਰਦੀ ਹੈ ਜਦਕਿ ਸਭ ਨੂੰ ਭਾਰਤ ਦੀਆਂ ਸੰਵਿਧਨਾਕ ਕਦਰਾਂ-ਕੀਮਤਾਂ ਦੀ ਖਾਤਰ ਆਵਾਜ਼ ਬੁਲੰਦ ਕਰਨ ਦਾ ਹੱਕ ਹੈ।