ਅੰਨਾ ਹਜ਼ਾਰੇ ਅੱਜ ਤੋਂ ਅਪਣੇ ਪਿੰਡ ਬੈਠਣਗੇ ਭੁੱਖ ਹੜਤਾਲ ‘ਤੇ
ਸਮਾਜਿਕ ਕਰਮਚਾਰੀ ਅੰਨਾ ਹਜ਼ਾਰੇ ਨੇ ਇਕ ਵਾਰ ਫਿਰ ਅੰਦੋਲਨ...
ਨਵੀਂ ਦਿੱਲੀ : ਸਮਾਜਿਕ ਕਰਮਚਾਰੀ ਅੰਨਾ ਹਜ਼ਾਰੇ ਨੇ ਇਕ ਵਾਰ ਫਿਰ ਅੰਦੋਲਨ ਕਰਨ ਦਾ ਐਲਾਨ ਕੀਤਾ ਹੈ। ਉਹ ਬੁੱਧਵਾਰ ਨੂੰ ਸਵੇਰੇ 10 ਵਜੇ ਮਹਾਰਾਸ਼ਟਰ ਦੇ ਅਹਿਮਦ ਨਗਰ ਜ਼ਿਲ੍ਹੇ ਸਥਿਤ ਅਪਣੇ ਪਿੰਡ ਰਾਲੇਗਣ ਸਿੱਧੀ ਵਿਚ ਭੁੱਖ ਹੜਤਾਲ ਉਤੇ ਬੈਠਣਗੇ। ਉਨ੍ਹਾਂ ਨੇ ਮੰਗਲਵਾਰ ਨੂੰ ਕੇਂਦਰ ਸਰਕਾਰ ਉਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਲੋਕਪਾਲ ਕਨੂੰਨ ਬਣੇ 5 ਸਾਲ ਹੋ ਗਏ ਅਤੇ ਨਰਿੰਦਰ ਮੋਦੀ ਸਰਕਾਰ ਪੰਜ ਸਾਲ ਤੱਕ ਬਹਾਨੇਬਾਜ਼ੀ ਕਰਦੀ ਰਹੀ। ਉਨ੍ਹਾਂ ਨੇ ਕਿਹਾ ਨਰਿੰਦਰ ਮੋਦੀ ਸਰਕਾਰ ਦੇ ਦਿਲ ਵਿਚ ਜੇਕਰ ਹੁੰਦਾ ਤਾਂ ਕੀ ਇਸ ਵਿਚ 5 ਸਾਲ ਲੱਗਣੇ ਜਰੂਰੀ ਸੀ?
ਅੰਨਾ ਨੇ ਕਿਹਾ ਕਿ ਇਹ ਮੇਰੀ ਭੁੱਖ ਹੜਤਾਲ ਕਿਸੇ ਵਿਅਕਤੀ, ਪੱਖ ਅਤੇ ਪਾਰਟੀ ਦੇ ਵਿਰੁਧ ਨਹੀਂ ਹੈ। ਸਮਾਜ ਅਤੇ ਦੇਸ਼ ਦੀ ਭਲਾਈ ਲਈ ਵਾਰ-ਵਾਰ ਮੈਂ ਅੰਦੋਲਨ ਕਰਦਾ ਆਇਆ ਹਾਂ। ਉਸੀ ਪ੍ਰਕਾਰ ਦਾ ਇਹ ਅੰਦੋਲਨ ਹੈ। ਦੱਸ ਦਈਏ ਕਿ 2011-12 ਵਿਚ ਅੰਨਾ ਹਜ਼ਾਰੇ ਦੀ ਅਗਵਾਈ ਵਿਚ ਦਿੱਲੀ ਦੇ ਰਾਮਲੀਲਾ ਮੈਦਾਨ ਉਤੇ ਤਤਕਾਲੀਨ ਯੂਪੀਏ ਸਰਕਾਰ ਦੇ ਵਿਰੁਧ ਵੱਡਾ ਅੰਦੋਲਨ ਹੋਇਆ ਸੀ।
ਇਹ ਵੀ ਖਾਸ ਗੱਲ ਹੈ ਕਿ ਉਸ ਅੰਦੋਲਨ ਵਿਚ ਸ਼ਾਮਲ ਰਹੇ ਕਈ ਚਿਹਰੇ ਹੁਣ ਸਿਆਸਤ ਵਿਚ ਆ ਚੁੱਕੇ ਹਨ। ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਬਣ ਗਏ ਹਨ। ਕਿਰਨ ਬੇਦੀ ਪੁਡੂਚੇਰੀ ਦੀ ਰਾਜਪਾਲ ਨਿਯੁਕਤ ਹੋ ਚੁੱਕੀ ਹੈ। ਉਥੇ ਹੀ ਅੰਨਾ ਇਕ ਵਾਰ ਫਿਰ ਭੁੱਖ ਹੜਤਾਲ ਉਤੇ ਬੈਠਣ ਜਾ ਰਹੇ ਹਨ। ਇਸ ਵਾਰ ਅੰਦੋਲਨ ਦੀ ਜਗ੍ਹਾਂ ਦਿੱਲੀ ਨਹੀਂ ਬਲਕਿ ਅੰਨਾ ਦਾ ਅਪਣਾ ਪਿੰਡ ਰਾਲੇਗਣ ਸਿੱਧੀ ਹੀ ਹੈ।