ਹਿਮਾਲਿਆ 'ਤੇ ਫਿਰ ਮਿਲੇ ਵਿਸ਼ਾਲ 'ਹਿਮ ਮਾਨਵ' ਦੀ ਹੋਂਦ ਦੇ ਸਬੂਤ
ਭਾਰਤੀ ਫ਼ੌਜ ਨੇ ਟਵਿੱਟਰ 'ਤੇ ਕੁੱਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ਵਿਚ ਬਰਫ਼ 'ਤੇ ਵੱਡੇ-ਵੱਡੇ ਪੈਰਾਂ ਦੇ ਨਿਸ਼ਾਨ ਨਜ਼ਰ ਆ ਰਹੇ ਹਨ।
ਨਵੀਂ ਦਿੱਲੀ: ਭਾਰਤੀ ਫ਼ੌਜ ਨੇ ਪਹਿਲੀ ਵਾਰ ਹਿਮ ਮਾਨਵ ਦੀ ਮੌਜੂਦਗੀ ਨੂੰ ਲੈ ਕੇ ਕੁੱਝ ਸਬੂਤ ਪੇਸ਼ ਕੀਤੇ ਹਨ ਦਰਅਸਲ ਭਾਰਤੀ ਫ਼ੌਜ ਨੇ ਟਵਿੱਟਰ 'ਤੇ ਕੁੱਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ਵਿਚ ਬਰਫ਼ 'ਤੇ ਵੱਡੇ-ਵੱਡੇ ਪੈਰਾਂ ਦੇ ਨਿਸ਼ਾਨ ਨਜ਼ਰ ਆ ਰਹੇ ਹਨ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਹ ਨਿਸ਼ਾਨ 'ਹਿਮ ਮਾਨਵ' ਦੇ ਪੈਰਾਂ ਦੇ ਹੋ ਸਕਦੇ ਹਨ। ਫ਼ੌਜ ਦੇ ਜਨ ਸੂਚਨਾ ਵਿਭਾਗ ਵਲੋਂ ਕੀਤੇ ਗਏ ਇਸ ਟਵੀਟ ਵਿਚ ਕਿਹਾ ਗਿਆ ਹੈ ਕਿ ਪਹਿਲੀ ਵਾਰ ਭਾਰਤੀ ਫ਼ੌਜ ਦੀ ਇਕ ਪਰਬਤਾਰੋਹੀ ਟੀਮ ਨੇ ਮਕਾਲੂ ਬੇਸ ਕੈਂਪ ਦੇ ਨੇੜੇ ਕਰੀਬ 32 ਬਾਈ 15 ਇੰਚ ਵਾਲੇ ਰਹੱਸਮਈ ਹਿਮ ਮਾਨਵ ਦੇ ਪੈਰਾਂ ਦੇ ਨਿਸ਼ਾਨ ਦੇਖੇ ਹਨ।
ਇਹ ਮਾਯਾਵੀ ਸਨੋਅਮੈਨ ਇਸ ਤੋਂ ਪਹਿਲਾਂ ਸਿਰਫ਼ ਮਕਾਲੂ ਬਰੂਨ ਨੈਸ਼ਨਲ ਵਿਚ ਦੇਖਿਆ ਗਿਆ ਸੀ। ਵਿਸ਼ਵ ਦੇ ਸਭ ਤੋਂ ਰਹੱਸਮਈ ਪ੍ਰਾਣੀਆਂ ਵਿਚੋਂ ਇਕ ਹਿਮ ਮਾਨਵ ਦੀ ਕਹਾਣੀ ਲਗਭਗ 100 ਸਾਲ ਪੁਰਾਣੀ ਹੈ। ਕਈ ਵਾਰ ਇਨ੍ਹਾਂ ਨੂੰ ਦੇਖੇ ਜਾਣ ਦੀਆਂ ਖ਼ਬਰਾ ਨਸ਼ਰ ਹੋ ਚੁੱਕੀਆਂ ਹਨ। ਲੱਦਾਖ਼ ਦੇ ਕੁੱਝ ਬੌਧ ਮੱਠਾਂ ਵਲੋਂ ਵੀ ਹਿਮ ਮਾਨਵ ਨੂੰ ਦੇਖਣ ਦਾ ਦਾਅਵਾ ਕੀਤਾ ਜਾ ਚੁੱਕਿਆ ਹੈ। ਉਥੇ ਹੀ ਕੁੱਝ ਖੋਜਕਰਤਾਵਾਂ ਨੇ ਹਿਮ ਮਾਨਵ ਨੂੰ ਮਨੁੱਖ ਨਹੀਂ ਬਲਕਿ ਧਰੁਵੀ ਅਤੇ ਭੂਰੇ ਭਾਲੂ ਦੀ ਕ੍ਰਾਸ ਬ੍ਰੀਡ ਯਾਨੀ ਬੇਰੜੀ ਨਸਲ ਦੱਸਿਆ ਹੈ।
ਕੁੱਝ ਵਿਗਿਆਨੀਆਂ ਦਾ ਕਹਿਣਾ ਹੈ ਕਿ ਹਿਮ ਮਾਨਵ ਇਕ ਵਿਸ਼ਾਲ ਜੀਵ ਹੈ। ਜਿਸ ਦੀ ਸ਼ਕਲੋ ਸੂਰਤ ਬਾਂਦਰਾਂ ਵਰਗੀ ਹੁੰਦੀ ਹੈ ਪਰ ਉਹ ਇਨਸਾਨਾਂ ਵਾਂਗ ਹੀ ਦੋ ਪੈਰਾਂ 'ਤੇ ਚਲਦਾ ਹੈ। ਇਸ ਨੂੰ ਲੈ ਕੇ ਵਿਗਿਆਨੀ ਵੀ ਇਕਮੱਤ ਨਹੀਂ ਪਰ ਭਾਵੇਂ ਜਦੋਂ ਭਾਰਤੀ ਫ਼ੌਜ ਵਲੋਂ ਵੀ ਹਿਮ ਮਾਨਵ ਦੇ ਹੋਣ ਦਾ ਸ਼ੱਕ ਜਤਾਇਆ ਗਿਆ ਹੈ ਤਾਂ ਹਿਮ ਮਾਨਵ ਦੀ ਹੋਂਦ ਨੂੰ ਲੈ ਕੇ ਫਿਰ ਤੋਂ ਚਰਚਾ ਛਿੜ ਗਈ ਹੈ।
ਕੁੱਝ ਖੋਜਕਰਤਾਵਾਂ ਵਲੋਂ ਹਿਮ ਮਾਨਵ ਨੂੰ ਖੋਜਣ ਦੀ ਕੋਸ਼ਿਸ਼ ਵੀ ਕਈ ਵਾਰ ਕੀਤੀ ਜਾ ਚੁੱਕੀ ਹੈ ਪਰ ਅਜੇ ਤਕ ਕਿਸੇ ਖੋਜਕਰਤਾ ਦੇ ਕੁੱਝ ਹੱਥ ਨਹੀਂ ਲੱਗ ਸਕਿਆ। ਖੋਜ ਦੌਰਾਨ ਮਿਲੇ ਕੁੱਝ ਵਾਲਾਂ ਦੇ ਗੁੱਛੇ, ਹੱਡੀਆਂ ਆਦਿ ਤੋਂ ਇਸ ਗੱਲ ਦਾ ਅੰਦਾਜ਼ਾ ਲਗਾਇਆ ਗਿਆ ਹੈ ਕਿ ਹਿਮਾਲਿਆ ਦੇ ਵਿਸ਼ਾਲ ਪਰਬਤਾਂ ਵਿਚ ਕਿਤੇ ਨਾ ਕਿਤੇ ਇਹ ਵਿਸ਼ਾਲ ਹਿਮ ਮਾਨਵ ਨੇ ਅਪਣੇ ਰੈਣ ਬਸੇਰਾ ਬਣਾਇਆ ਹੋਇਆ ਹੈ ਪਰ ਇਸ ਨੂੰ ਲੈ ਕੇ ਭੇਦ ਅਜੇ ਪੂਰੀ ਤਰ੍ਹਾਂ ਨਹੀਂ ਖੁੱਲ੍ਹ ਸਕਿਆ।