3 ਹਜ਼ਾਰ ਕਰੋੜ ਦੀ ਲਾਗਤ ਨਾਲ ਬਣੇ ਸਟੈਚੂ ਆਫ ਯੂਨਿਟੀ ਦੀ ਦਰਸ਼ਕ ਗੈਲਰੀ ‘ਚ ਵੜਿਆ ਪਾਣੀ
3000 ਕਰੋੜ ਦੀ ਭਾਰੀ ਲਾਗਤ ਨਾਲ ਬਣੇ 597 ਫੁੱਟ ਉੱਚੇ ‘ਸਟੈਚੂ ਆਫ ਯੂਨਿਟੀ’ ਵਿਚ ਇਕ ਕਮੀਂ ਰਹਿ ਗਈ।
ਅਹਿਮਦਾਬਾਦ: 3000 ਕਰੋੜ ਦੀ ਭਾਰੀ ਲਾਗਤ ਨਾਲ ਬਣੇ 597 ਫੁੱਟ ਉੱਚੇ ‘ਸਟੈਚੂ ਆਫ ਯੂਨਿਟੀ’ ਵਿਚ ਇਕ ਕਮੀਂ ਰਹਿ ਗਈ। 20 ਜੂਨ ਨੂੰ ਗੁਜਰਾਤ ਵਿਚ ਸਥਿਤ ਸਟੈਚੂ ਆਫ ਯੂਨਿਟੀ ਦੀ ਦਰਸ਼ਕ ਗੈਲਰੀ ਵਿਚ ਬਾਰਸ਼ ਦਾ ਪਾਣੀ ਆ ਗਿਆ ਅਤੇ ਸੈਲਾਨੀਆਂ ਨੇ ਫ਼ਰਸ਼ ‘ਤੇ ਪਾਣੀ ਫੈਲਣ ਅਤੇ ਛੱਤ ਤੋਂ ਪਾਣੀ ਡਿੱਗਣ ਦਾ ਵੀਡੀਓ ਵੀ ਸਾਂਝਾ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ 135 ਮੀਟਰ ਉੱਚੀ ਇਸ ਗੈਲਰੀ ਸਾਹਮਣੇ ਗ੍ਰਿੱਲ ਲੱਗੀ ਹੈ, ਜਿਸ ਨਾਲ ਭਾਰੀ ਬਾਰਸ਼ ਦੌਰਾਨ ਤੇਜ਼ ਹਵਾ ਦੇ ਨਾਲ ਪਾਣੀ ਅੰਦਰ ਵੜ ਜਾਂਦਾ ਹੈ।
ਸੋਸ਼ਲ ਮੀਡੀਆ ‘ਤੇ ਵੀਡੀਓ ਸਾਂਝਾ ਕਰਨ ਵਾਲੇ ਲੋਕਾਂ ਨੇ ਇਸ ਸਥਿਤੀ ‘ਤੇ ਨਿਰਾਸ਼ਾ ਪ੍ਰਗਟ ਕੀਤੀ ਹੈ। ਨਰਮਦਾ ਜ਼ਿਲ੍ਹੇ ਦੇ ਕੇਵੜੀਆ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ 31 ਅਕਤੂਬਰ ਨੂੰ 182 ਮੀਟਰ ਉੱਚੇ ਇਸ ਸਟੈਚੂ ਦਾ ਉਦਘਾਟਨ ਕੀਤਾ ਸੀ। ਇਸ ਨੂੰ ਬਣਾਉਣ ਲਈ ਲਗਭਗ 3000 ਕਰੋੜ ਰੁਪਏ ਦਾ ਖਰਚਾ ਆਇਆ ਸੀ। ਇਕ ਸੈਲਾਨੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਬੜੀ ਆਸ ਨਾਲ ਦੁਨੀਆ ਦੀ ਸਭ ਤੋਂ ਉੱਚੀ ਮੂਰਤੀ ਨੂੰ ਦੇਖਣ ਆਏ ਸਨ। ਪਰ ਉਹਨਾਂ ਨੂੰ ਇਹ ਦੇਖ ਕੇ ਬਹੁਤ ਬੁਰਾ ਲੱਗ ਰਿਹਾ ਹੈ।
ਇਕ ਰਿਪੋਰਟ ਅਨੁਸਾਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਗੈਲਰੀ ਦੇ ਫ਼ਰਸ਼ ‘ਤੇ ਆ ਰਹੇ ਪਾਣੀ ਨੂੰ ਲੀਕੇਜ ਨਹੀਂ ਕਿਹਾ ਜਾ ਸਕਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਗੈਲਰੀ ਖੁੱਲੀ ਹੋਣ ਕਾਰਨ ਇਸ ਫ਼ਰਸ਼ ‘ਤੇ ਪਾਣੀ ਆ ਜਾਂਦਾ ਹੈ। ਇਸ ਮਾਮਲੇ ‘ਤੇ ਜ਼ਿਲ੍ਹਾ ਕਲੇਕਟਰ ਆਈਕੇ ਪਟੇਲ ਨੇ ਕਿਹਾ ਕਿ ਕੁੱਝ ਹਿੱਸਿਆਂ ਵਿਚ ਲੀਕੇਜ ਦੀ ਸਮੱਸਿਆ ਹੈ ਅਤੇ ਹਰ ਸੰਭਵ ਕੋਸ਼ਿਸ਼ ਕਰ ਕੇ ਇਸ ਤੋਂ ਨਿਜਾਤ ਪਾਉਣ ਦੇ ਯਤਨ ਜਾਰੀ ਹਨ। ਉਹਨਾਂ ਕਿਹਾ ਕਿ ਗੈਲਰੀ ਨੂੰ ਬੰਦ ਕਰਨ ਨਾਲ ਇਥੋਂ ਵਧੀਆ ਨਜ਼ਾਰਾ ਨਹੀਂ ਦੇਖਿਆ ਜਾ ਸਕਦਾ।