ਦਵਾ ਕੰਪਨੀ ਵਿਚ ਜ਼ਹਿਰੀਲੀ ਗੈਸ ਲੀਕ, 2 ਲੋਕਾਂ ਦੀ ਹੋਈ ਮੌਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿਚ ਇਕ ਵਾਰ ਫਿਰ ਤੋਂ ਗੈਸ ਲੀਕ ਦੀ ਘਟਨਾ ਸਾਹਮਣੇ ਆਈ ਹੈ।

Photo

ਵਿਸ਼ਾਖਾਪਟਨਮ: ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿਚ ਇਕ ਵਾਰ ਫਿਰ ਤੋਂ ਗੈਸ ਲੀਕ ਦੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ਵਿਚ ਹੁਣ ਤੱਕ 2 ਲੋਕਾਂ ਦੀ ਮੌਤ ਹੋਈ ਹੈ। 4 ਲੋਕਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਰਿਪੋਰਟ ਮੁਤਾਬਕ ਗੈਸ ਲੀਕ ਦੀ ਇਹ ਘਟਨਾ ਪਰਵਦਾ ਸਥਿਤ ਜਵਾਹਰ ਲਾਲ ਨਹਿਰੂ ਫਾਮਰ ਸਿਟੀ ਵਿਚ ਵਾਪਰੀ ਹੈ।

29 ਜੂਨ ਦੀ ਦੇਰ ਰਾਤ ਨੂੰ ਸੈਨਾਰ ਲਾਈਫ ਸਾਇੰਸੇਜ਼ ਪ੍ਰਾਈਵੇਟ ਲਿਮਟਡ ਨਾਂਅ ਦੀ ਕੰਪਨੀ ਵਿਚ  Benzi Medizol ਨਾਂਅ ਦੀ ਜ਼ਹਿਰੀਲੀ ਗੈਸ ਲੀਕ ਹੋਈ। ਕੰਪਨੀ ਵਿਚ ਕੰਮ ਕਰ ਰਹੇ 6 ਲੋਕ ਇਸ ਦੀ ਚਪੇਟ ਵਿਚ ਆ ਗਏ। ਇਹਨਾਂ ਵਿਚੋਂ 2 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 4 ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਕੁਝ ਦਿਨ ਪਹਿਲਾਂ ਵੀ ਵਿਸ਼ਾਖਾਪਟਨਮ ਵਿਚ ਰਾਤ ਮੌਕੇ ਗੈਸ ਲੀਕ ਦੀ ਘਟਨਾ ਵਾਪਰੀ ਸੀ।

ਜ਼ਖਮੀਆਂ ਵਿਚ ਇਕ ਦੀ ਸਥਿਤੀ ਗੰਭੀਰ ਹੈ, ਜਦਕਿ 3 ਲੋਕ ਖਤਰੇ ਤੋਂ ਬਾਹਰ ਹਨ। ਜ਼ਖਮੀਆਂ ਵਿਚ ਦੋ ਕੈਮਿਸਟ ਸ਼ਾਮਲ ਹਨ ਜਦਕਿ ਮਰਨ ਵਾਲਿਆਂ ਵਿਚ ਸ਼ਿਫਟ ਇੰਚਾਰਜ ਆਰ ਨਰਿੰਦਰ ਅਤੇ ਇਕ ਵਿਅਕਤੀ ਗੌਰੀ ਸ਼ੰਕਰ ਸ਼ਾਮਲ ਹਨ।  ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਹਾਦਸੇ ਵਿਚ ਸ਼ਾਮਲ ਲੋਕਾਂ ਕੋਲੋਂ ਪੁੱਛ-ਗਿੱਛ ਦੀ ਕੋਸ਼ਿਸ਼ ਕਰ ਰਹੀ ਹੈ।

ਦੱਸ ਦਈਏ ਕਿ 7 ਮਈ ਨੂੰ ਵਿਸ਼ਾਖਾਪਟਨਮ ਦੇ ਐਲਜੀ ਪਾਲਿਮਰਸ ਕੰਪਨੀ ਦੇ ਇਕ ਪਲਾਂਟ ਵਿਚ ਗੈਸ ਲੀਕ ਹੋਣ ਕਾਰਨ 11 ਲੋਕਾਂ ਦੀ ਮੌਤ ਹੋ ਗਈ ਸੀ। ਇਹ ਹਾਦਸਾ ਇੰਨਾ ਵੱਡਾ ਸੀ ਕਿ ਗੈਸ ਦੀ ਚਪੇਟ ਵਿਚ ਆ ਕੇ ਲੋਕ ਸੜਕ ‘ਤੇ ਬੇਹੋਸ਼ ਹੋ ਕੇ ਡਿੱਗਣ ਲੱਗੇ।