ਕੋਰੋਨਾ ਸੰਕਟ ਤੇ ਚੀਨੀ ਵਿਵਾਦ ਦੇ ਚਲਦਿਆਂ ਅੱਜ ਦੇਸ਼ ਨੂੰ ਸੰਬੋਧਨ ਕਰਨਗੇ ਪੀਐਮ ਮੋਦੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਮੰਗਲਵਾਰ ਸ਼ਾਮ ਨੂੰ ਰਾਸ਼ਟਰ ਨੂੰ ਆਪਣਾ ਸੰਬੋਧਨ ਪੇਸ਼ ਕਰਨ ਜਾ ਰਹੇ ਹਨ।

PM Narendra modi

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਮੰਗਲਵਾਰ ਸ਼ਾਮ ਨੂੰ ਰਾਸ਼ਟਰ ਨੂੰ ਆਪਣਾ ਸੰਬੋਧਨ ਪੇਸ਼ ਕਰਨ ਜਾ ਰਹੇ ਹਨ। ਪ੍ਰਧਾਨ ਮੰਤਰੀ ਮੋਦੀ 30 ਜੂਨ ਨੂੰ ਸ਼ਾਮ 4 ਵਜੇ ਦੇਸ਼ ਨੂੰ ਸੰਬੋਧਨ ਕਰਨਗੇ। ਦੱਸ ਦਈਏ ਕਿ ਇਕ ਪਾਸੇ ਜਿੱਥੇ ਕੋਰੋਨਾ ਵਾਇਰਸ ਦੇ ਅੰਕੜੇ ਤੇਜ਼ੀ ਨਾਲ ਵੱਧ ਰਹੇ ਹਨ, ਉਥੇ ਦੂਜੇ ਪਾਸੇ ਗਲਾਵਾਨਾ ਘਾਟੀ ਵਿਚ ਹਿੰਸਕ ਝੜਪ ਤੋਂ ਬਾਅਦ ਚੀਨ ਨਾਲ ਤਣਾਅ ਜਾਰੀ ਹੈ।

ਅਜਿਹੀ ਸਥਿਤੀ ਵਿਚ ਪ੍ਰਧਾਨ ਮੰਤਰੀ ਮੋਦੀ ਦਾ ਮੰਗਲਵਾਰ ਨੂੰ ਰਾਸ਼ਟਰ ਨੂੰ ਸੰਬੋਧਨ ਕਰਨਾ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ‘ਮਨ ਕੀ ਬਾਤ’ ਪ੍ਰੋਗਰਾਮ ਜ਼ਰੀਏ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕੋਰੋਨਾ ਸੰਕਟ. ਟਿੱਡੀ ਹਲਮੇ ਅਤੇ ਲਦਾਖ ਵਿਚ ਸ਼ਹੀਦ ਹੋਏ ਜਵਾਨਾਂ ਦਾ ਜ਼ਿਕਰ ਕੀਤਾ ਸੀ।

ਪੀਐਮ ਮੋਦੀ ਨੇ ਕਿਹਾ ਕਿ ਸੈਂਕੜੇ ਹਮਲਾਵਰਾਂ ਨੇ ਦੇਸ਼ ਤੇ ਹਮਲਾ ਕੀਤਾ ਸੀ, ਪਰ ਭਾਰਤ ਇਸ ‘ਚੋਂ ਉੱਭਰ ਕੇ ਸਾਹਮਣੇ ਆਇਆ। ਇਸ ਦੇ ਨਾਲ ਹੀ ਚੀਨ ਦਾ ਨਾਮ ਲਏ ਬਿਨਾਂ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਕਿ ਜਿਨ੍ਹਾਂ ਨੇ ਲਦਾਖ ਵਿਚ ਭਾਰਤ ਵੱਲ ਅੱਖ ਚੁੱਕ ਕੇ ਦੇਖਿਆ, ਉਹਨਾਂ ਨੂੰ ਕਰਾਰਾ ਜਵਾਬ ਮਿਲਿਆ ਹੈ।

‘ਮਨ ਕੀ ਬਾਤ’ ਵਿਚ ਪੀਐਮ ਮੋਦੀ ਨੇ ਕਿਹਾ ਸੀ ਕਿ ਕੋਰੋਨਾ ਸੰਕਟ ਕਾਲ ਵਿਚ ਦੇਸ਼ ਲੌਕਡਾਊਨ ਤੋਂ ਬਾਹਰ ਨਿਕਲ ਆਇਆ ਹੈ।  ਹੁਣ ਅਸੀਂ ਅਨਲੌਕ ਦੇ ਦੌਰ ਵਿਚ ਹਾਂ। ਅਨਲੌਕ ਦੇ ਇਸ ਦੌਰ ਵਿਚ ਸਾਨੂੰ ਦੋ ਗੱਲਾਂ ‘ਤੇ ਧਿਆਨ ਦੇਣ ਦੀ ਲੋੜ ਹੈ। ਕੋਰੋਨਾ ਨੂੰ ਹਰਾਉਣਾ ਅਤੇ ਅਰਥਵਿਵਸਥਾ ਨੂੰ ਮਜਬੂਤ ਕਰਨਾ ਤੇ ਤਾਕਤ ਦੇਣਾ।

ਜ਼ਿਕਰਯੋਗ ਹੈ ਕਿ ਦੁਨੀਆ ਦੇ ਕਈ ਦੇਸ਼ਾਂ ਦੀ ਤਰ੍ਹਾਂ ਇਸ ਸਮੇਂ ਭਾਰਤ ਵੀ ਕੋਰੋਨਾ ਵਾਇਰਸ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਦੁਨੀਆ ਦੇ ਦੇਸ਼ਾਂ ਵਿਚ ਕੋਰੋਨਾ ਮਾਮਲਿਆਂ ਵਿਚ ਭਾਰਤ ਚੌਥੇ ਨੰਬਰ ‘ਤੇ ਹੈ। ਦੇਸ਼ ਵਿਚ ਕੋਰੋਨਾ ਵਾਇਰਸ ਦੇ 5 ਲੱਖ 48 ਹਜ਼ਾਰ 318 ਮਾਮਲੇ ਹੋ ਗਏ ਹਨ। ਇਹਨਾਂ ਵਿਚੋਂ 16,475 ਲੋਕਾਂ ਦੀ ਮੌਤ ਹੋ ਚੁੱਕੀ ਹੈ।