ਦੂਸ਼ਿਤ ਭੋਜਨ ਅਤੇ ਪਾਣੀ ਦੀ ਭਾਰੀ ਕੀਮਤ ਦੇ ਰਿਹੈ ਹਿੰਦੁਸਤਾਨ : ਖੋਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੀਵਨ ਲਈ ਜ਼ਰੂਰੀ ਪਾਣੀ ਅਤੇ ਭੋਜਨ ਦੇ ਦੂਸ਼ਿਤ ਹੋਣ ਨਾਲ ਦੇਸ਼ ਨੂੰ ਸਾਲ 2016-17 'ਚ 7,37,457 ਕਰੋੜ ਰੁਪਏ ਦਾ ਨੁਕਸਾਨ ਹੋਇਆ

India releases huge amounts of contaminated food and water: research

ਲਖਨਊ:  ਪ੍ਰਦੂਸ਼ਣ ਦੇ ਦਿਨੋਂ-ਦਿਨ ਗੰਭੀਰ ਹੁੰਦੀ ਸਮੱਸਿਆ ਨਾਲ ਜੂਝ ਰਹੇ ਭਾਰਤ ਨੂੰ ਭੋਜਨ ਅਤੇ ਪਾਣੀ ਦੇ ਦੂਸ਼ਿਤ ਹੋਣ ਦੀ ਬਹੁਤ ਭਾਰੀ ਕੀਮਤ ਚੁਕਾਉਣੀ ਪੈ ਰਹੀ ਹੈ। ਜੇਕਰ ਹਾਲਾਤ ਨੂੰ ਤੁਰਤ ਠੀਕ ਨਹੀਂ ਕੀਤਾ ਗਿਆ ਤਾਂ ਸਾਲ 2022 ਤਕ ਇਹ ਨੁਕਸਾਨ 9,50,000 ਕਰੋੜ ਰੁਪਏ ਦਾ ਅੰਕੜਾ ਵੀ ਛੂਹ ਸਕਦਾ ਹੈ। 
'ਫ਼ਾਊਂਡੇਸ਼ਨ ਫ਼ਾਰ ਮਿਲੇਨੀਅਮ ਸਸਟੇਨੇਬਲ ਡੈਵਲਪਮੈਂਟ ਗੋਲਸ' (ਐਸ.ਡੀ.ਜੀ.) ਅਤੇ ਰਿਸਰਚ ਫ਼ਰਮ ਥਾਟ ਆਰਬਿਟਰੇਜ ਦੇ ਇਕ ਤਾਜ਼ਾ ਖੋਜ 'ਚ ਇਹ ਖੁਲਾਸਾ ਹੋਇਆ ਹੈ।

ਜੀਵਨ ਲਈ ਜ਼ਰੂਰੀ ਪਾਣੀ ਅਤੇ ਭੋਜਨ ਦੇ ਦੂਸ਼ਿਤ ਹੋਣ ਨਾਲ ਦੇਸ਼ ਨੂੰ ਸਾਲ 2016-17 'ਚ 7,37,457 ਕਰੋੜ ਰੁਪਏ ਦਾ ਨੁਕਸਾਨ ਹੋਇਆ। ਇਹ ਧਨ ਰਾਸ਼ੀ ਦੇਸ਼ ਦੇ ਕੁੱਲ ਜੀ.ਡੀ.ਪੀ. ਦਾ 4.8 ਫੀ ਸਦੀ ਹੈ। ਜੇਕਰ ਹਾਲਾਤ ਤੁਰਤ ਨਹੀਂ ਸੰਭਾਲੇ ਗਏ ਤਾਂ ਸਾਲ 2022 ਤੱਕ ਇਹ ਨੁਕਸਾਨ 9,50,000 ਕਰੋੜ ਦਾ ਅੰਕੜਾ ਛੂਹ ਸਕਦਾ ਹੈ। ਖੋਜ ਅਨੁਸਾਰ ਦਸਿਆ ਗਿਆ ਹੈ ਕਿ ਸਰਕਾਰ ਅਤੇ ਹੋਰ ਹਿੱਤਧਾਰਕਾਂ ਲਈ ਇਹ ਜ਼ਰੂਰੀ ਹੈ ਕਿ ਇਹ ਖੁਰਾਕ ਸੁਰੱਖਿਆ ਦੇ ਖੇਤਰ 'ਚ ਪ੍ਰਮਾਣ ਆਧਾਰਤ ਸਮੁਚਿਤ ਪਹਿਲ ਤੈਅ ਕਰਨ। ਉਨ੍ਹਾਂ ਪਹਿਲਾਂ ਦਾ ਮਕਸਦ ਭਾਰਤ ਵਿਚ ਭੋਜਨ ਅਤੇ ਪਾਣੀ ਦੇ ਦੂਸ਼ਿਤ ਹੋਣ ਦੇ ਸਿਲਸਿਲੇ ਨੂੰ ਪ੍ਰਭਾਵੀ ਤਰੀਕੇ ਨਾਲ ਘੱਟ ਕਰਨਾ ਹੋਣਾ ਚਾਹੀਦਾ।

ਫ਼ਾਊਂਡੇਸ਼ਨ ਦੇ ਚੇਅਰਮੈਨ ਡੀ. ਐਸ. ਰਾਵਤ ਨੇ ਇਕੋਨਾਮਿਕ ਬਰਡੇਨ ਆਫ਼ ਫ਼ੂਡ ਐਂਡ ਵਾਟਰ ਕਨਟੈਮੀਨੇਸ਼ਨ ਇਨ ਇੰਡੀਆ (ਭਾਰਤ 'ਚ ਭੋਜਨ ਅਤੇ ਪਾਣੀ ਦੇ ਦੂਸ਼ਿਤ ਹੋਣ ਨਾਲ ਪੈਣ ਵਾਲਾ ਆਰਥਿਕ ਬੋਝ) ਸਿਰਲੇਖ ਵਾਲੇ ਇਕ ਅਧਿਐਨ ਰਿਪੋਰਟ ਨੂੰ ਸੋਮਵਾਰ ਨੂੰ ਜਾਰੀ ਕਰਦੇ ਹੋਏ ਕਿਹਾ ਕਿ ਸਾਲ 2016-17 ਦੌਰਾਨ ਦੂਸ਼ਿਤ ਭੋਜਨ ਅਤੇ ਪਾਣੀ ਕਾਰਨ ਹੋਣ ਵਾਲੀਆਂ ਬੀਮਾਰੀਆਂ ਦੇ ਇਲਾਜ ਦਾ ਕੁੱਲ ਸਿੱਧਾ ਅਨੁਮਾਨਤ ਖ਼ਰਚ 32941 ਕਰੋੜ ਰੁਪਏ ਸੀ।

ਸਿੱਧੇ ਮੈਡੀਕਲ ਖਰਚਿਆਂ 'ਚ ਹਸਪਤਾਲ 'ਚ ਭਰਤੀ ਹੋਣ ਜਾਂ ਨਾ ਭਰਤੀ ਹੋਣ 'ਤੇ ਆਉਣ ਵਾਲਾ ਖ਼ਰਚ ਸ਼ਾਮਲ ਹੈ। ਸੰਚਾਰੀ ਰੋਗਾਂ ਦੀ ਗੱਲ ਕਰੀਏ ਤਾਂ ਦੂਸ਼ਿਤ ਭੋਜਨ ਅਤੇ ਪਾਣੀ ਕਾਰਨ ਸਭ ਤੋਂ ਵਧ ਫੈਲਣ ਵਾਲੀਆਂ ਬੀਮਾਰੀਆਂ ਡਾਇਰੀਆ, ਸਾਹ ਦੀ ਬੀਮਾਰੀ ਅਤੇ ਹੋਰ ਆਮ ਇਨਫ਼ੈਕਸ਼ਨ ਵਾਲੇ ਰੋਗ ਸ਼ਾਮਲ ਹਨ। ਕੁੱਲ ਬੀਮਾਰੀਆਂ 'ਚ ਇਨ੍ਹਾਂ ਦੀ ਹਿੱਸੇਦਾਰੀ 79.4 ਫ਼ੀ ਸਦੀ ਹੈ।

ਉਸ ਤੋਂ ਇਲਾਵਾ ਕੁਪੋਸ਼ਣ ਕਾਰਨ ਹੋਣ ਵਾਲੇ ਰੋਗਾਂ ਦੀ ਹਿੱਸੇਦਾਰੀ 17.3 ਫ਼ੀ ਸਦੀ ਹੈ। ਰਿਪੋਰਟ ਵਿਚ ਇਹ ਗੱਲ ਕਹੀ ਗਈ ਹੈ। ਰਾਵਤ ਨੇ ਕਿਹਾ ਕਿ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਭੋਜਨ ਅਤੇ ਪਾਣੀ ਦਾ ਦੂਸ਼ਿਤ ਹੋਣਾ ਇਕ ਵੱਡਾ ਖ਼ਤਰਾ ਹੈ ਅਤੇ ਸੰਚਾਰੀ ਰੋਗ ਸਾਡੀ ਅਰਥ ਵਿਵਸਥਾ ਅਤੇ ਸਮਾਜ ਲਈ ਕਿਸੇ ਵੀ ਹੋਰ ਚੀਜ਼ ਦੇ ਮੁਕਾਬਲੇ ਕਿਤੇ ਜ਼ਿਆਦਾ ਖਤਰਨਾਕ ਹਨ। 

ਸਾਲ 2016-17 'ਚ ਭਾਰਤ ਵਿਚ ਖਾਣੇ ਅਤੇ ਪਾਣੀ ਦੇ ਦੂਸ਼ਿਤ ਹੋਣ ਕਾਰਨ ਹੋਏ ਸੰਚਾਰੀ ਰੋਗਾਂ ਨਾਲ ਕੁਝ ਡਿਸਏਬਿਲੀਟੀ ਐਡਜਸਟੇਡ ਲਾਈਫ਼ ਈਅਰਜ਼ (ਡੀ.ਏ.ਐਲ.ਵਾਈ.) ਦਾ 68.4 ਫ਼ੀ ਸਦੀ ਬੋਝ ਪਿਆ। ਰਿਪੋਰਟ ਵਿਚ ਭੋਜਨ ਅਤੇ ਪਾਣੀ ਦੀ ਗੁਣਵੱਤਾ ਅਤੇ ਸੁਰੱਖਿਆ ਯਕੀਨੀ ਕਰਨ ਲਈ ਸੰਸਥਾਵਾਂ, ਕਿਸਾਨਾਂ, ਉਦਯੋਗਾਂ, ਉਪਭੋਗਤਾਵਾਂ, ਰੈਸਟੋਰੈਂਟ, ਹੋਟਲ ਅਤੇ ਢਾਬਾ ਸੰਚਾਲਕਾਂ ਲਈ 6 ਪਾਸੜ ਰਣਨੀਤੀ ਦਾ ਸੁਝਾਅ ਦਿਤਾ ਗਿਆ ਹੈ।   (ਪੀਟੀਆਈ)