ਅਗਸਤਾ ਵੈਸਟਲੈਂਡ ਘੁਟਾਲੇ 'ਚ ਕਮਲਨਾਥ ਦੇ ਭਾਣਜੇ 'ਤੇ ਵੱਡੀ ਕਾਰਵਾਈ
ਆਮਦਨ ਵਿਭਾਗ ਨੇ 254 ਕਰੋੜ ਰੁਪਏ ਦੇ ਬੇਨਾਮੀ ਸ਼ੇਅਰ ਜ਼ਬਤ ਕੀਤੇ
ਨਵੀਂ ਦਿੱਲੀ : ਆਮਦਨ ਟੈਕਸ ਵਿਭਾਗ ਨੇ ਮੰਗਲਵਾਰ ਨੂੰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦੇ ਭਾਣਜੇ ਰਤੁਲ ਪੁਰੀ ਦੇ 254 ਕਰੋੜ ਰੁਪਏ ਦੇ ਬੇਨਾਮੀ ਸ਼ੇਅਰ ਜ਼ਬਤ ਕੀਤੇ। ਆਮਦਨ ਵਿਭਾਗ ਦੇ ਅਧਿਕਾਰੀ ਨੇ ਦਸਿਆ ਕਿ ਬੇਨਾਮੀ ਪ੍ਰਾਪਰਟੀ ਟਰਾਂਜੈਕਸ਼ਨ ਐਕਟ ਤਹਿਤ ਰਤੁਲ ਦੇ ਨਾਂ 'ਤੇ ਬੇਨਾਮੀ ਸ਼ੇਅਰ ਨੂੰ ਜ਼ਬਤ ਕਰਨ ਦਾ ਪ੍ਰੋਵਿਜ਼ਨਲ ਆਰਡਰ ਜਾਰੀ ਕੀਤਾ ਗਿਆ ਸੀ।
ਉਨ੍ਹਾਂ ਦਸਿਆ ਕਿ ਇਹ ਰਕਮ ਆਪਟਿਮਾ ਇਨਫ਼ਰਾਸਟਰੱਕਚਰ ਪ੍ਰਾ. ਲਿ. 'ਚ ਐਫਡੀਆਈ ਨਿਵੇਸ਼ ਤੋਂ ਪ੍ਰਾਪਤ ਹੋਈ ਸੀ। ਇਕ ਹੋਰ ਕੰਪਨੀ ਐਚਈਪੀਸੀਐਲ ਦੇ ਨਾਂ 'ਤੇ ਉਨ੍ਹਾਂ ਨੇ ਸੌਰ ਪੈਨਲ ਦਰਾਮਦ ਕਰਨ ਲਈ ਜ਼ਿਆਦਾ ਚਾਲਾਨ ਬਣਾਏ ਅਤੇ ਉਸ ਰਾਹੀਂ 254 ਕਰੋੜ ਰੁਪਏ ਕਮਾਏ। ਇਹ ਕੰਪਨੀ ਦੁਬਈ ਸਥਿਤ ਇਕ ਆਪਰੇਟਰ ਦੀ ਸ਼ੇਲ ਕੰਪਨੀ ਹੈ, ਜਿਸ ਦਾ ਸੰਚਾਲਨ ਦੁਬਈ 'ਚ ਰਾਜੀਵ ਸਕਸੈਨਾ ਕਰਦਾ ਸੀ। ਉਹ ਵੀ ਇਸ ਅਗਸਤਾ ਵੈਟਸਲੈਂਡ (ਹੈਲੀਕਾਪਟਰ) ਘੁਟਾਲੇ ਦਾ ਦੋਸ਼ੀ ਹੈ ਅਤੇ ਈਡੀ ਦੀ ਗ੍ਰਿਫ਼ਤ 'ਚ ਹੈ।
ਇਸ ਤੋਂ ਪਹਿਲਾਂ ਇਨਫ਼ੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸੋਮਵਾਰ ਨੂੰ ਦਿੱਲੀ ਦੀ ਅਦਾਲਤ 'ਚ ਕਿਹਾ ਸੀ ਕਿ ਰਤੁਲ ਨੇ ਅਗਸਤਾ ਵੈਸਟਲੈਂਡ ਵੀਵੀਆਈਪੀ ਹੈਲੀਕਾਪਟਰ ਘੁਟਾਲੇ 'ਚ ਰਕਮ ਪ੍ਰਾਪਤ ਕੀਤੀ ਸੀ। ਈਡੀ ਨੇ ਵਿਸ਼ੇਸ਼ ਜੱਜ ਅਰਵਿੰਦ ਕੁਮਾਰ ਦੀ ਅਦਾਲਤ 'ਚ ਅੰਤਰਿਮ ਜ਼ਮਾਨਤ ਪਟੀਸ਼ਨ ਦੀ ਸੁਣਵਾਈ ਦੌਰਾਨ ਇਹ ਦੋਸ਼ ਲਗਾਏ। ਅਦਾਲਤ ਨੇ ਰਤੁਲ ਦੀ ਗ੍ਰਿਫ਼ਤਾਰੀ 'ਤੇ ਇਕ ਦਿਨ ਲਈ ਰੋਕ ਲਗਾ ਦਿੱਤੀ ਸੀ।
ਹਿੰਦੁਸਤਾਨ ਪਾਵਰ ਪ੍ਰਾਜੈਕਟਸ ਪ੍ਰਾਈਵੇਟ ਲਿਮਟਿਡ ਦੇ ਪ੍ਰਧਾਨ ਰਤੁਲ ਪੁਰੀ 27 ਜੁਲਾਈ ਨੂੰ ਕੋਰਟ ਪਹੁੰਚੇ ਸਨ ਅਤੇ ਮਾਮਲੇ 'ਚ ਮੋਹਰੀ ਜ਼ਮਾਨਤ ਮੰਗੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਜਾਣ ਦਾ ਡਰ ਹੈ। ਕੋਰਟ ਨੇ ਸਨਿਚਰਵਾਰ ਨੂੰ ਉਨ੍ਹਾਂ ਨੂੰ 29 ਜੁਲਾਈ ਤਕ ਲਈ ਅੰਤਰਿਮ ਸੁਰੱਖਿਆ ਪ੍ਰਦਾਨ ਕੀਤਾ ਸੀ। ਉਨ੍ਹਾਂ ਨੇ ਸੁਣਵਾਈ ਦੌਰਾਨ ਚੀਫ਼ ਜਸਟਿਸ ਅਰਵਿੰਦ ਕੁਮਾਰ ਨੂੰ ਕਿਹਾ ਸੀ ਕਿ ਉਹ ਜਾਂਚ 'ਚ ਸਹਿਯੋਗ ਕਰ ਰਹੇ ਹਨ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਕੋਈ ਲੋੜ ਨਹੀਂ ਹੈ।
ਕੀ ਹੈ ਅਗਸਤਾ ਮਾਮਲਾ :
ਅਗਸਤਾ ਵੈਸਟਲੈਂਡ ਕੰਪਨੀ ਤੋਂ 12 ਵੀਵੀਆਈਪੀ ਹੈਲੀਕਾਪਟਰ ਖਰੀਦੇ ਜਾਣੇ ਸਨ। ਇਸ ਦੇ ਲਈ ਬ੍ਰਿਟਿਸ਼ ਵਿਚੋਲੇ ਮਿਸ਼ੇਲ ਸਮੇਤ ਤਿੰਨ ਵਿਚੋਲਿਆਂ (ਗੁਇਡੋ ਹਸ਼ਕੇ ਅਤੇ ਕਾਰਲੋ ਗੇਰੋਸਾ) ਦੇ ਜ਼ਰੀਏ ਕਥਿਤ ਤੌਰ 'ਤੇ ਦੋ ਭਾਰਤੀਆਂ ਨੂੰ ਰਿਸ਼ਵਤ ਦਿੱਤੀ ਗਈ ਸੀ। ਮਿਸ਼ੇਲ ਨੇ ਦੁਬਈ ਦੀ ਆਪਣੀ ਕੰਪਨੀ ਗਲੋਬਲ ਸਰਵਿਸਿਜ਼ ਦੇ ਜ਼ਰੀਏ ਇਹ ਰਕਮ ਹਾਸਿਲ ਕੀਤੀ ਸੀ। ਦਸਿਆ ਜਾਂਦਾ ਹੈ ਕਿ ਯੂਪੀਏ ਸਰਕਾਰ ਦੇ ਕਾਰਜਕਾਲ ਵਿਚ ਇਨ੍ਹਾਂ ਵਿਚੋਲਿਆਂ ਨੇ ਭਾਰਤੀ ਹਵਾਈ ਫ਼ੌਜ ਦੇ ਅਫਸਰਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ। ਕਿਹਾ ਜਾਂਦਾ ਹੈ ਕਿ ਇਸ ਦੇ ਬਾਅਦ ਹੀ ਹੈਲੀਕਾਪਟਰ ਖਰੀਦਣ ਦੀ ਇਕ ਲਾਜ਼ਮੀ ਸ਼ਰਤ ਵਿਚ ਛੋਟ ਦਿੱਤੀ ਜਿਸ ਤਹਿਤ ਸਾਲ 2005 ਵਿਚ ਹੈਲੀਕਾਪਟਰ ਦੀ ਉੜਾਨ ਦੀ ਉਚਾਈ ਦੀ ਸੀਮਾ 6000 ਮੀਟਰ ਤੋਂ ਘੱਟ ਕਰ ਕੇ 4500 ਮੀਟਰ ਕਰ ਦਿੱਤੀ ਗਈ ਸੀ।