ਉਨਾਵ ਬਲਾਤਕਾਰ ਮਾਮਲਾ : ਹਾਦਸੇ ਤੋਂ ਪਹਿਲਾਂ ਪੀੜਤ ਲੜਕੀ ਨੇ ਮੁੱਖ ਜੱਜ ਨੂੰ ਲਿਖੀ ਸੀ ਚਿੱਠੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੂਰੇ ਪਰਵਾਰ ਨੂੰ ਫਰਜ਼ੀ ਮੁਕੱਦਮੇ ਵਿਚ ਫਸਾ ਕੇ ਨੂੰ ਜੇਲ ਭੇਜਣ ਦੀ ਧਮਕੀ ਦਿੱਤੀ ਸੀ

Unnao rape victim wrote to CJI about ‘threat’

ਲਖਨਊ : ਉਨਾਵ ਬਲਾਤਕਾਰ ਪੀੜਤਾ ਨੇ ਹਾਦਸੇ ਤੋਂ ਲਗਭਗ 2 ਹਫ਼ਤੇ ਪਹਿਲਾਂ ਦੇਸ਼ ਦੇ ਮੁੱਖ ਜੱਜ (ਸੀਜੇਆਈ) ਰੰਜਨ ਗੋਗੋਈ ਨੂੰ ਚਿੱਠੀ ਲਿਖ ਕੇ ਆਪਣੀ ਪ੍ਰੇਸ਼ਾਨੀ ਦਸਦਿਆਂ ਉਨ੍ਹਾਂ ਨੂੰ ਮਦਦ ਦੀ ਅਪੀਲ ਕੀਤੀ ਸੀ। ਇਕ ਨਿਊਜ਼ ਏਜੰਸੀ ਦੀ ਖ਼ਬਰ ਮੁਤਾਬਕ ਪੀੜਤਾ ਨੇ 12 ਜੁਲਾਈ 2019 ਨੂੰ ਜਸਟਿਸ ਰੰਜਨ ਗੋਗੋਈ ਨੂੰ ਚਿੱਠੀ ਲਿਖੀ ਸੀ। ਚਿੱਠੀ 'ਚ ਪੀੜਤਾ ਨੇ ਕਿਹਾ ਸੀ ਕਿ ਕਿਵੇਂ ਉਸ ਨੂੰ ਅਤੇ ਉਸ ਦੇ ਪਰਵਾਰ ਨੂੰ ਧਮਕਾਇਆ ਜਾ ਰਿਹਾ ਹੈ। ਉਸ ਨੇ ਮੁਲਜ਼ਮਾਂ ਵਿਰੁਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਸੀ।

ਪੀੜਤਾ ਵਲੋਂ ਲਿਖੀ ਚਿੱਠੀ 'ਚ ਕਿਹਾ ਗਿਆ ਹੈ ਕਿ 7 ਜੁਲਾਈ 2019 ਨੂੰ ਦੋਸ਼ੀ ਸ਼ਸ਼ੀ ਸਿੰਘ ਦੇ ਬੇਟੇ ਨਵੀਨ ਸਿੰਘ, ਵਿਧਾਇਕ ਕੁਲਦੀਪ ਸਿੰਘ ਸੇਂਗਰ ਦੇ ਭਰਾ ਮਨੋਜ ਸਿੰਘ ਸੇਂਗਰ, ਕੁਨੂੰ ਮਿਸ਼ਰਾ ਅਤੇ ਦੋ ਅਣਪਛਾਤੇ ਵਿਅਕਤੀ ਵਲੋਂ ਘਰ ਆ ਕੇ ਧਮਕੀ ਦਿਤੀ ਗਈ। ਪੱਤਰ 'ਚ ਸੁਲਾਹ ਨਾ ਕਰਨ ਦੀ ਸਥਿਤੀ 'ਚ ਫਰਜ਼ੀ ਮੁਕੱਦਮੇ ਵਿਚ ਫਸਾ ਕੇ ਸਾਰਿਆਂ ਨੂੰ ਜੇਲ ਭੇਜਣ ਦੀ ਧਮਕੀ ਦਿੱਤੀ ਸੀ। ਪੱਤਰ 'ਚ ਪੀੜਤ ਪਰਵਾਰ ਨੇ ਮਾਮਲੇ 'ਚ ਐਫ.ਆਈ.ਆਰ. ਦਰਜ ਕਰ ਕੇ ਕਾਰਵਾਈ ਦੀ ਵੀ ਅਪੀਲ ਕੀਤੀ ਸੀ।

ਪੀੜਤਾ ਦੇ ਚਾਚਾ ਨੂੰ ਮਿਲੀ ਪੈਰੋਲ :
ਉਨਾਵ ਬਲਾਤਕਾਰ ਮਾਮਲੇ 'ਚ ਪੀੜਤਾ ਦੇ ਚਾਚੇ ਨੂੰ 18 ਘੰਟੇ ਦੀ ਪੈਰੋਲ ਮਿਲੀ ਹੈ। ਇਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਨੇ ਪਰਵਾਰ ਵਾਲਿਆਂ ਦੀ ਪਟੀਸ਼ਨ 'ਤੇ ਪਤਨੀ ਦਾ ਅੰਤਮ ਸੰਸਕਾਰ ਕਰਨ ਲਈ ਚਾਚਾ ਨੂੰ 18 ਘੰਟੇ ਦੀ ਪੈਰੋਲ ਦਿਤੀ ਹੈ। ਪੈਰੋਲ ਦੀ ਮਿਆਦ ਬੁਧਵਾਰ ਸਵੇਰ ਤੋਂ ਸ਼ੁਰੂ ਹੋ ਕੇ ਰਾਤ 12 ਵਜੇ ਤਕ ਹੋਵੇਗੀ। ਜ਼ਿਕਰਯੋਗ ਹੈ ਕਿ 28 ਜੁਲਾਈ ਨੂੰ ਰਾਏ ਬਰੇਲੀ 'ਚ ਹੋਏ ਹਾਦਸੇ ਵਿਚ ਪੀੜਤਾ ਦੀ ਚਾਚੀ ਅਤੇ ਮਾਸੀ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਪੀੜਤਾ ਦੇ ਪਰਵਾਰ ਵਾਲੇ ਮੰਗ ਕਰ ਰਹੇ ਸਨ ਕਿ ਰਿਸ਼ਤੇਦਾਰਾਂ ਦੇ ਅੰਤਮ ਸਸਕਾਰ ਲਈ ਉਸ ਦੇ ਚਾਚਾ ਨੂੰ ਜ਼ਮਾਨਤ ਦਿਤੀ ਜਾਵੇ। ਇਸ ਮੰਗ ਨੂੰ ਲੈ ਕੇ ਪੀੜਤਾ ਦੇ ਪਰਵਾਰ ਵਾਲੇ ਮੰਗਲਵਾਰ ਸਵੇਰ ਕੇ.ਜੀ.ਐਮ.ਯੂ. ਦੇ ਸਾਹਮਣੇ ਧਰਨੇ 'ਤੇ ਬੈਠ ਗਏ ਸਨ। ਪੈਰੋਲ ਦੌਰਾਨ ਪੀੜਤਾ ਦੇ ਚਾਚਾ ਪੁਲਿਸ ਸੁਰੱਖਿਆ 'ਚ ਰਹਿਣਗੇ। 

ਇਹ ਹੈ ਮਾਮਲਾ :
ਜ਼ਿਕਰਯੋਗ ਹੈ ਕਿ ਪੀੜਤ ਲੜਕੀ ਦਾ ਦੋਸ਼ ਸੀ ਕਿ ਉਸ ਨਾਲ 4 ਜੂਨ 2017 ਨੂੰ ਵਿਧਾਇਕ ਕੁਲਦੀਪ ਸਿੰਘ ਸੇਂਗਰ ਅਤੇ ਉਸ ਦੇ ਸਾਥੀਆਂ ਨੇ ਸਮੂਹਕ ਬਲਾਤਕਾਰ ਕੀਤਾ ਸੀ। ਪੀੜਤਾ ਵਿਧਾਇਕ ਦੇ ਘਰ ਆਪਣੇ ਇਕ ਰਿਸ਼ਤੇਦਾਰ ਨਾਲ ਨੌਕਰੀ ਮੰਗਣ ਗਈ ਸੀ। ਜਦ ਉਸ ਨੇ ਵਿਰੋਧ ਕੀਤਾ ਤਾਂ ਵਿਧਾਇਕ ਨੇ ਪਰਵਾਰ ਵਾਲਿਆਂ ਨੂੰ ਮਾਰਨ ਦੀ ਧਮਕੀ ਦਿਤੀ। ਜਦ ਉਹ ਥਾਣੇ ਗਈ ਤਾਂ ਐਫਆਈਆਰ ਨਹੀਂ ਲਿਖੀ। ਇਸ ਤੋਂ ਬਾਅਦ ਤਹਿਰੀਰ ਬਦਲ ਦਿਤੀ ਗਈ। ਜਦ ਮੁੱਖ ਮੰਤਰੀ ਨੂੰ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਇਨਸਾਫ਼ ਦਾ ਭਰੋਸਾ ਦਿਵਾਇਆ ਸੀ। ਉਸ ਤੋਂ ਬਾਅਦ ਕੁਲਦੀਪ ਸੇਂਗਰ ਵਿਰੁਧ ਮਾਮਲਾ ਦਰਜ ਕਰ ਕੇ ਗ੍ਰਿਫ਼ਤਾਰ ਕੀਤਾ ਗਿਆ ਸੀ। ਬੀਤੇ ਐਤਵਾਰ ਰਾਏਬਰੇਲੀ 'ਚ ਇਕ ਤੇਜ਼ ਰਫ਼ਤਾਰ ਟਰੱਕ ਨੇ ਕਾਰ ਨੂੰ ਟੱਕਰ ਮਾਰ ਦਿਤੀ ਸੀ, ਜਿਸ 'ਚ ਪੀੜਤਾ ਗੰਭੀਰ ਜ਼ਖ਼ਮੀ ਹੋ ਗਈ ਸੀ। ਇਸ ਹਾਦਸੇ 'ਚ ਉਸ ਦੀ ਚਾਚੀ ਅਤੇ ਮਾਸੀ ਦੀ ਮੌਤ ਹੋ ਗਈ ਸੀ।