ਰਾਮ ਜਨਮਭੂਮੀ ਦੇ ਪੁਜਾਰੀ ਕੋਰੋਨਾ ਪਾਜ਼ੇਟਿਵ, 16 ਪੁਲਿਸ ਕਰਮਚਾਰੀ ਵੀ ਹੋਏ ਕੋਰੋਨਾ ਦਾ ਸ਼ਿਕਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਉੱਤਰ ਪ੍ਰਦੇਸ਼ ਦੇ ਅਯੋਧਿਆ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ।

Ram Temple

ਅਯੋਧਿਆ: ਉੱਤਰ ਪ੍ਰਦੇਸ਼ ਦੇ ਅਯੋਧਿਆ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਰਾਮ ਮੰਦਰ ਦੇ ਨੀਂਹ ਪੱਥਰ ਸਮਾਗਮ ਤੋਂ ਪਹਿਲਾਂ ਹੋਣ ਵਾਲੀ ਪੂਜਾ ਦੀਆਂ ਤਿਆਰੀਆਂ ਵਿਚ ਕੋਰੋਨਾ ਨੇ ਦਸਤਕ ਦੇ ਦਿੱਤੀ ਹੈ। ਇੱਥੇ ਤਿਆਰੀਆਂ ਵਿਚ ਲੱਗੇ ਸਾਧੂ-ਸੰਤ ਅਤੇ ਪੁਲਿਸ ਕਰਮਚਾਰੀ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਰਹੇ ਹਨ।

ਤਾਜ਼ਾ ਖ਼ਬਰ ਅਨੁਸਾਰ ਰਾਮ ਜਨਮਭੂਮੀ ਦੇ ਪੁਜਾਰੀ ਪ੍ਰਦੀਪ ਦਾਸ ਕੋਰੋਨਾ ਪਾਜ਼ੇਟਿਵ ਗਏ ਹਨ। ਉਹ ਮੁੱਖ ਪੁਜਾਰੀ ਆਚਾਰਿਆ ਸਤਿੰਦਰ ਦਾਸ ਦਾ ਚੇਲਾ ਹੈ। ਉਹ ਇਕੱਠੇ ਰਾਮ ਜਨਮਭੂਮੀ ਦੀ ਪੂਜਾ ਕਰਦੇ ਹਨ।  ਹੁਣ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਪੁਜਾਰੀ ਨੂੰ ਹੋਮ ਕੁਆਰੰਟੀਨ ਕਰ ਦਿੱਤਾ ਗਿਆ ਹੈ।

ਉੱਥੇ ਹੀ ਰਾਮ ਜਨਮਭੂਮੀ ਦੀ ਸੁਰੱਖਿਆ ਵਿਚ ਲੱਗੇ 16 ਪੁਲਿਸ ਕਰਮਚਾਰੀ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ, ਜਿਸ ਤੋਂ ਬਾਅਦ ਇਲਾਕੇ ਵਿਚ ਹੜਕੰਪ ਮਚਿਆ ਹੋਇਆ ਹੈ। ਦੱਸ ਦਈਏ ਕਿ 5 ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਯੋਧਿਆ ਆਉਣ ਵਾਲੇ ਹਨ। ਉਹ ਰਾਮ ਮੰਦਰ ਦੇ ਨੀਂਹ ਪੱਥਰ ਸਮਾਗਮ ਵਿਚ ਸ਼ਾਮਲ ਹੋਣਗੇ।

ਇਸ ਦੌਰਾਨ ਮੁੱਖ ਮੰਤਰੀ ਯੋਗੀ ਅਦਿੱਤਿਯਨਾਥ ਅਤੇ ਕਈ ਹੋਰ ਮੰਤਰੀ ਵੀ ਸ਼ਾਮਲ ਹੋਣਗੇ। ਅਯੋਧਿਆ ਵਿਚ ਪ੍ਰਧਾਨ ਮੰਤਰੀ ਦੇ ਦੌਰੇ ਨੂੰ ਲੈ ਕੇ ਸੁਰੱਖਿਆ ਸਖ਼ਤ ਕੀਤੀ ਗਈ ਹੈ।  ਨੀਂਹ ਪੱਥਰ ਸਮਾਗਮ ਦੌਰਾਨ ਹੋਣ ਵਾਲੀ ਪੂਜਾ ਵਿਚ ਪ੍ਰਧਾਨ ਮੰਤਰੀ ਸਮੇਤ 20 ਲੋਕ ਸ਼ਿਰਕਤ ਕਰਨਗੇ। ਕੋਰੋਨਾ ਮਹਾਂਮਾਰੀ ਕਾਰਨ ਇਸ ਸਮਾਗਮ ਵਿਚ ਜ਼ਿਆਦਾ ਲੋਕਾਂ ਨੂੰ ਸੱਦਾ ਨਹੀਂ ਦਿੱਤਾ ਗਿਆ ਹੈ।