ਰਾਮ ਮੰਦਰ ਸਮਾਗਮ ਵਿਚ ਪ੍ਰਧਾਨ ਮੰਤਰੀ ਦੀ ਸੰਭਾਵੀ ਸ਼ਮੂਲੀਅਤ ਦਾ ਓਵੈਸੀ ਨੇ ਕੀਤਾ ਵਿਰੋਧ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ-ਪ੍ਰਧਾਨ ਮੰਤਰੀ ਦੀ ਸਮਾਗਮ ਵਿਚ ਮੌਜੂਦਗੀ ਸੰਵਿਧਾਨਕ ਸਹੁੰ ਦੀ ਉਲੰਘਣਾ

Asaduddin Owaisi

ਹੈਦਰਾਬਾਦ : ਅਯੋਧਿਆ ਵਿਚ ਪੰਜ ਅਗੱਸਤ ਨੂੰ ਰਾਮ ਮੰਦਰ ਦੇ ਨੀਂਹ ਪੱਥਰ ਸਮਾਗਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੰਭਾਵੀ ਮੌਜੂਦਗੀ ਦਾ ਏਆਈਐਮਆਈਐਮ ਮੁਖੀ ਅਸਦੂਦੀਨ ਓਵੈਸੀ ਨੇ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਨਾ ਪ੍ਰਧਾਨ ਮੰਤਰੀ ਦੁਆਰਾ ਲਈ ਗਈ ਸੰਵਿਧਾਨਕ ਸਹੁੰ ਦੀ ਉਲੰਘਣਾ ਕਰਨ ਜਿਹਾ ਹੋਵੇਗਾ।

ਉਧਰ, ਵਿਸ਼ਵ ਹਿੰਦੂ ਪਰਿਸ਼ਦ ਨੇ ਲੋਕਾਂ ਨੂੰ ਪੰਜ ਅਗੱਸਤ ਵਾਲੇ ਦਿਨ ਜਸ਼ਨ ਮਨਾਉਣ ਦਾ ਸੱਦਾ ਦਿਤਾ ਹੈ। ਓਵੈਸੀ ਨੇ ਟਵਿਟਰ 'ਤੇ ਕਿਹਾ, 'ਅਧਿਕਾਰਤ ਅਹੁਦੇ 'ਤੇ ਰਹਿੰਦਿਆਂ ਭੂਮੀ ਪੂਜਨ ਵਿਚ ਸ਼ਾਮਲ ਹੋਣਾ ਪ੍ਰਧਾਨ ਦੀ ਸੰਵਿਧਾਨਕ ਸਹੁੰ ਦੀ ਉਲੰਘਣਾ ਹੋਵੇਗਾ।

ਧਰਮਨਿਰਪੱਖਤਾ ਸੰਵਿਧਾਨ ਦੇ ਮੂਲ ਢਾਂਚੇ ਦਾ ਹਿੱਸਾ ਹੈ।' ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਮੈਂਬਰਾਂ ਮੁਤਾਬਕ ਰਾਮ ਮੰਦਰ ਨਿਰਮਾਣ ਦੀ ਸ਼ੁਰੂਆਤ ਦੇ ਸਬੰਧ ਵਿਚ ਪੰਜ ਅਗੱਸਤ ਨੂੰ ਹੋਣ ਵਾਲੇ ਸਮਾਗਮ ਵਿਚ ਮੋਦੀ ਦੇ ਸ਼ਾਮਲ ਹੋਣ ਦੀ ਸੰਭਵਾਨਾ ਹੈ।

ਸੀਨੀਅਰ ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਅਤੇ ਆਰਐਸਐਸ ਮੁਖੀ ਮੋਹਨ ਭਾਗਵਤ ਉਨ੍ਹਾਂ ਲੋਕਾਂ ਵਿਚ ਸ਼ਾਮਲ ਹਨ ਜਿਨ੍ਹਾਂ ਨੂੰ ਸਮਾਗਮ ਵਿਚ ਸੱਦਿਆ ਗਿਆ ਹੈ। ਓਵੈਸੀ ਨੇ ਇਕ ਹੋਰ ਟਿਪਣੀ ਕਰਦਿਆਂ ਕਿਹਾ, 'ਅਸੀਂ ਨਹੀਂ ਭੁੱਲ ਸਕਦੇ ਕਿ ਅਯੋਧਿਆ ਵਿਚ 400 ਸਾਲ ਤੋਂ ਵੱਧ ਸਮੇਂ ਤਕ ਬਾਬਰੀ ਮਸਜਿਦ ਖੜੀ ਰਹੀ ਅਤੇ ਇਸ ਨੂੰ 1992 ਵਿਚ ਅਪਰਾਧਕ ਭੀੜ ਨੇ ਤੋੜ ਦਿਤਾ।'

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।