ਰਿਹਾਇਸ਼ੀ ਇਲਾਕੇ 'ਚ ਜੰਗਲੀ ਭਾਲੂ ਦਾ ਹਮਲਾ, ਕਈ ਲੋਕ ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਫ਼ੀ ਮਸ਼ੱਕਤ ਮਗਰੋਂ ਵਣ ਵਿਭਾਗ ਨੇ ਕਾਬੂ ਕੀਤਾ ਭਾਲੂ

bear

ਕਾਲਾਂਹਾਂਡੀ : ਓਡੀਸ਼ਾ ਵਿਚ ਕਾਲਾਹਾਂਡੀ ਜ਼ਿਲ੍ਹੇ ਦੇ ਕਸਬਾ ਭਵਾਨੀਪਟਨਾ ਵਿਖੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਫੈਲ ਗਿਆ ਜਦੋਂ ਇਕ ਜੰਗਲੀ ਭਾਲੂ ਨੇ ਰਿਹਾਇਸ਼ੀ ਇਲਾਕੇ ਵਿਚ ਦਾਖ਼ਲ ਹੋ ਕੇ ਲੋਕਾਂ 'ਤੇ ਹਮਲਾ ਕਰ ਦਿੱਤਾ। 

ਦੇਖਦੇ ਹੀ ਉਥੇ ਲੋਕਾਂ ਦਾ ਹਜ਼ੂਮ ਇਕੱਠਾ ਹੋ ਗਿਆ ਅਤੇ ਲੋਕ ਭਾਲੂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਵਿਚ ਡੰਡੇ ਸੋਟੇ ਲੈ ਕੇ ਆ ਗਏ। ਇਸ ਦੌਰਾਨ ਭਾਲੂ ਨੇ ਇਕ ਵਿਅਕਤੀ 'ਤੇ ਹਮਲਾ ਕਰਕੇ ਉਸ ਨੂੰ ਜ਼ਮੀਨ 'ਤੇ ਸੁੱਟ ਦਿੱਤਾ ਅਤੇ ਉਸ ਨੂੰ ਕੱਟਣ ਲੱਗਿਆ।

 ਪਰ ਕੁੱਝ ਲੋਕਾਂ ਨੇ ਅੱਗੇ ਹੋ ਕੇ ਭਾਲੂ ਦੇ ਡੰਡੇ ਮਾਰਨੇ ਸ਼ੁਰੂ ਕਰ ਦਿੱਤੇ ਤਾਂ ਜਾ ਕੇ ਭਾਲੂ ਨੇ ਉਸ ਵਿਅਕਤੀ ਨੂੰ ਅਪਣੇ ਚੁੰਗਲ ਵਿਚੋਂ ਛੱਡਿਆ। ਇਸ ਦੌਰਾਨ ਵਿਅਕਤੀ ਕਾਫ਼ੀ ਜ਼ਖਮੀ ਹੋ ਗਿਆ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ।

ਇਸ ਦੌਰਾਨ ਲੋਕਾਂ ਦੀ ਵੱਡੀ ਭੀੜ ਨਾਲ ਪੂਰੀ ਸੜਕ ਜਾਮ ਹੋ ਗਈ। ਵੱਡੀ ਗਿਣਤੀ ਵਿਚ ਮੋਟਰਸਾਈਕਲ, ਸਕੂਟਰ ਅਤੇ ਹੋਰ ਵਾਹਨ ਖੜ੍ਹੇ ਹੋ ਗਏ। ਇਸ ਦੌਰਾਨ ਭਾਲੂ ਨੇ ਕਈ ਲੋਕਾਂ ਨੂੰ ਜ਼ਖ਼ਮੀ ਕਰ ਦਿੱਤਾ, ਜਿਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ।

ਲੋਕਾਂ ਵਿਚੋਂ ਕਿਸੇ ਨੇ ਇਸ ਘਟਨਾ ਦੀ ਸੂਚਨਾ ਵਣ ਵਿਭਾਗ ਦੇ ਅਧਿਕਾਰੀਆਂ ਨੂੰ ਦਿੱਤੀ, ਜਿਸ ਤੋਂ ਬਾਅਦ ਵਣ ਵਿਭਾਗ ਦੀ ਟੀਮ ਭਾਲੂ ਨੂੰ ਕਾਬੂ ਕਰਨ ਲਈ ਪਹੁੰਚ ਗਈ ਅਤੇ ਉਨ੍ਹਾਂ ਨੇ ਕਾਫ਼ੀ ਮਸ਼ੱਕਤ ਤੋਂ ਬਾਅਦ ਭਾਲੂ 'ਤੇ ਕਾਬੂ ਪਾਇਆ ਅਤੇ ਅਪਣੇ ਨਾਲ ਲੈ ਗਈ। ਦੱਸ ਦਈਏ ਕਿ ਇਸ ਇਲਾਕੇ ਵਿਚ ਪਹਿਲਾਂ ਵੀ ਕਈ ਵਾਰ ਭਾਲੂਆਂ ਵੱਲੋਂ ਹਮਲਾ ਕੀਤੇ ਜਾਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਨੇ।