ਰਿਹਾਅ ਕੀਤੇ ਜਾਣ ਵਾਲੇ ਸਿੱਖ ਕੈਦੀਆਂ ਦੇ ਨਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਂਦਰ ਸਰਕਾਰ ਨੇ 'ਟਾਡਾ' (ਟੈਰਰਿਸਟ ਐਂਡ ਡਿਸਰਪਟਿਵ ਐਕਟੀਵਿਟੀਜ਼-ਪ੍ਰੀਵੈਂਸ਼ਨ ਐਕਟ) ਅਧੀਨ ਪਿਛਲੇ ਤਿੰਨ ਦਹਾਕਿਆਂ ਜਾਂ ਵੱਧ ਸਮੇਂ ਤੋਂ ਬੰਦ 9 ਸਿੱਖ ਕੈਦੀਆਂ

Names of Sikh prisoners to be released

ਚੰਡੀਗੜ੍ਹ (ਸਪੋਕਸਮੈਨ ਸਮਾਚਾਰ ਸੇਵਾ): ਕੇਂਦਰ ਸਰਕਾਰ ਨੇ 'ਟਾਡਾ' (ਟੈਰਰਿਸਟ ਐਂਡ ਡਿਸਰਪਟਿਵ ਐਕਟੀਵਿਟੀਜ਼-ਪ੍ਰੀਵੈਂਸ਼ਨ ਐਕਟ) ਅਧੀਨ ਪਿਛਲੇ ਤਿੰਨ ਦਹਾਕਿਆਂ ਜਾਂ ਵੱਧ ਸਮੇਂ ਤੋਂ ਬੰਦ 9 ਸਿੱਖ ਕੈਦੀਆਂ ਨੂੰ ਰਿਹਾਅ ਕਰਨ ਦਾ ਫ਼ੈਸਲਾ ਕੀਤਾ ਹੈ। ਇਕ ਸਿੱਖ ਕੈਦੀ ਦੀ ਮੌਤ ਦੀ ਸਜ਼ਾ ਮਾਫ਼ ਕੀਤੀ ਗਈ ਹੈ। ਉਸ ਦਾ ਨਾਂ ਇਹ ਖ਼ਬਰ ਲਿਖੇ ਜਾਣ ਤਕ ਜੱਗ-ਜ਼ਾਹਿਰ ਨਹੀਂ ਕੀਤਾ ਗਿਆ ਸੀ ਪਰ ਜ਼ਿਆਦਾਤਰ ਸਿੱਖ ਜਥੇਬੰਦੀਆਂ ਦਾ ਦਾਅਵਾ ਹੈ ਕਿ ਪਟਿਆਲਾ ਦੀ ਜੇਲ 'ਚ ਬੰਦ ਬਲਵੰਤ ਸਿੰਘ ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿਚ ਤਬਦੀਲ ਕਰ ਦਿਤਾ ਗਿਆ ਹੈ। ਰਾਜੋਆਣਾ ਦੀ ਮੌਤ ਦੀ ਸਜ਼ਾ ਉੱਤੇ 2012 ਦੌਰਾਨ ਰੋਕ ਲਾ ਦਿੱਤੀ ਗਈ ਸੀ। ਟਾਡਾ ਕਾਨੂੰਨ ਵੀ ਹੁਣ ਖ਼ਤਮ ਹੋ ਚੁੱਕਾ ਹੈ; ਜੋ 1985 ਤੋਂ 1995 ਤਕ ਲਾਗੂ ਰਿਹਾ।

ਜਿਹੜੇ ਸਿੱਖ ਕੈਦੀਆਂ ਨੂੰ ਰਿਹਾਅ ਕੀਤਾ ਜਾਣਾ ਹੈ, ਉਨ੍ਹਾਂ ਦੇ ਨਾਂ ਹਨ: ਨਾਭਾ ਜੇਲ 'ਚ ਕੈਦ ਲਾਲ ਸਿੰਘ ਦਿਲਬਾਗ਼ ਸਿੰਘ ਸਰਨ ਸਿੰਘ; ਅੰਮ੍ਰਿਤਸਰ ਦੀ ਜੇਲ 'ਚ ਬੰਦ ਹਰਦੀਪ ਸਿੰਘ ਤੇ ਬਾਜ ਸਿੰਘ; ਪਟਿਆਲਾ ਦੀ ਕੇਂਦਰੀ ਜੇਲ 'ਚ ਕੈਦ ਨੰਦ ਸਿੰਘ; ਲੁਧਿਆਣਾ ਜੇਲ 'ਚ ਕੈਦ ਸੁਬੇਗ ਸਿੰਘ; ਕਰਨਾਟਕ ਦੀ ਜੇਲ 'ਚ ਕੈਦ ਗੁਰਦੀਪ ਸਿੰਘ ਖੀਰਵ ਅਤੇ ਉੱਤਰ ਪ੍ਰਦੇਸ਼ ਦੇ ਸ਼ਹਿਰ ਬਰੇਲੀ ਦੀ ਜੇਲ ਵਿਚ ਕੈਦ ਵਰਿਆਮ ਸਿੰਘ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਇਹ ਰਿਹਾਈਆਂ ਕੀਤੀਆਂ ਜਾ ਰਹੀਆਂ ਹਨ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਨ੍ਹਾਂ ਪ੍ਰਸਤਾਵਿਤ ਰਿਹਾਈਆਂ ਲਈ ਦੇਸ਼ ਦੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਦਾ ਧਨਵਾਦ ਕੀਤਾ ਹੈ। ਉਨ੍ਹਾਂ ਦਸਿਆ ਹੈ ਕਿ ਉਨ੍ਹਾਂ ਨੇ ਇਨ੍ਹਾਂ ਨਾਵਾਂ ਦੀ ਸਿਫ਼ਾਰਸ਼ ਕਰ ਕੇ ਭੇਜੀ ਸੀ ਤੇ ਇਹ ਸਾਰੇ ਨਾਂ ਰਿਹਾਈ ਲਈ ਪ੍ਰਵਾਨ ਹੋ ਗਏ ਹਨ।