ਪ੍ਰਕਾਸ਼ ਪੁਰਬ ਮੌਕੇ ਸਿੱਖ ਕੈਦੀਆਂ ਦੀ ਰਿਹਾਈ ਲਈ ਦਮਦਮੀ ਟਕਸਾਲ ਨੇ ਰਾਸ਼ਟਰਪਤੀ ਨੂੰ ਕੀਤੀ ਅਪੀਲ
ਭਾਰਤੀ ਸੰਵਿਧਾਨ ਦੀ ਧਾਰਾ 72 ਤਹਿਤ ਰਾਸ਼ਟਰਪਤੀ ਸਿੱਖ ਕੈਦੀਆਂ ਨੂੰ ਰਿਹਾਅ ਕਰੇ : ਗਿਆਨੀ ਹਰਨਾਮ ਸਿੰਘ ਖਾਲਸਾ
ਅੰਮ੍ਰਿਤਸਰ : ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਭਾਰਤ ਦੇ ਰਾਸ਼ਟਰਪਤੀ ਨੂੰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਗੁਰਪੁਰਬ ਦੇ ਖੁਸ਼ੀ ਦੇ ਮੌਕੇ ਸਜ਼ਾਵਾਂ ਪੂਰੀਆਂ ਕਰ ਚੁਕੇ 22 ਸਿੱਖ ਕੈਦੀਆਂ ਨੂੰ ਭਾਰਤੀ ਸੰਵਿਧਾਨ ਦੇ ਅਨੁਛੇਦ 72 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਤੁਰੰਤ ਰਿਹਾਅ ਕਰਨ ਦੀ ਅਪੀਲ ਕੀਤੀ ਹੈ। ਦਮਦਮੀ ਟਕਸਾਲ ਦੇ ਮੁਖੀ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਮੰਗ ਪੱਤਰ ਲਿਖਦਿਆਂ ਕਿਹਾ ਕਿ ਸਿੱਖ ਕੌਮ ਨੇ ਭਾਰਤ ਦੀ ਅਜ਼ਾਦੀ ਲਈ ਅਹਿਮ ਕੁਰਬਾਨੀਆਂ ਕੀਤੀਆਂ ਹਨ, ਸਿੱਖ ਕੌਮ ਗੁਰੂ ਸਾਹਿਬਾਨ ਵਲੋਂ ਦਰਸਾਏ ਗਏ ਸਰਬਤ ਦੇ ਭਲੇ ਵਾਲੇ ਰਾਹ 'ਤੇ ਚਲ ਕੇ ਮਨੁਖਤਾ ਦੀ ਸੇਵਾ ਨੂੰ ਸਮਰਪਿਤ ਹੈ। ਸਮੁਚੀ ਸਿੱਖ ਕੌਮ ਹੀ ਨਹੀਂ ਸਗੋਂ ਪੂਰੀ ਦੁਨੀਆ 'ਚ ਉਹ ਮਨੁਂਖ ਜੋ ਮਨੁਂਖਤਾ ਨੂੰ ਪਿਆਰ ਕਰਦੇ ਹਨ, ਵਲੋਂ ਗੁਰੂ ਨਾਨਕ ਸਾਹਿਬ ਦਾ 550ਵੀਂ ਪ੍ਰਕਾਸ਼ ਗੁਰਪੁਰਬ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਉਣ ਲਈ ਤਤਪਰ ਹੋ ਕੇ ਤਿਆਰੀਆਂ ਨੂੰ ਅੰਤਿਮ ਛੋਹਾਂ ਦੇਣ 'ਚ ਜੁਟੇ ਹੋਏ ਹਨ।
ਅਜਿਹੀ ਖੁਸ਼ੀ ਦੇ ਮੌਕੇ ਵੱਖ ਵੱਖ ਮਾਮਲਿਆਂ 'ਚ ਆਪਣੀਆਂ ਸਜਾਵਾਂ ਪੂਰੀਆਂ ਕਰਨ ਬਾਅਦ ਵੀ ਦੇਸ਼ ਦੇ ਵੱਖ-ਵੱਖ ਜੇਲਾਂ 'ਚ ਕੈਦ 22 ਸਿੱਖ ਕੈਦੀਆਂ ਜਿਨਾਂ 'ਚ 12 ਤਾਂ 20-20 ਸਾਲ ਤੋਂ ਵੱਧ ਕੈਦ ਕੱਟ ਚੁਕੇ ਹਨ, ਅਤੇ ਜਿਨਾਂ ਦਾ ਜੇਲ ਵਿਚ ਚੰਗਾ ਆਚਰਨ ਹੈ, ਉਹਨਾਂ ਨੂੰ ਭਾਰਤੀ ਸੰਵਿਧਾਨ ਦੇ ਅਨੁਛੇਦ 72 ਤਹਿਤ ਰਾਸ਼ਟਰਪਤੀ ਨੂੰ ਮਿਲੇ ਅਧਿਕਾਰ, ਜਿਸ 'ਚ ਕਿਸੇ ਦੋਸ਼ੀ ਦੀ ਸਜ਼ਾ ਰੱਦ ਕਰਨ, ਘਟਾਉਣ ਜਾਂ ਰਿਹਾਅ ਕਰਨਾ ਆਦਿ ਦੀ ਵਰਤੋਂ ਕਰਦਿਆਂ ਤੁਰੰਤ ਰਿਹਾਅ ਕਰਨ ਦਾ ਹੁਕਮ ਦਿੱਤਾ ਜਾਵੇ, ਤਾਂ ਕਿ ਉਹ ਗੁਰਪੁਰਬ ਸਮਾਗਮਾਂ 'ਚ ਸ਼ਾਮਿਲ ਹੋ ਸਕਣ ਅਤੇ ਆਪਣੇ ਪਰਿਵਾਰ 'ਚ ਰਹਿ ਸਕਣ। ਉਹਨਾਂ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਸਜ਼ਾਵਾਂ ਪੂਰੀਆਂ ਕਰ ਚੁਕੇ ਰਾਜਸੀ ਸਿੱਖ ਕੈਦੀਆਂ ਨੂੰ ਗੈਰ ਸੰਵਿਧਾਨਕ ਤੌਰ 'ਤੇ ਜੇਲ ਵਿਚ ਰੱਖ ਕੇ ਦੇਸ਼ ਦੀ ਸਰਕਾਰ ਸਿੱਖਾਂ ਨਾਲ ਦੂਜੇ ਦਰਜੇ ਦੇ ਸ਼ਹਿਰੀਆਂ ਵਾਲਾ ਵਿਵਹਾਰ ਕਰਦੀ ਆ ਰਹੀ ਹੈ।
ਸਿੱਖ ਕੈਦੀਆਂ ਦੀ ਰਿਹਾਈ ਵਰਗਾ ਠੋਸ ਕਦਮ ਨਿਸ਼ਚੇ ਹੀ ਸਿੱਖ ਕੌਮ ਦੀ ਦੇਸ਼ ਪ੍ਰਤੀ ਵਿਸ਼ਵਾਸ ਬਹਾਲੀ 'ਚ ਸਹਾਈ ਸਿੱਧ ਹੋਵੇਗਾ। ਮੰਗ ਪਤਰ ਦੀਆਂ ਕਾਪੀਆਂ ਉਹਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਡੀ. ਸੀ. ਅਮ੍ਰਿਤਸਰ ਨੂੰ ਵੀ ਭੇਜੀਆਂ ਹਨ। ਰਾਸ਼ਟਰਪਤੀ ਨੂੰ ਭੇਜੀ ਗਈ ਲਿਸਟ ਵਿਚ ਭਾਈ ਲਾਲ ਸਿੰਘ ਵਾਸੀ ਅਕਾਲਗੜ, ਪ੍ਰੋ: ਦਵਿੰਦਰਪਾਲ ਸਿੰਘ ਭੁਲਰ, ਭਾਈ ਗੁਰਦੀਪ ਸਿੰਘ ਖਹਿਰਾ, ਭਾਈ ਦਿਆ ਸਿੰਘ ਲਾਹੌਰੀਆ, ਲਖਵਿੰਦਰ ਸਿੰਘ ਲਖਾ ਵਾਸੀ ਕਨਸਾਲ, ਭਾਈ ਗੁਰਮੀਤ ਸਿੰਘ ਮੀਤਾ, ਭਾਈ ਸ਼ਮਸ਼ੇਰ ਸਿੰਘ ਉਕਾਸੀ ਜਟਾਂ, ਭਾਈ ਪ੍ਰਮਜੀਤ ਸਿੰਘ ਭਿਓਰਾ, ਭਾਈ ਸੁਬੇਗ ਸਿੰਘ ਸਰੂਨ, ਭਾਈ ਨੰਦ ਸਿੰਘ ਸਰੂਨ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਹਰਨੇਕ ਸਿੰਘ ਭੱਪ, ਭਾਈ ਜਗਤਾਰ ਸਿੰਘ ਤਾਰਾ, ਭਾਈ ਸੁਰਿੰਦਰ ਸਿੰਘ ਛਿੰਦਾ, ਭਾਈ ਸਤਨਾਮ ਸਿੰਘ ਅਰਕਪੁਰ ਖਾਲਸਾ, ਭਾਈ ਦਿਆਲ ਸਿੰਘ ਰਸੂਲਪੁਰ, ਭਾਈ ਸੁਚਾ ਸਿੰਘ ਰਸੂਲਪੁਰ ਅਤੇ ਭਾਈ ਬਲਬੀਰ ਸਿੰਘ ਬੀਰਾ, ਅਰਵਿੰਦਰ ਸਿੰਘ ਘੋਗਾ, ਸੁਰਜੀਤ ਸਿੰਘ ਲੱਕੀ ਅਤੇ ਰਣਜੀਤ ਸਿੰਘ ਹਰਿਆਣਾ ਸ਼ਾਮਿਲ ਹਨ।