ਜੰਮੂ-ਕਸ਼ਮੀਰ ਵਿਚ ਕੋਈ ਪਾਬੰਦੀ ਨਹੀਂ : ਸ਼ਾਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਾਬੰਦੀਆਂ ਸਿਰਫ਼ ਲੋਕਾਂ ਦੇ ਦਿਮਾਗ਼ ਵਿਚ ਹਨ, ਕੂੜ ਪ੍ਰਚਾਰ ਹੋ ਰਿਹੈ

Amit Shah

ਨਵੀਂ ਦਿੱਲੀ  : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ  ਹੈ ਕਿ ਕਸ਼ਮੀਰ ਘਾਟੀ ਵਿਚ ਹੁਣ ਕੋਈ ਪਾਬੰਦੀ ਨਹੀਂ ਅਤੇ ਸਾਰੀ ਦੁਨੀਆਂ ਨੇ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਵਾਲੀ ਧਾਰਾ ਨੂੰ ਖ਼ਤਮ ਕਰਨ ਦੀ ਹਮਾਇਤ ਕੀਤੀ ਹੈ। ਸ਼ਾਹ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਪੰਜ ਅਗੱਸਤ ਨੂੰ ਕੀਤੇ ਗਏ ਫ਼ੈਸਲੇ ਸਦਕਾ ਜੰਮੂ ਕਸ਼ਮੀਰ ਅਗਲੇ ਪੰਜ-ਸੱਤ ਸਾਲਾਂ ਵਿਚ ਦੇਸ਼ ਦਾ ਸੱਭ ਤੋਂ ਵਿਕਸਿਤ ਖ਼ਿੱਤਾ ਹੋਵੇਗਾ।

ਗ੍ਰਹਿ ਮੰਤਰੀ ਨੇ ਘਾਟੀ ਵਿਚ 'ਗ਼ਲਤ ਪ੍ਰਚਾਰ' ਕਰਨ ਵਾਲਿਆਂ ਦੀ ਤਿੱਖੀ ਆਲੋਚਨਾ ਕੀਤੀ। ਕੌਮੀ ਸੁਰੱਖਿਆ ਬਾਰੇ ਸਮਾਗਮ ਨੂੰ ਸੰਬੋਧਤ ਕਰਦਿਆਂ ਸ਼ਾਹ ਨੇ ਕਿਹਾ, 'ਪਾਬੰਦੀ ਕੀ ਹੈ? ਇਹ ਸਿਰਫ਼ ਤੁਹਾਡੇ ਦਿਮਾਗ਼ ਵਿਚ ਹੈ। ਕੋਈ ਪਾਬੰਦੀ ਨਹੀਂ ਹੈ। ਸਿਰਫ਼ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ।' ਗ੍ਰਹਿ ਮੰਤਰੀ ਨੇ ਕਿਹਾ ਕਿ ਕਸ਼ਮੀਰ ਵਿਚ 196 ਥਾਣਾ ਇਲਾਕਿਆਂ ਵਿਚੋਂ ਹਰ ਜਗ੍ਹਾ ਕਰਫ਼ੀਊ ਹਟਾ ਦਿਤਾ ਗਿਆ ਹੈ ਅਤੇ ਸਿਰਫ਼ ਅੱਠ ਥਾਣਾ ਇਲਾਕਿਆਂ ਵਿਚ ਸੀਆਰਪੀਸੀ ਦੀ ਧਾਰਾ 144 ਤਹਿਤ ਪਾਬੰਦੀਆਂ ਲਾਈਆਂ ਗਈਆਂ ਹਨ।

ਇਸ ਧਾਰਾ ਤਹਿਤ ਪੰਜ ਜਾਂ ਇਸ ਤੋਂ ਵੱਧ ਵਿਅਕਤੀ ਇਕ ਥਾਂ ਇਕੱਠੇ ਨਹੀਂ ਹੋ ਸਕਦੇ। ਉਨ੍ਹਾਂ ਸੰਯੁਕਤ ਰਾਸ਼ਟਰ ਮਹਾਸਭਾ ਦੇ ਤਾਜ਼ਾ ਇਜਲਾਸ ਦਾ ਜ਼ਿਕਰ ਕਰਦਿਆਂ ਕਿਹਾ, 'ਸਾਰੇ ਸੰਸਾਰ ਆਗੂ ਸੱਤ ਦਿਨਾਂ ਲਈ ਇਕੱਠੇ ਹੋਏ ਸਨ। ਕਿਸੇ ਵੀ ਇਕ ਆਗੂ ਨੇ ਜੰਮੂ ਕਸ਼ਮੀਰ ਦਾ ਮਾਮਲਾ ਨਹੀਂ ਚੁਕਿਆ। ਇਹ ਪ੍ਰਧਾਨ ਮੰਤਰੀ ਦੀ ਵੱਡੀ ਕੂਟਨੀਤਕ ਜਿੱਤ ਹੈ।' ਸ਼ਾਹ ਨੇ ਕਿਹਾ ਕਿ ਜੰਮੂ ਕਸ਼ਮੀਰ ਵਿਚ ਦਹਾਕਿਆਂ ਤੋਂ ਚੱਲ ਰਹੇ ਅਤਿਵਾਦ ਨੇ 41800 ਲੋਕਾਂ ਦੀ ਜਾਨ ਲਈ ਹੈ ਪਰ ਕਿਸੇ ਨੇ ਵੀ ਜਵਾਨਾਂ, ਉਨ੍ਹਾਂ ਦੀਆਂ ਵਿਧਵਾਵਾਂ ਜਾਂ ਉਨ੍ਹਾਂ ਦੇ ਅਨਾਥ ਬੱਚਿਆਂ ਦੇ ਮਨੁੱਖੀ ਅਧਿਕਾਰਾਂ ਦਾ ਮੁੱਦਾ ਨਹੀਂ ਚੁਕਿਆ।

ਉਨ੍ਹਾਂ ਕਿਹਾ, 'ਕੁੱਝ ਦਿਨਾਂ ਤੋਂ ਮੋਬਾਈਲ ਕੁਨੈਕਸ਼ਨ ਨਾ ਚੱਲਣ ਕਾਰਨ ਲੋਕ ਹੱਲਾ ਮਚਾ ਰਹੇ ਹਨ। ਫ਼ੋਨ ਦੀ ਕਮੀ ਨਾਲ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਹੀਂ ਹੁੰਦੀ।' ਅਮਿਤ ਸ਼ਾਹ ਨੇ ਕਿਹਾ ਕਿ ਜੰਮੂ ਕਸ਼ਮੀਰ ਵਿਚ 10 ਹਜ਼ਾਰ ਨਵੇਂ ਲੈਂਡਲਾਈਨ ਕੁਨੈਕਸ਼ਨ ਦਿਤੇ ਗਏ ਹਨ ਜਦਕਿ ਬੀਤੇ ਦੋ ਮਹੀਨਿਆਂ ਵਿਚ ਛੇ ਹਜ਼ਾਰ ਪੀਸੀਓ ਦਿਤੇ ਗਏ ਹਨ। ਉਨ੍ਹਾਂ ਕਿਹਾ ਕਿ ਧਾਰਾ 370 ਬਾਰੇ ਫ਼ੈਸਲਾ ਭਾਰਤ ਦੀ ਏਕਤਾ ਅਤੇ ਅਖੰਡਤਾ ਨੂੰ ਮਜ਼ਬੂਤ ਕਰੇਗਾ।