ਕਸ਼ਮੀਰੀਆਂ ਦੇ ਹੱਕ 'ਚ ਡਟੇ ਪੰਜਾਬੀਆਂ ਦੇ ਵਿਰੋਧ ਤੋਂ ਡਰੀ ਭਾਜਪਾ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੰਮੂ-ਕਸ਼ਮੀਰ ਵਿਚੋਂ ਧਾਰਾ 370 ਹਟਾਏ ਜਾਣ ਦਾ ਸਭ ਤੋਂ ਜ਼ਿਆਦਾ ਵਿਰੋਧ ਪੰਜਾਬ ਵਿਚ ਹੋਇਆ ਹੈ। ਜੋ ਹਾਲੇ ਵੀ ਕਿਤੇ ਨਾ ਕਿਤੇ ਜਾਰੀ ਹੈ..

BJP MP Rajendra Agrawal

ਸ੍ਰੀਨਗਰ : ਜੰਮੂ-ਕਸ਼ਮੀਰ ਵਿਚੋਂ ਧਾਰਾ 370 ਹਟਾਏ ਜਾਣ ਦਾ ਸਭ ਤੋਂ ਜ਼ਿਆਦਾ ਵਿਰੋਧ ਪੰਜਾਬ ਵਿਚ ਹੋਇਆ ਹੈ। ਜੋ ਹਾਲੇ ਵੀ ਕਿਤੇ ਨਾ ਕਿਤੇ ਜਾਰੀ ਹੈ ਪਰ ਹੁਣ ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਵਿਚ ਅਪਣੇ ਸਾਂਸਦਾਂ ਨੂੰ ਭੇਜ ਕੇ ਧਾਰਾ 370 ਨੂੰ ਖ਼ਤਮ ਕਰਨ ਦੇ ਫ਼ਾਇਦਿਆਂ ਬਾਰੇ ਲੋਕਾਂ ਨੂੰ ਜਾਣੂ ਕਰਵਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸੇ ਲੜੀ ਤਹਿਤ ਮੇਰਠ ਤੋਂ ਭਾਜਪਾ ਸਾਂਸਦ ਰਾਜਿੰਦਰ ਅਗਰਵਾਲ ਅੰਮ੍ਰਿਤਸਰ ਵਿਖੇ ਪੁੱਜੇ।

ਇਸ ਮੌਕੇ ਜੰਮੂ ਕਸ਼ਮੀਰ ਵਿਚੋਂ ਹਟਾਈ ਧਾਰਾ 370 ਬਾਰੇ ਬੋਲਦਿਆਂ ਭਾਜਪਾ ਸਾਂਸਦ ਨੇ ਆਖਿਆ ਕਿ ਲੋਕਾਂ ਵੱਲੋਂ ਇਸ ਨੂੰ ਲੈ ਕੇ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ, ਜਦਕਿ ਇਸ ਨਾਲ ਉਥੋਂ ਦੇ ਲੋਕਾਂ ਨੂੰ ਕਾਫ਼ੀ ਫ਼ਾਇਦਾ ਹੋਇਆ ਹੈ। ਉਨ੍ਹਾਂ ਆਖਿਆ ਕਿ ਜੰਮੂ-ਕਸ਼ਮੀਰ ਦੇ 90 ਫ਼ੀਸਦੀ ਇਲਾਕਿਆਂ ਵਿਚ ਹਾਲਾਤ ਆਮ ਹਨ ਜਿੱਥੇ ਕਿਤੇ ਕੋਈ ਸਮੱਸਿਆ ਬਾਕੀ ਐ ਉਹ ਵੀ ਜਲਦ ਹੀ ਖ਼ਤਮ ਹੋ ਜਾਵੇਗੀ।

ਹਰਿਆਣਾ ਵਿਚ ਹੋਏ ਘਟਨਾਕ੍ਰਮ ਨੂੰ ਲੈ ਕੇ ਉਨ੍ਹਾਂ ਆਖਿਆ ਕਿ ਇਸ ਦਾ ਪੰਜਾਬ ਵਿਚਲੇ ਸਾਡੇ ਅਕਾਲੀ ਦਲ ਨਾਲ ਗਠਜੋੜ 'ਤੇ ਕੋਈ ਅਸਰ ਨਹੀਂ ਪਵੇਗਾ ਕਿਉਂਕਿ ਸਾਡਾ ਗਠਜੋੜ ਸਿਰਫ਼ ਪੰਜਾਬ ਵਿਚ ਹੈ, ਹਰਿਆਣਾ ਵਿਚ ਨਹੀਂ। ਦੱਸ ਦਈਏ ਕਿ ਜੰਮੂ-ਕਸ਼ਮੀਰ ਵਿਚੋਂ ਧਾਰਾ 370 ਹਟਾਏ ਜਾਣ ਨੂੰ ਲੈ ਕੇ ਪੰਜਾਬ ਵਿਚ ਕਈ ਥਾਵਾਂ 'ਤੇ ਵੱਡੇ ਰੋਸ ਪ੍ਰਦਰਸ਼ਨ ਹੋ ਚੁੱਕੇ ਹਨ।

ਉਂਝ ਭਾਵੇਂ ਦੇਸ਼ ਦੇ ਹੋਰ ਕੋਨਿਆਂ ਵਿਚ ਵੀ ਕੁੱਝ ਥਾਵਾਂ 'ਤੇ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਪਰ ਜਿਸ ਤਰ੍ਹਾਂ ਪੰਜਾਬੀਆਂ ਨੇ ਧਾਰਾ 370 ਨੂੰ ਹਟਾਏ ਜਾਣ 'ਤੇ ਅਪਣਾ ਗੁੱਸਾ ਜ਼ਾਹਿਰ ਕੀਤਾ ਹੈ ਅਜਿਹਾ ਸ਼ਾਇਦ ਦੇਸ਼ ਦੇ ਹੋਰ ਕੋਨੇ ਵਿਚ ਨਹੀਂ ਹੋਇਆ। ਪੰਜਾਬੀਆਂ ਦੇ ਇਸ ਵਿਰੋਧ ਨੂੰ ਦੇਖਦੇ ਹੋਏ ਭਾਜਪਾ ਕਥਿਤ ਤੌਰ 'ਤੇ ਭਵਿੱਖ ਵਿਚ ਕਿਸੇ ਵੱਡੇ ਸੰਘਰਸ਼ ਤੋਂ ਡਰ ਰਹੀ ਹੈ। ਇਹੀ ਵਜ੍ਹਾ ਏ ਕਿ ਭਾਜਪਾ ਹੁਣ ਪੰਜਾਬ ਵਿਚ ਅਪਣੇ ਸਾਂਸਦਾਂ ਨੂੰ ਭੇਜ ਕੇ ਧਾਰਾ 370 ਹਟਾਏ ਜਾਣ ਦੇ ਹੱਕ ਵਿਚ ਪ੍ਰਚਾਰ ਕਰਵਾਉਣ 'ਤੇ ਜ਼ੋਰ ਦੇ ਰਹੀ ਹੈ ਪਰ ਇਸ ਦਾ ਪੰਜਾਬ ਦੇ ਲੋਕਾਂ 'ਤੇ ਕਿੰਨਾ ਅਸਰ ਹੋਏਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ