ਬਾਬਰੀ ਮਾਮਲੇ ਵਿਚ CBI ਦੇ ਫੈਸਲੇ ‘ਤੇ ਭਾਜਪਾ ਨੇ ਜਤਾਈ ਖੁਸ਼ੀ, ਫੈਸਲੇ ਨੂੰ ਦੱਸਿਆ ‘ਸੱਚ ਦੀ ਜਿੱਤ’

ਏਜੰਸੀ

ਖ਼ਬਰਾਂ, ਰਾਸ਼ਟਰੀ

ਸੀਬੀਆਈ ਦੀ ਅਦਾਲਤ ਨੇ 32 ਦੋਸ਼ੀਆਂ ਨੂੰ ਕੀਤਾ ਬਰੀ

Babri Masjid Verdict

ਨਵੀਂ ਦਿੱਲੀ: 28 ਸਾਲ ਪਹਿਲਾਂ ਅਯੋਧਿਆ ਵਿਚ ਬਾਬਰੀ ਮਸਜਿਦ ਢਾਹੁਣ ਦੇ ਮਾਮਲੇ ਵਿਚ ਜੱਜ ਸੁਰਿੰਦਰ ਕੁਮਾਰ ਯਾਦਵ ਦੀ ਵਿਸ਼ੇਸ਼ ਅਦਾਲਤ ਨੇ ਅਪਣਾ ਫੈਸਲਾ ਸੁਣਾ ਦਿੱਤਾ ਹੈ। ਅਦਾਲਤ ਨੇ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਅਤੇ ਕਲਿਆਣ ਸਿੰਘ ਸਮੇਤ 32 ਦੋਸ਼ੀਆਂ ਨੂੰ ਬਰੀ ਕਰ ਦਿੱਤਾ ਹੈ।ਅਦਾਲਤ ਦੇ ਫੈਸਲੇ ਦਾ ਸਵਾਗਤ ਕਰਦੇ ਹੋਏ ਭਾਜਪਾ ਨੇ ਇਸ ਨੂੰ ‘ਸੱਚ ਦੀ ਜਿੱਤ’ ਦੱਸਿਆ ਹੈ।

ਅਦਾਲਤ ਦੇ ਫੈਸਲੇ ਤੋਂ ਤੁਰੰਤ ਬਾਅਦ ਭਾਜਪਾ ਦੇ ਸੰਗਠਨ ਜਨਰਲ ਸਕੱਤਰ ਬੀਐਲ ਸੰਤੋਸ਼ ਨੇ ਟਵੀਟ ਕੀਤਾ, ‘ਬਾਬਰੀ ਇਮਾਰਤ ਢਾਹੁਣ ਦੇ ਮਾਮਲੇ ਵਿਚ ਸਾਰੇ 32 ਅਰੋਪੀਆਂ ਨੂੰ ਬਰੀ ਕਰ ਦਿੱਤਾ ਗਿਆ ਹੈ। ਅਦਾਲਤ ਨੇ ਇਸ ਵਿਚ ਕਿਸੇ ਵੀ ਤਰ੍ਹਾਂ ਦੀ ਸਾਜ਼ਿਸ਼ ਦੀ ਗੱਲ ਨੂੰ ਖਾਰਜ ਕਰ ਦਿੱਤਾ ਹੈ। ਅਦਾਲਤ ਨੇ ਮੰਨਿਆ ਹੈ ਕਿ ਇਹ ਘਟਨਾ ਉਕਸਾਵੇ ਦੀ ਪ੍ਰਕਿਰਿਆ ਦਾ ਨਤੀਜਾ ਸੀ। ਸੱਚ ਦੀ ਜਿੱਤ ਹੁੰਦੀ ਹੈ’।

ਦੇਰੀ ਨਾਲ ਹੀ ਸਹੀ ਪਰ ਨਿਆਂ ਦੀ ਜਿੱਤ ਹੋਈ ਹੈ- ਰਾਜਨਾਥ ਸਿੰਘ

ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਅਦਾਲਤ ਦੇ ਫੈਸਲੇ ਦਾ ਸਵਾਗਤ ਕਰਦੇ ਹੋਏ ਇਸ ਨੂੰ ਨਿਆਂ ਦੀ ਜਿੱਤ ਦੱਸਿਆ ਹੈ।

ਉਹਨਾਂ ਨੇ ਟਵੀਟ ਕੀਤਾ, ‘ਲਖਨਊ ਦੀ ਵਿਸ਼ੇਸ਼ ਅਦਾਲਤ ਵੱਲੋਂ ਬਾਬਰੀ ਮਸਜਿਦ ਢਾਹੁਣ ਦੇ ਮਾਮਲੇ ਵਿਚ ਲਾਲ ਕ੍ਰਿਸ਼ਨ ਅਡਵਾਨੀ, ਕਲਿਆਣ ਸਿੰਘ, ਮੁਰਲੀ ਮਨੋਹਨ ਜੋਸ਼ੀ, ਓਮਾ ਭਾਰਤੀ ਸਮੇਤ 32 ਲੋਕਾਂ ਦੇ ਕਿਸੇ ਵੀ ਸਾਜ਼ਿਸ਼ ਨਾ ਹੋਣ ਦੇ ਫੈਸਲੇ ਦਾ ਮੈਂ ਸਵਾਗਤ ਕਰਦਾ ਹਾਂ। ਇਸ ਤੋਂ ਇਹ ਸਾਬਿਤ ਹੋਇਆ ਹੈ ਕਿ ਦੇਰੀ ਨਾਲ ਹੀ ਸਹੀ ਪਰ ਨਿਆਂ ਦੀ ਜਿੱਤ ਹੋਈ ਹੈ’।

ਇਸ ਤੋਂ ਇਲਾਵਾ ਬਰੀ ਹੋਣ ਤੋਂ ਬਾਅਦ ਐਲ ਕੇ ਅਡਵਾਨੀ ਨੇ ਖੁਸ਼ੀ ਵਿਚ ‘ਜੈ ਸ੍ਰੀ ਰਾਮ’ ਦਾ ਨਾਅਰਾ ਲਗਾਇਆ। ਇਸ ਦੌਰਾਨ ਉਹਨਾਂ ਕਿਹਾ ਕਿ ਅੱਜ ਖੁਸ਼ੀ ਦਾ ਦਿਨ ਹੈ। ਦੱਸ ਦਈਏ ਕਿ ਮਾਮਲੇ ‘ਤੇ ਫੈਸਲਾ ਸੁਣਾਉਂਦੇ ਹੋਏ ਜੱਜ ਨੇ ਕਿਹਾ ਸੀ ਕਿ ਮਸਜਿਦ ਨੂੰ ਢਾਹੁਣ ਦੀ ਯੋਜਨਾ ਪਹਿਲਾਂ ਤੋਂ ਤਿਆਰ ਨਹੀਂ ਕੀਤੀ ਗਈ ਸੀ, ਬਲਕਿ ਇਹ ਇਕ ਹਾਦਸਾ ਸੀ।

ਅਦਾਲਤ ਨੇ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਅਤੇ ਕਲਿਆਣ ਸਿੰਘ ਸਮੇਤ 32 ਦੋਸ਼ੀਆਂ ਨੂੰ ਬਰੀ ਕਰ ਦਿੱਤਾ ਹੈ। ਦੋਸ਼ੀਆਂ ਵਿਚ ਓਮਾ ਭਾਰਤੀ,ਅਸ਼ੋਕ ਸਿੰਘਲ ਤੇ ਸਾਧਵੀ ਰਿਤੰਭਰਾ ਆਦਿ ਦੇ ਨਾਂਅ ਵੀ ਸ਼ਾਮਲ ਸਨ। 28 ਸਾਲ ਪੁਰਾਣੇ ਇਸ ਮਾਮਲੇ ਵਿਚ 49 ਦੋਸ਼ੀਆਂ ਵਿਚੋਂ 17 ਦੀ ਮੌਤ ਹੋ ਚੁੱਕੀ ਹੈ।