ਤਿਉਹਾਰੀ ਸੀਜ਼ਨ ’ਚ ਭੀੜ ਘੱਟ ਕਰਨ ਲਈ ਰੇਲਵੇ ਦਾ ਫ਼ੈਸਲਾ- 1 ਅਕਤੂਬਰ ਤੋਂ ਪਲੇਟਫਾਰਮ ਟਿਕਟ ਹੋਵੇਗੀ ਦੁੱਗਣੀ
ਦੱਖਣੀ ਰੇਲਵੇ ਦੇ ਕੁਝ ਵੱਡੇ ਸਟੇਸ਼ਨਾਂ ’ਤੇ ਪਲੇਟਫਾਰਮ ਟਿਕਟ ਲਈ 10 ਰੁਪਏ ਦੀ ਬਜਾਏ 20 ਰੁਪਏ ਦੇਣੇ ਪੈਣਗੇ।
ਨਵੀਂ ਦਿੱਲੀ: ਤਿਊਹਾਰੀ ਸੀਜ਼ਨ ਦੌਰਾਨ ਰੇਲਵੇ ਸਟੇਸ਼ਨਾਂ ’ਤੇ ਭੀੜ ਘੱਟ ਕਰਨ ਲਈ ਰੇਲਵੇ ਨੇ ਅਨੋਖਾ ਤਰੀਕਾ ਕੱਢਿਆ ਹੈ। ਦਰਅਸਲ ਰੇਲਵੇ ਨੇ ਪਲੇਟਫਾਰਮ ਟਿਕਟਾਂ ਵਿਚ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਦੱਖਣੀ ਰੇਲਵੇ ਨੇ ਕੁਝ ਸਟੇਸ਼ਨਾਂ ’ਤੇ ਪਲੇਟਫਾਰਮ ਟਿਕਟ ਦੀਆਂ ਕੀਮਤਾਂ ਨੂੰ ਦੁੱਗਣਾ ਕਰ ਦਿੱਤਾ ਹੈ। ਇਹ ਫੈਸਲਾ 1 ਅਕਤੂਬਰ ਤੋਂ ਲਾਗੂ ਹੋਵੇਗਾ। ਨਵੇਂ ਆਦੇਸ਼ ਮੁਤਾਬਕ ਦੱਖਣੀ ਰੇਲਵੇ ਦੇ ਕੁਝ ਵੱਡੇ ਸਟੇਸ਼ਨਾਂ ’ਤੇ ਪਲੇਟਫਾਰਮ ਟਿਕਟ ਲਈ 10 ਰੁਪਏ ਦੀ ਬਜਾਏ 20 ਰੁਪਏ ਦੇਣੇ ਪੈਣਗੇ।
ਦੱਖਣੀ ਰੇਲਵੇ ਨੇ ਕਿਹਾ ਹੈ ਕਿ ਤਿਉਹਾਰਾਂ ਦੌਰਾਨ ਰੇਲਵੇ ਸਟੇਸ਼ਨਾਂ 'ਤੇ ਭੀੜ-ਭੜੱਕੇ ਤੋਂ ਬਚਣ ਲਈ ਇਹ ਫੈਸਲਾ ਲਿਆ ਗਿਆ ਹੈ। ਪਲੇਟਫਾਰਮ ਟਿਕਟਾਂ ਦੀ ਇਹ ਵਧੀ ਹੋਈ ਕੀਮਤ 1 ਅਕਤੂਬਰ 2022 ਤੋਂ 31 ਜਨਵਰੀ 2023 ਤੱਕ ਲਾਗੂ ਰਹੇਗੀ। ਇਸ ਤੋਂ ਬਾਅਦ ਪਲੇਟਫਾਰਮ ਟਿਕਟਾਂ ਦੀ ਕੀਮਤ ਆਮ ਵਾਂਗ ਹੋ ਜਾਵੇਗੀ।
ਦੱਖਣੀ ਰੇਲਵੇ ਦੁਆਰਾ ਜਾਰੀ ਪ੍ਰੈਸ ਰਿਲੀਜ਼ ਅਨੁਸਾਰ 1 ਅਕਤੂਬਰ 2022 ਤੋਂ 31 ਜਨਵਰੀ 2023 ਤੱਕ ਚੇਨਈ ਡਿਵੀਜ਼ਨ ਦੇ ਅੱਠ ਸਟੇਸ਼ਨਾਂ 'ਤੇ ਪਲੇਟਫਾਰਮ ਟਿਕਟ ਦੀਆਂ ਕੀਮਤਾਂ ਦੁੱਗਣੀਆਂ ਕੀਤੀਆਂ ਜਾਣਗੀਆਂ। ਇਹ ਸਟੇਸ਼ਨ MGR ਚੇਨਈ ਸੈਂਟਰਲ, ਚੇਨਈ ਏਗਮੋਰ, ਤੰਬਰਮ, ਕਟਪਾਡੀ, ਚੇਂਗਲਪੱਟੂ, ਅਰਾਕੋਨਮ, ਤਿਰੂਵੱਲੁਰ ਅਤੇ ਅਵਾੜੀ ਹਨ। ਜ਼ਿਕਰਯੋਗ ਹੈ ਕਿ ਪਹਿਲਾਂ ਵੀ ਇਹਨਾਂ ਸਟੇਸ਼ਨਾਂ 'ਤੇ ਪਲੇਟਫਾਰਮ ਟਿਕਟ ਦੀਆਂ ਕੀਮਤਾਂ 'ਚ ਵਾਧਾ ਕੀਤਾ ਗਿਆ ਸੀ। ਬਾਅਦ ਵਿਚ ਇਹਨਾਂ ਨੂੰ ਫਿਰ ਤੋਂ ਘਟਾ ਕੇ ਸਿਰਫ 10 ਰੁਪਏ ਕਰ ਦਿੱਤਾ ਗਿਆ।