ਭਾਰਤ ਨਾਲ ਚੰਗੇ ਸਬੰਧਾਂ ਲਈ ਪਾਕਿਸਤਾਨ ਨੂੰ ਹੋਣਾ ਪਵੇਗਾ ਧਰਮ ਨਿਰਪੱਖ : ਫ਼ੌਜ ਮੁਖੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਫ਼ੋਜ ਮੁਖੀ ਜਨਰਲ ਬਿਪਨ ਰਾਵਤ ਨੇ ਕਿਹਾ ਹੈ ਕਿ ਸਾਡੇ ਦੇਸ਼ ਦੀ ਰਣਨੀਤੀ ਸਾਫ ਹੈ ਕਿ ਅਤਿਵਾਦ ਅਤੇ ਗੱਲਬਾਤ ਨਾਲ-ਨਾਲ  ਨਹੀਂ ਚਲ ਸਕਦੇ। 

Army Chief Gen. Bipin Rawat

ਨਵੀ ਦਿੱਲੀ , ( ਭਾਸ਼ਾ ) : ਅਤਿਵਾਦ ਨੂੰ ਲੈ ਕੇ ਫ਼ੋਜ ਮੁਖੀ ਜਨਰਲ ਬਿਪਨ ਰਾਵਤ ਨੇ ਇਕ ਵਾਰ ਫਿਰ ਤੋਂ ਕਿਹਾ ਹੈ ਕਿ ਜਿਥੋਂ ਤੱਕ ਪਾਕਿਸਤਾਨ ਦੇ ਭਾਰਤ ਨਾਲ ਸਬੰਧਾਂ ਦਾ ਸਵਾਲ ਹੈ, ਉਸ ਨੂੰ ਇਹ ਜਾਨ ਲੈਣਾ ਚਾਹੀਦਾ ਹੈ ਕਿ ਅਤਿਵਾਦ ਅਤੇ ਗੱਲਬਾਤ ਇਕੋ ਵੇਲੇ ਨਹੀਂ ਹੋ ਸਕਦੀਆਂ। ਜੇਕਰ ਪਾਕਿਸਤਾਨ ਭਾਰਤ ਨਾਲ ਅਪਣੇ ਸਬੰਧਾਂ ਨੂੰ ਬਿਹਤਰ ਬਣਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਧਰਮ ਨਿਰਪੱਖ ਬਣਨਾ ਪਵੇਗਾ। ਉਨ੍ਹਾਂ ਕਿਹਾ ਕਿ ਭਾਰਤ ਧਰਮ ਨਿਰਪੱਖ ਦੇਸ਼ ਹੈ

ਅਤੇ ਜੇਕਰ ਪਾਕਿਸਤਾਨ ਦੀ ਇੱਛਾ ਸਾਡੇ ਵਰਗਾ ਬਣਨ ਦੀ ਹੈ ਤਾਂ ਉਸ ਨੂੰ ਇਸ ਦੇ ਲਈ ਸੰਭਾਵਨਾਵਾਂ ਪੈਦਾ ਕਰਨੀਆਂ ਪੈਣਗੀਆਂ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਰੱਖੇ ਜਾਣ ਦੇ ਮੌਕੇ ਭਾਰਤ ਦੇ ਨਾਲ ਦੋਸਤੀ ਦੀ ਗੱਲ ਤੇ ਜ਼ੋਰ ਪਾਇਆ ਸੀ। ਉਨ੍ਹਾਂ ਕਿਹਾ ਸੀ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਸਿਰਫ ਇਕ ਹੀ ਮਸਲਾ ਹੈ ਅਤੇ ਉਹ ਹੈ ਕਸ਼ਮੀਰ। ਲੋਕ ਚੰਦ 'ਤੇ ਪਹੁੰਚ ਗਏ ਹਨ ਪਰ ਅਸੀਂ ਉਥੇ ਹੀ ਅੜ੍ਹੇ  ਹੋਏ ਹਾਂ। ਇਮਰਾਨ ਨੇ ਕਿਹਾ ਸੀ ਕਿ ਮੈਂ ਫਿਰ ਤੋਂ ਕਹਿਣਾ ਚਾਹੁੰਦਾ ਹਾਂ

ਕਿ ਭਾਰਤ ਦੋਸਤੀ ਦੇ ਲਈ ਇਕ ਕਦਮ ਵਧਾਵੇ ਤਾਂ ਅਸੀਂ ਦੋ ਵਧਾਵਾਂਗੇ। ਫ਼ੋਜ ਮੁਖੀ ਨੇ ਕਿਹਾ ਹੈ ਕਿ ਪਾਕਿਸਤਾਨ ਕਹਿ ਰਿਹਾ ਹੈ ਕਿ ਭਾਰਤ ਇਕ ਕਦਮ ਅੱਗੇ ਵਧੇ ਤਾਂ ਅਸੀਂ ਦੋ ਵਧਾਵਾਂਗੇ। ਇਸ ਵਿਚ ਵਿਰੋਧਾਭਾਸ ਹੈ। ਪਾਕਿਸਤਾਨ ਵੱਲੋਂ ਪਹਿਲ ਸਾਕਾਰਾਤਮਕ ਦਿਸ਼ਾ ਵੱਲ ਹੋਣੀ ਚਾਹੀਦੀ ਹੈ। ਇਸ ਦਾ ਅਸਰ ਵੀ ਨਜ਼ਰ ਆਉਣਾ ਚਾਹੀਦਾ ਹੈ। ਇਸ ਤੋਂ ਬਾਅਦ ਹੀ ਕੋਈ ਵੀ ਗੱਲਬਾਤ ਅਗਾਂਹ ਵਧ ਸਕਦੀ ਹੈ। ਸਾਡੇ ਦੇਸ਼ ਦੀ ਰਣਨੀਤੀ ਸਾਫ ਹੈ ਕਿ ਅਤਿਵਾਦ ਅਤੇ ਗੱਲਬਾਤ ਨਾਲ-ਨਾਲ  ਨਹੀਂ ਚਲ ਸਕਦੇ।