ਕਰਤਾਰਪੁਰ ਲਾਂਘੇ ਬਾਰੇ ਦੋ ਸਮਾਗਮ-ਇਕ ਭਾਰਤ ਵਿਚ ਤੇ ਦੂਜਾ ਪਾਕਿਸਤਾਨ ਵਿਚ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਭਾਰਤ ਅਤੇ ਪਾਕਿਸਤਾਨ ਦੋਹਾਂ ਦੇਸ਼ਾਂ ਵਿਚ ਪੈਂਦੇ ਅਪਣੇ ਅਪਣੇ ਇਲਾਕੇ ਵਿਚ ਰੱਖ ਦਿਤਾ ਗਿਆ ਹੈ

Two events related to the Kartarpur corridor

ਚੰਡੀਗੜ੍ਹ (ਸ.ਸ.ਸ) 30 ਨਵੰਬਰ, ਨਿਮਰਤ ਕੌਰ: ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਭਾਰਤ ਅਤੇ ਪਾਕਿਸਤਾਨ ਦੋਹਾਂ ਦੇਸ਼ਾਂ ਵਿਚ ਪੈਂਦੇ ਅਪਣੇ ਅਪਣੇ ਇਲਾਕੇ ਵਿਚ ਰੱਖ ਦਿਤਾ ਗਿਆ ਹੈ। ਪਰ ਦੋਹਾਂ ਦੇਸ਼ਾਂ ਦੇ ਇਸ ਨੀਂਹ ਪੱਥਰ ਸਮਾਗਮ ਵਿਚ ਜ਼ਮੀਨ-ਅਸਮਾਨ ਦਾ ਫ਼ਰਕ ਸੀ। ਇਕ ਪਾਸੇ ਇਸ ਕਦਮ ਨੂੰ ਬੜਾ ਸਤਿਕਾਰ ਅਤੇ ਆਦਰ ਦਿਤਾ ਜਾ ਰਿਹਾ ਸੀ ਅਤੇ ਦੂਜੇ ਪਾਸੇ ਇਹ ਕਦਮ ਚੁਕਦੇ ਹੋਏ ਜ਼ੁਬਾਨ ਅਤੇ ਦਿਲ ਦਾ ਤਾਲਮੇਲ ਨਹੀਂ ਸੀ ਬਣ ਰਿਹਾ। ਪਾਕਿਸਤਾਨ ਵਲੋਂ ਨੀਂਹ ਪੱਥਰ ਸਮਾਗਮ ਵਿਚ ਸਰਕਾਰ,

ਫ਼ੌਜ ਅਤੇ ਅਵਾਮ ਵਲੋਂ ਇਕਜੁਟਤਾ ਤਾਂ ਵਿਖਾਈ ਹੀ ਗਈ, ਨਾਲ ਹੀ ਪਾਕਿਸਤਾਨੀ ਮੀਡੀਆ ਵਲੋਂ ਵੀ ਇਸ ਇਤਿਹਾਸਕ ਕਦਮ ਨੂੰ ਬੜੀ ਤਹਿਜ਼ੀਬ ਨਾਲ ਪੇਸ਼ ਕੀਤਾ ਗਿਆ। ਪਾਕਿਸਤਾਨ ਸਰਕਾਰ ਵਲੋਂ ਵੀ ਬੜੀ ਖ਼ੂਬਸੂਰਤ ਵੀਡੀਉ ਜਾਰੀ ਕੀਤੀ ਗਈ ਜੋ 'ਬਾਬਾ ਨਾਨਕ' ਦੇ ਫ਼ਲਸਫ਼ੇ ਉਤੇ ਨਾਜ਼ ਕਰਨ ਦੀ ਡਾਕਟਰ ਇਕਬਾਲ ਦੀ ਸੋਚ ਨੂੰ ਦੁਹਰਾਉਂਦੀ ਹੈ। ਲਾਂਘੇ ਸਬੰਧੀ ਚੁੱਕੇ ਗਏ ਹਰ ਕਦਮ ਤੇ ਪਾਕਿਸਤਾਨ ਵਲੋਂ ਖ਼ੁਸ਼ੀ ਪ੍ਰਗਟ ਕੀਤੀ ਗਈ। ਪਰ ਭਾਰਤ ਦੇ ਰਾਜਸੀ ਮੰਚ ਤੇ, ਦਿਮਾਗ਼ੀ ਤਣਾਅ ਅਤੇ ਹਲਕੀ ਰਾਜਨੀਤੀ ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਸਮਾਗਮ ਤੇ ਹਾਵੀ ਰਹੀ।

ਨੀਂਹ ਪੱਥਰ ਉਤੇ ਕਾਲੀਆਂ ਟੇਪਾਂ, ਸਾਬਕਾ ਅਕਾਲੀ ਮੰਤਰੀਆਂ ਦੇ ਨਾਂ ਤੇ ਗੁੱਸਾ, ਸਟੇਜ ਤੇ ਕਾਂਗਰਸ ਅਤੇ ਅਕਾਲੀ ਦਲ ਦਾ ਇਕ-ਦੂਜੇ ਤੇ ਨਿਸ਼ਾਨਾ, ਭਾਰਤੀ ਸਮਾਗਮ ਦੇ ਮੁਖ ਤੱਤ ਸਨ। ਨਵਜੋਤ ਸਿੰਘ ਸਿੱਧੂ, ਜਿਸ ਦੀ ਇਮਰਾਨ ਖ਼ਾਨ ਨਾਲ ਮਿੱਤਰਤਾ ਸਦਕਾ ਇਹ ਵਾਹਗਾ ਸਰਹੱਦ ਖੁੱਲ੍ਹੀ, ਉਹ ਭਾਰਤ ਵਾਲੇ ਪਾਸੇ ਦੇ ਸਮਾਗਮ 'ਚ ਹਾਜ਼ਰ ਨਹੀਂ ਸੀ। ਪਰ ਉਸੇ ਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨ ਵਿਚ ਇਸ ਕਾਮਯਾਬੀ ਦਾ ਨਾਇਕ ਬਣਾ ਕੇ ਪੇਸ਼ ਕੀਤਾ ਗਿਆ ਤੇ ਸਿਹਰਾ ਉਸ ਦੇ ਸਿਰ ਤੇ ਹੀ ਬੰਨ੍ਹਿਆ ਗਿਆ, ਅਪਣੇ ਸਿਰ ਉਤੇ ਨਹੀਂ (ਹਾਲਾਂਕਿ ਉਹ ਏਧਰ ਦੇ ਨੇਤਾਵਾਂ ਨਾਲੋਂ ਜ਼ਿਆਦਾ ਜ਼ੋਰ ਨਾਲ ਅਪਣੀ ਪਿੱਠ ਥਾਪੜ ਸਕਦੇ ਸਨ)

ਪਾਕਿਸਤਾਨੀ ਸਮਾਗਮ ਵਿਚ ਜਿਹੜੀ ਇਕ ਸਿਆਸੀ ਚਾਲ ਚਲੀ ਗਈ, ਉਹ ਅਫ਼ਸੋਸ ਨਾਲ ਹਰਸਿਮਰਤ ਕੌਰ ਬਾਦਲ ਵਲੋਂ ਚੱਲੀ ਗਈ ਸੀ, ਜਿਨ੍ਹਾਂ ਸਿਧੂ ਦੇ ਸਿਰ ਤੇ ਬੱਝਾ ਸਿਹਰਾ ਲਾਹ ਕੇ ਮੋਦੀ ਅਤੇ ਅਪਣੀ ਪਾਰਟੀ ਦੇ ਸਿਰ ਬੰਨ੍ਹਣ ਦੀ ਕੋਸ਼ਿਸ਼ ਕੀਤੀ ਪਰ ਇਮਰਾਨ-ਸਿੱਧੂ ਦੀ ਦੋਸਤੀ ਨੂੰ ਕੋਈ ਮਾਨਤਾ ਨਾ ਦਿਤੀ ਜਿਸ ਤੋਂ ਬਿਨਾਂ ਇਹ ਦਿਨ ਅਜੇ ਕਈ ਸਾਲਾਂ ਤਕ ਨਹੀਂ ਸੀ ਆ ਸਕਣਾ। ਹਰਸਿਮਰਤ ਕੌਰ ਬਾਦਲ ਨੇ ਅਪਣਾ ਭਾਸ਼ਣ ਹਿੰਦੀ ਵਿਚ ਦੇ ਕੇ ਇਹ ਦਸ ਦਿਤਾ ਕਿ ਉਹ ਮੋਦੀ ਜੀ ਦੇ ਪ੍ਰਤੀਨਿਧ ਸਨ ਨਾਕਿ ਪੰਜਾਬ ਦੇ ਸਿੱਖਾਂ ਦੇ।

'ਅੰਮ੍ਰਿਤ' ਛਿੜਕ ਕੇ ਤੇ ਬਾਬੇ ਨਾਨਕ ਦੇ ਫ਼ਲਸਫ਼ੇ ਵਿਰੁਧ ਜਾ ਕੇ ਇਹ 'ਸ਼ੁੱਧੀ' ਦੀ ਰਸਮ ਨਿਭਾਉਣ ਦਾ ਕੰਮ ਵੀ ਉਨ੍ਹਾਂ ਵਲੋਂ ਹੀ ਕੀਤਾ ਗਿਆ। ਦੋਹਾਂ ਦੇਸ਼ਾਂ ਦੇ ਸਮਾਗਮਾਂ ਵਿਚ ਏਨਾ ਫ਼ਰਕ ਕਿਉਂ? ਭਾਰਤ ਅਤੇ ਪਾਕਿਸਤਾਨ ਸਰਕਾਰਾਂ ਨੇ ਅਪਣੀ ਮਰਜ਼ੀ ਨਾਲ ਇਹ ਕਦਮ ਚੁਕਿਆ ਸੀ ਅਤੇ ਕਿਸੇ ਨੇ ਸਿਰ ਤੇ ਬੰਦੂਕ ਨਹੀਂ ਸੀ ਤਾਣੀ ਹੋਈ। ਭਾਵੇਂ ਭਾਰਤ ਸਰਕਾਰ ਨੇ ਸਿਆਸੀ ਲਾਹੇ ਨੂੰ ਸਾਹਮਣੇ ਰੱਖ ਕੇ ਇਹ ਕਦਮ ਚੁਕਿਆ ਹੋਵੇਗਾ ਪਰ ਏਨਾ ਹਲਕਾ ਸਲੂਕ ਇਸ ਮੌਕੇ ਤੇ ਸੋਭਾ ਨਹੀਂ ਸੀ ਦਿੰਦਾ। ਭਾਰਤ ਸਰਕਾਰ ਦਾ ਕਹਿਣਾ ਹੈ ਕਿ ਪਾਕਿਸਤਾਨ ਸਿਆਸੀ ਖੇਡ ਖੇਡ ਰਿਹਾ ਹੈ ਅਤੇ ਸਿਰਫ਼ ਵਿਖਾਵਾ ਕਰ ਰਿਹਾ ਹੈ।

ਖ਼ਾਲਿਸਤਾਨ ਪੱਖੀ ਆਗੂ ਚਾਵਲਾ ਨੂੰ ਇਸ ਮੌਕੇ ਵੀ.ਆਈ.ਪੀ. ਲੋਕਾਂ ਵਿਚ ਬੈਠੇ ਵੇਖ ਕੇ ਇਸ ਨੂੰ ਪਾਕਿਸਤਾਨ ਦੀ ਸਾਜ਼ਸ਼ ਦਸਿਆ ਜਾ ਰਿਹਾ ਹੈ। ਪਰ ਭਾਰਤ ਸਰਕਾਰ ਵੀ ਤਾਂ ਵੋਟਾਂ ਖ਼ਾਤਰ ਪੰਜਾਬ ਦੇ ਸਿੱਖਾਂ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਭਾਰਤ ਸਰਕਾਰ ਦੀ ਝਿਜਕ ਏਨੇ ਵੱਡੇ ਪੱਧਰ ਦੀ ਸੀ ਕਿ ਸਿਰਫ਼ 'ਸਿੱਖ' ਚਿਹਰਿਆਂ ਨੂੰ ਹੀ ਪਾਕਿਸਤਾਨ ਭੇਜਿਆ ਗਿਆ ਅਤੇ ਨਾਲ ਹੀ ਪਾਕਿਸਤਾਨ ਵਿਰੁਧ ਬਿਆਨਬਾਜ਼ੀ ਵੀ ਤੇਜ਼ ਕਰ ਦਿਤੀ ਗਈ। ਜਦੋਂ ਪ੍ਰਧਾਨ ਮੰਤਰੀ ਮੋਦੀ ਨੇ ਪਾਕਿਸਤਾਨ ਨਾਲ ਰਿਸ਼ਤੇ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਤੇ ਬਿਨਾ ਬੁਲਾਏ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਪੁੱਤਰ ਦੇ ਵਿਆਹ ਮੌਕੇ ਚਲੇ ਗਏ ਸਨ

ਤਾਂ ਸੱਭ ਠੀਕ ਸੀ ਪਰ ਅੱਜ ਕਿਉਂ ਨਹੀਂ? ਜੇ ਮੋਦੀ ਕਰੇ ਤਾਂ ਠੀਕ, ਜੇ ਸਿੱਧੂ ਕਰੇ ਤਾਂ ਗ਼ਲਤ? ਭਾਰਤੀ ਮੀਡੀਆ ਨੇ ਵੀ ਕੋਈ ਕਸਰ ਨਹੀਂ ਛੱਡੀ। ਜੋ ਕਦਮ ਪਹਿਲਾਂ ਭਾਰਤ ਸਰਕਾਰ ਵਲੋਂ ਚੁਕਿਆ ਗਿਆ, ਉਸੇ ਕਦਮ ਨੂੰ ਸਮਾਗਮ ਦਾ ਰੂਪ ਦਿਤੇ ਜਾਣ ਤੇ, ਖ਼ੁਸ਼ੀ ਨਾਲ ਜਾਣ ਵਾਲੇ ਸਿੱਧੂ ਨੂੰ ਦੇਸ਼ਧ੍ਰੋਹੀ ਆਖਿਆ ਜਾ ਰਿਹਾ ਹੈ। ਇਨ੍ਹਾਂ ਸਮਾਗਮਾਂ ਵਿਚ ਜੋ ਫ਼ਰਕ ਹੈ, ਉਹ ਭਾਰਤੀ ਅਤੇ ਪਾਕਿਸਤਾਨੀ ਮਾਨਸਿਕਤਾ ਦਾ ਪ੍ਰਦਰਸ਼ਨ ਵੀ ਸੀ। ਅਫ਼ਸੋਸ ਕਿ ਭਾਰਤੀ ਸਿਆਸਤਦਾਨ ਅਤੇ ਮੀਡੀਆ, ਦੋਵੇਂ ਹੀ ਖ਼ੁਸ਼ੀ ਦੇ ਇਸ ਮੌਕੇ ਨੂੰ ਠੀਕ ਤਰ੍ਹਾਂ 'ਜੀਅ ਆਇਆਂ' ਵੀ ਨਾ ਆਖ ਸਕੇ। 

ਮੀਡੀਆ ਤਾਂ ਅਸਲ ਵਿਚ ਸਿਆਸਤਦਾਨਾਂ ਦੀ ਕਠਪੁਤਲੀ ਬਣ ਚੁੱਕਾ ਹੈ ਜੋ ਦਮੜੀ ਬਦਲੇ ਕੁੱਝ ਵੀ ਕਹਿਣ ਨੂੰ ਤਿਆਰ ਮਿਲਦਾ ਹੈ। ਸਿਆਸਤਦਾਨਾਂ ਨੇ ਦੇਸ਼ ਲਈ ਪਿਆਰ ਨਹੀਂ, ਬਲਕਿ ਮੌਕਾਪ੍ਰਸਤੀ ਦਾ ਪ੍ਰਦਰਸ਼ਨ ਹੀ ਕੀਤਾ। ਬਾਦਲ ਪ੍ਰਵਾਰ ਜੋ ਸਿੱਧੂ ਦਾ ਵਿਰੋਧ ਕਰਦੇ ਹੋਏ ਇਸ ਗੱਲਬਾਤ ਨੂੰ ਦੇਸ਼ਧ੍ਰੋਹ ਆਖਦਾ ਰਿਹਾ, ਉਸ ਨੇ ਆਖ਼ਰੀ ਮੌਕੇ ਤੇ ਮੋਦੀ ਦੇ ਸਹਾਰੇ ਸਟੇਜ ਤੇ ਕੁਰਸੀ ਵੀ ਹਾਸਲ ਕਰ ਲਈ ਤੇ ਅਪਣਾ ਨਾਂ ਵੀ ਨੀਂਹ ਪੱਥਰ ਤੇ ਲਿਖਵਾ ਲਿਆ।

ਪਾਕਿਸਤਾਨ ਦੇ ਨੀਂਹ ਪੱਥਰ ਉਤੇ ਕੇਵਲ ਉਨ੍ਹਾਂ ਦੇ ਪ੍ਰਧਾਨ ਮੰਤਰੀ ਦਾ ਨਾਂ ਅਤੇ ਸਾਡੇ ਨੀਂਹ ਪੱੱਥਰ ਉਤੇ ਕਾਲੀ ਟੇਪ ਅਤੇ ਬੇਅੰਤ ਹੋਰ ਨਾਂ। ਸਿਆਸਤ ਵਿਚ ਇਸ ਤਰ੍ਹਾਂ ਦੀ ਨੈਤਿਕ ਗਿਰਾਵਟ ਦਾ ਕਾਰਨ ਕੀ ਹੈ? ਕੀ ਇਹ ਲੋਕ ਏਨੇ ਸਵਾਰਥੀ ਹੋ ਚੁੱਕੇ ਹਨ ਕਿ ਇਹ ਬਾਬੇ ਨਾਨਕ ਦੇ ਨਾਂ ਤੇ ਵੀ ਅਪਣੇ ਨਿਜ ਲਈ ਖੱਟੀ ਖੱਟਣ ਨੂੰ ਪਹਿਲ ਦੇਣ ਵਾਲੇ ਬਣ ਗਏ ਹਨ?