12 ਸੰਸਦ ਮੈਂਬਰਾਂ ਦੀ ਮੁਅੱਤਲੀ ਨੂੰ ਲੈ ਕੇ ਵਿਰੋਧੀ ਧਿਰਾਂ ਨੇ ਰਾਜ ਸਭਾ ਚੇਅਰਮੈਨ ਨਾਲ ਕੀਤੀ ਮੁਲਾਕਾਤ
ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਸਦਨ ਦੀ ਮਰਿਆਦਾ ਬਣਾਈ ਰੱਖਣ ਲਈ ਸਰਕਾਰ ਨੂੰ ਸਦਨ ਵਿਚ ਮੁਅੱਤਲੀ ਦਾ ਇਹ ਪ੍ਰਸਤਾਵ ਰੱਖਣ ਲਈ ਮਜਬੂਰ ਹੋਣਾ ਪਿਆ
ਨਵੀਂ ਦਿੱਲੀ: ਸੰਸਦ ਦੇ ਸਰਦ ਰੁੱਤ ਇਜਲਾਸ ਦੇ ਪਹਿਲੇ ਦਿਨ ਦੀ ਸ਼ੁਰੂਆਤ ਹੰਗਾਮੇ ਨਾਲ ਹੋਈ। ਸੰਸਦ ਦੇ ਮਾਨਸੂਨ ਇਜਲਾਸ ਦੌਰਾਨ ਹੰਗਾਮਾ ਕਰਨ ਲਈ ਰਾਜ ਸਭਾ ਦੇ 12 ਸੰਸਦ ਮੈਂਬਰਾਂ ਨੂੰ ਪੂਰੇ ਇਜਲਾਸ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਵਿਰੋਧੀ ਧਿਰਾਂ ਚਾਹੁੰਦੀਆਂ ਹਨ ਕਿ 12 ਸੰਸਦ ਮੈਂਬਰਾਂ ਦੀ ਮੁਅੱਤਲੀ ਵਾਪਸ ਲਈ ਜਾਵੇ, ਇਸ ਮੁੱਦੇ 'ਤੇ ਕਾਂਗਰਸ ਵੱਲੋਂ ਬੁਲਾਈ ਗਈ ਮੀਟਿੰਗ ਤੋਂ ਬਾਅਦ ਉਹਨਾਂ ਨੇ ਰਾਜ ਸਭਾ ਦੇ ਚੇਅਰਮੈਨਨਾਲ ਮੁਲਾਕਾਤ ਵੀ ਕੀਤੀ।
ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਮੰਗਲਵਾਰ ਸਵੇਰੇ ਟਵੀਟ ਕਰਕੇ ਕਿਹਾ ਕਿ ਸਦਨ ਦੀ ਮਰਿਆਦਾ ਬਣਾਈ ਰੱਖਣ ਲਈ ਸਰਕਾਰ ਨੂੰ ਸਦਨ ਦੇ ਸਾਹਮਣੇ ਮੁਅੱਤਲੀ ਦਾ ਇਹ ਪ੍ਰਸਤਾਵ ਰੱਖਣ ਲਈ ਮਜਬੂਰ ਹੋਣਾ ਪਿਆ ਪਰ ਜੇਕਰ ਇਹ 12 ਸੰਸਦ ਮੈਂਬਰ ਫਿਰ ਵੀ ਸਪੀਕਰ ਅਤੇ ਸਦਨ ਤੋਂ ਆਪਣੇ ਗਲਤ ਵਰਤਾਅ ਲਈ ਮੁਆਫੀ ਮੰਗਦੇ ਹਨ ਤਾਂ ਸਰਕਾਰ ਵੀ ਖੁੱਲ੍ਹੇ ਦਿਲ ਨਾਲ ਉਹਨਾਂ ਦੇ ਪ੍ਰਸਤਾਵ 'ਤੇ ਹਾਂ-ਪੱਖੀ ਵਿਚਾਰ ਕਰਨ ਲਈ ਤਿਆਰ ਹੈ।
ਉਹਨਾਂ ਇਹ ਵੀ ਕਿਹਾ, 'ਸਰਕਾਰ ਨਿਯਮਾਂ ਅਨੁਸਾਰ ਹਰ ਮੁੱਦੇ 'ਤੇ ਬਹਿਸ ਕਰਨ ਅਤੇ ਹਰ ਸਵਾਲ ਦਾ ਜਵਾਬ ਦੇਣ ਲਈ ਤਿਆਰ ਹੈ। ਭਲਕੇ ਸਦਨ ਵਿਚ ਕਈ ਅਹਿਮ ਬਿੱਲ ਪੇਸ਼ ਕੀਤੇ ਜਾਣੇ ਹਨ। ਮੈਂ ਇੱਕ ਵਾਰ ਫਿਰ ਸਾਰੀਆਂ ਪਾਰਟੀਆਂ ਨੂੰ ਸਦਨ ਨੂੰ ਚੱਲਣ ਦੇਣ ਅਤੇ ਇਹਨਾਂ ਸਾਰੇ ਬਿੱਲਾਂ 'ਤੇ ਫਲਦਾਇਕ ਅਤੇ ਸਿਹਤਮੰਦ ਚਰਚਾ ਕਰਨ ਦੀ ਅਪੀਲ ਕਰਦਾ ਹਾਂ।'
ਇਸ ਦੌਰਾਨ ਦੂਜੇ ਪਾਸੇ ਮੰਗਲਵਾਰ ਨੂੰ ਜਿਵੇਂ ਹੀ ਸੰਸਦ ਦੀ ਕਾਰਵਾਈ ਸ਼ੁਰੂ ਹੋਈ ਤਾਂ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਲੋਕ ਸਭਾ 'ਚੋਂ ਵਾਕਆਊਟ ਕਰ ਦਿੱਤਾ। ਰੌਲੇ-ਰੱਪੇ ਵਿਚਾਲੇ ਉਹਨਾਂ ਨੂੰ ਅਪਣੀ ਗੱਲ ਕਹਿਣ ਦਾ ਮੌਕਾ ਨਹੀਂ ਮਿਲਿਆ। ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ ਕਰਨੀ ਪਈ। ਜ਼ਿਕਰਯੋਗ ਹੈ ਕਿ ਮਾਨਸੂਨ ਇਜਲਾਸ 'ਚ ਹੰਗਾਮਾ ਕਰਨ ਵਾਲੇ ਸੰਸਦ ਮੈਂਬਰਾਂ 'ਤੇ ਇਹ ਕਾਰਵਾਈ ਕੀਤੀ ਗਈ ਹੈ।
ਉੱਚ ਸਦਨ ਦੇ ਜਿਨ੍ਹਾਂ 12 ਸੰਸਦ ਮੈਂਬਰਾਂ ਨੂੰ ਸੋਮਵਾਰ ਨੂੰ ਮੁਅੱਤਲ ਕੀਤਾ ਗਿਆ ਸੀ ਉਹਨਾਂ ਵਿਚ ਅਲਮਾਰਾਮ ਕਰੀਮ (ਸੀਪੀਆਈ), ਫੁਲੋ ਦੇਵੀ ਨੇਤਾਮ (ਕਾਂਗਰਸ), ਛਾਇਆ ਵਰਮਾ (ਕਾਂਗਰਸ), ਰਿਪੁਨ ਬੋਰਾ (ਕਾਂਗਰਸ), ਬਿਨੋਏ ਬਿਸਵਾਮ (ਸੀਪੀਆਈ), ਰਾਜਮਨੀ ਪਟੇਲ (ਕਾਂਗਰਸ), ਡੋਲਾ ਸੇਨ (ਤ੍ਰਿਣਮੂਲ ਕਾਂਗਰਸ), ਸ਼ਾਂਤ ਛੇਤਰੀ (ਤ੍ਰਿਣਮੂਲ ਕਾਂਗਰਸ), ਸਈਅਦ ਨਾਸਿਰ ਹੁਸੈਨ (ਕਾਂਗਰਸ), ਪ੍ਰਿਅੰਕਾ ਚਤੁਰਵੇਦੀ (ਸ਼ਿਵ ਸੈਨਾ), ਅਨਿਲ ਦੇਸਾਈ (ਸ਼ਿਵ ਸੈਨਾ) ਅਤੇ ਅਖਿਲੇਸ਼ ਪ੍ਰਸਾਦ ਸਿੰਘ (ਕਾਂਗਰਸ) ਸ਼ਾਮਲ ਹਨ।
ਦਰਅਸਲ ਸੰਸਦ ਦੇ ਮਾਨਸੂਨ ਇਜਲਾਸ ਦੌਰਾਨ ਰਾਜ ਸਭਾ 'ਚ ਹੰਗਾਮੇ ਦੌਰਾਨ ਧੱਕਾ-ਮੁੱਕੀ ਕਰਨ ਅਤੇ ਸਦਨ ਦੀ ਮਰਿਆਦਾ ਦੀ ਕਥਿਤ ਤੌਰ 'ਤੇ ਉਲੰਘਣਾ ਕਰਨ ਦੇ ਦੋਸ਼ਾਂ ਤੋਂ ਬਾਅਦ ਰਾਜ ਸਭਾ ਦੇ ਚੇਅਰਮੈਨ ਐਮ ਵੈਂਕਈਆ ਨਾਇਡੂ ਨੇ ਮਾਮਲੇ ਦੀ ਜਾਂਚ ਲਈ ਇਕ ਕਮੇਟੀ ਦਾ ਗਠਨ ਕੀਤਾ ਸੀ। ਇਸ ਕਮੇਟੀ ਦੀਆਂ ਸਿਫਾਰਿਸ਼ਾਂ ਦੇ ਆਧਾਰ 'ਤੇ ਸੋਮਵਾਰ ਨੂੰ ਇਹਨਾਂ ਸੰਸਦ ਮੈਂਬਰਾਂ ਖਿਲਾਫ ਕਾਰਵਾਈ ਕੀਤੀ ਗਈ।