ਇੰਜੀਨੀਅਰਿੰਗ ਵਿਦਿਆਰਥੀਆਂ ਨੇ ਬਣਾਈ ਬਿਨਾਂ ਡਰਾਈਵਰ ਦੇ ਚੱਲਣ ਵਾਲੀ ਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਫ਼ਲ ਰਿਹਾ ਕਾਰ ਦਾ ਪਹਿਲੇ ਪੜਾਅ ਦਾ ਪ੍ਰੀਖਣ

Image

 

ਪ੍ਰਯਾਗਰਾਜ - ਮੋਤੀਲਾਲ ਨਹਿਰੂ ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀ ਪ੍ਰਯਾਗਰਾਜ ਦੇ ਵਿਦਿਆਰਥੀਆਂ ਦੀ ਟੀਮ ਨੇ 'ਕਾਰਟ 95' (CART-95) ਨਾਂਅ ਦੀ ਇੱਕ ਸਵੈ-ਚਲਿਤ ਜਾਂ ਬਿਨਾਂ ਡਰਾਈਵਰ ਚੱਲਣ ਵਾਲੀ ਕਾਰ ਤਿਆਰ ਕੀਤੀ ਹੈ।

ਇਸ ਸੰਸਥਾ ਦੇ ਦੇ ਸਾਬਕਾ ਵਿਦਿਆਰਥੀ ਅਤੇ ਮਾਈਕ੍ਰੋਸਾਫਟ ਏਸ਼ੀਆ ਦੇ ਪ੍ਰਧਾਨ, ਅਹਿਮਦ ਮਜ਼ਹਾਰੀ ਇਸ ਸਵੈ-ਡਰਾਈਵਿੰਗ ਕਾਰ ਦੇ ਉਦਘਾਟਨ ਸਮੇਂ ਮੌਜੂਦ ਰਹੇ। 

ਅਧਿਕਾਰੀਆਂ ਨੇ ਦੱਸਿਆ ਕਿ ਐਮਐਨਐਨਆਈਟੀ ਦੇ ਸਾਬਕਾ ਨਿਰਦੇਸ਼ਕ, ਪ੍ਰੋਫੈਸਰ ਰਾਜੀਵ ਤ੍ਰਿਪਾਠੀ ਨੇ ਕਾਰ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ, ਅਤੇ ਟੈਸਟ ਡਰਾਈਵ ਵਜੋਂ ਇਹ ਕਾਰ ਕੈਂਪਸ ਵਿੱਚ ਚਲਾਈ ਗਈ ।

ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਫੈਕਲਟੀ ਮੈਂਬਰਾਂ ਦੇ ਮਾਰਗਦਰਸ਼ਨ ਤਹਿਤ, ਇੰਸਟੀਚਿਊਟ ਕੈਂਪਸ ਵਿੱਚ ਕਾਰ ਵਿਕਾਸ ਦੇ ਪਹਿਲੇ ਪੜਾਅ ਦੇ ਪ੍ਰੀਖਣ 'ਚ ਸਫਲਤਾਪੂਰਵਕ ਪਾਸ ਹੋਈ।  

ਸੰਸਥਾ ਦੇ 1995 ਦੇ 'ਸਿਲਵਰ ਜੁਬਲੀ ਬੈਚ' ਨੇ ਇਸ ਡਰਾਈਵਰ ਰਹਿਤ ਕਾਰ ਦੇ ਪ੍ਰੋਜੈਕਟ ਲਈ ਵਿੱਤੀ ਮਦਦ ਕੀਤੀ ਹੈ, 19-ਮੈਂਬਰੀ ਟੀਮ ਵਿੱਚੋਂ ਇੱਕ, ਬੀ.ਟੈਕ ਫਾਈਨਲ ਈਅਰ (ਮਕੈਨੀਕਲ ਇੰਜੀਨੀਅਰਿੰਗ) ਦੇ ਵਿਦਿਆਰਥੀ ਗੌਰਵ ਸ਼ਰਮਾ ਨੇ ਦੱਸਿਆ।

“ਇੱਕ ਮਹੀਨੇ ਦੇ ਪਰੀਖਣ ਅਤੇ ਹੋਰ ਖੋਜਾਂ ਕਰਨ ਤੋਂ ਬਾਅਦ, ਅੰਤਰ-ਅਨੁਸ਼ਾਸਨੀ ਤਕਨੀਕੀ ਕਲੱਬ ਦੇ ਵਿਦਿਆਰਥੀ ਮੈਂਬਰਾਂ ਅਤੇ ਅਧਿਆਪਕ ਸਲਾਹਕਾਰਾਂ ਦੁਆਰਾ ਪ੍ਰੋਟੋਟਾਈਪ ਤਿਆਰ ਕੀਤਾ ਗਿਆ ਹੈ,” ਉਸ ਨੇ ਅੱਗੇ ਕਿਹਾ।

ਐਮਐਨਐਨਆਈਟੀ ਦੇ ਡਾਇਰੈਕਟਰ ਪ੍ਰੋਫੈਸਰ ਆਰ.ਐਸ. ਵਰਮਾ ਨੇ ਵਿਦਿਆਰਥੀਆਂ ਦੀ ਇਸ ਪ੍ਰਾਪਤੀ ਦੀ ਸ਼ਲਾਘਾ ਕੀਤੀ। “ਹੁਣ ਸਾਡੀ ਤਰਜੀਹ ਇਸ ਕਾਰ ਤਕਨਾਲੋਜੀ ਨੂੰ ਛੇਤੀ ਤੋਂ ਛੇਤੀ ਪੇਟੈਂਟ ਕਰਵਾਉਣ ਦੀ ਹੈ,” ਉਸ ਨੇ ਕਿਹਾ।

ਵਿਦਿਆਰਥੀਆਂ ਦੁਆਰਾ ਬਣਾਈ ਗਈ ਇਸ ਕਾਰ ਦੇ ਨਿਰਮਾਣ ਲਈ  ਬਣਾਉਣ ਲਈ ਰੋਬੋਟਿਕਸ ਕਲੱਬ ਆਫ ਐਮਐਨਐਨਆਈਟੀ ਅਤੇ ਐਸਏਈ ਇੰਟਰਕਾਲਜੀਏਟ ਕਲੱਬ ਨੇ ਮਿਲ ਕੇ ਕੰਮ ਕੀਤਾ।

ਪ੍ਰੋਜੈਕਟ ਦੀ ਦੇਖ-ਰੇਖ ਅਤੇ ਦਿਸ਼ਾ-ਨਿਰਦੇਸ਼ ਦੀ ਜ਼ਿੰਮੇਵਾਰੀ ਐਮਐਨਐਨਆਈਟੀ ਦੇ ਮਕੈਨੀਕਲ ਇੰਜਨੀਅਰਿੰਗ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਸਮੀਰ ਸਰਸਵਤੀ ਅਤੇ  ਸਹਾਇਕ ਪ੍ਰੋਫੈਸਰ ਜਿਤੇਂਦਰ ਨਰਾਇਣ ਗੰਗਵਾਰ ਨੇ ਨਿਭਾਈ।