ਸਮਾਂ ਲੰਘਣ ਦੇ ਨਾਲ ਘੱਟਦੀ ਜਾ ਰਹੀ ਹੈ ਖਾਣ 'ਚ ਫਸੇ ਮਜ਼ੂਦਰਾਂ ਦੇ ਬਚਣ ਦੀ ਆਸ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਖਾਣ ਹਾਦਸੇ ਵਿਚ ਜਿੰਦਾ ਬਚ ਨਿਕਲੇ ਮਜ਼ਦੂਰ ਸਾਹਿਬ ਅਲੀ ਨੇ ਦੱਸਿਆ ਕਿ ਕਿਸੇ ਵੀ ਤਰ੍ਹਾਂ ਫਸੇ ਹੋਏ ਲੋਕਾਂ ਦੇ ਜਿੰਦਾ ਬਾਹਰ ਆਉਣ ਦੀ ਆਸ ਨਹੀਂ ਹੈ।

Rescue operation

ਮੇਘਾਲਿਆ : ਮੇਘਾਲਿਆ ਵਿਖੇ 300 ਫੁੱਟ ਡੂੰਘੀ ਕੋਲਾ ਖਾਣ ਵਿਚ ਲਗਭਗ 15 ਲੋਕ ਫਸੇ ਹੋਏ ਹਨ। ਇਹ ਖਾਣ ਪੂਰਬੀ ਜੰਯਤੀਆ ਹਿਲ ਜ਼ਿਲ੍ਹੇ ਦੇ ਲੁਮਥਾਰੀ ਪਿੰਡ ਦੇ ਇਕ ਪਹਾੜੀ ਦੇ ਸਿਖਰ 'ਤੇ ਬਣੀ ਹੋਈ ਹੈ। ਜੰਗਲਾਂ ਨਾਲ ਘਿਰੀ ਹੋਈ ਇਸ ਖਾਣ ਦੇ ਨੇੜੇ ਲਾਇਟੇਨ ਨਦੀ ਵਗਦੀ ਹੈ ਜਿਸ ਦਾ ਪਾਣੀ ਇਸ ਖਾਣ ਵਿਚ ਭਰ ਗਿਆ ਅਤੇ ਇਹ ਮਜ਼ਦੂਰ ਇਥੇ ਫਸ ਗਏ। ਸਮਾਂ ਲੰਘਣ ਦੇ ਨਾਲ-ਨਾਲ ਇਹਨਾਂ ਦੇ ਬਚਣ ਦੀ ਆਸ ਵੀ ਘਟਦੀ ਜਾ ਰਹੀ ਹੈ। ਖਾਣ ਹਾਦਸੇ ਵਿਚ ਜਿੰਦਾ ਬਚ ਨਿਕਲੇ ਮਜ਼ਦੂਰ ਸਾਹਿਬ ਅਲੀ ਨੇ ਦੱਸਿਆ ਕਿ ਕਿਸੇ ਵੀ ਤਰ੍ਹਾਂ ਫਸੇ ਹੋਏ ਲੋਕਾਂ ਦੇ ਜਿੰਦਾ ਬਾਹਰ ਆਉਣ ਦੀ ਆਸ ਨਹੀਂ ਹੈ।

ਹੁਣ ਤੱਕ ਬਚਾਅ ਕਰਮਚਾਰੀਆਂ ਨੂੰ ਕੋਈ ਕਾਮਯਾਬੀ ਨਹੀਂ ਮਿਲ ਸਕੀ ਹੈ। ਕਰਮਚਾਰੀਆਂ ਨੂੰ ਸੱਭ ਤੋਂ ਵੱਡੀ ਪਰੇਸ਼ਾਨੀ ਖਾਣ ਦੀ ਡੂੰਘਾਈ ਅਤੇ ਇਸ ਵਿਚ ਲਗਭਗ 70 ਫੁੱਟ ਤੱਕ ਭਰੇ ਪਾਣੀ ਨਾਲ ਹੋ ਰਹੀ ਹੈ। ਕੋਲਾ ਖਾਣ ਵਿਚ ਫਸੇ 15 ਮਜ਼ਦੂਰਾਂ ਦੀ ਬਚਾਅ ਮੁਹਿੰਮ ਵਿਚ ਨੇਵੀ ਦੇ ਗੋਤਾਖੋਰ ਵੀ ਸ਼ਾਮਲ ਹੋ ਗਏ ਹਨ। ਗੋਤਾਖੋਰਾਂ ਦਾ ਇਹ ਦਲ ਵਿਸ਼ਾਖਾਪਟਨਮ ਤੋਂ ਪੁੱਜਾ ਹੈ। ਇਸ ਤੋਂ ਇਲਾਵਾ ਬਚਾਅ ਮੁਹਿੰਮ ਵਿਚ ਓਡੀਸ਼ਾ ਤੋਂ 21 ਮੈਂਬਰੀ ਅੱਗ ਬੁਝਾਓ ਦਸਤਾ ਅਤੇ ਝਾਰਖੰਡ ਦੇ ਧਨਬਾਦ ਸਥਿਤ ਇੰਡੀਅਨ ਸਕੂਲ ਆਫ਼ ਮਾਈਨਸ ਦੇ ਮਾਹਿਰਾਂ ਦੀ ਇਕ ਟੀਮ ਵੀ ਪੁੱਜੀ ਹੈ।

ਐਨਡੀਆਰਐਫ ਦੇ ਸੰਤੋਖ ਕੁਮਾਰ ਸਿੰਘ ਮੁਤਾਬਕ ਇਕ ਹੋਰ ਮੁਸ਼ਕਲ ਇਹ ਹੈ ਕਿ ਜਿਹੜੇ ਲੋਕ ਬਚਾਅ ਕੰਮ ਵਿਚ ਲਗੇ ਹੋਏ ਹਨ ਉਹ ਸਿਰਫ 40 ਫੁੱਟ ਦੀ ਡੂੰਘਾਈ ਤੱਕ ਉਤਰਨ ਵਿਚ ਮਾਹਰ ਹਨ। ਜਦਕਿ ਇਸ ਵਿਚ ਪਾਣੀ ਲਗਭਗ 70 ਫੁੱਟ ਤੱਕ ਭਰਿਆ ਹੋਇਆ ਹੈ। ਜ਼ਿਲ੍ਹਾ ਪੁਲਿਸ ਸੁਪਰਡੈਂਟ ਨੇ ਦੱਸਿਆ ਕਿ ਬਚਾਅ ਦਲ ਦੇ ਨਾਲ ਹੀ ਭੁਵਨੇਸ਼ਵਰ ਤੋਂ ਕੀਰਲੋਸਕਰ ਦੇ 10 ਹਾਈ ਪਾਵਰ ਪੰਪ ਵੀ ਲਿਆਏ ਗਏ ਹਨ। ਕੋਲ ਇੰਡੀਆ ਲਿਮਿਟੇਡ ਦੇ ਹੋਰ 8 ਪੰਪ ਦੋ-ਤਿੰਨ ਦਿਨਾਂ ਵਿਚ ਪੁੱਜ ਜਾਣਗੇ। 370 ਫੁੱਟ ਡੂੰਘੀ ਇਸ ਖਾਣ ਵਿਚੋਂ ਪਾਣੀ ਕੱਢਣ ਲਈ ਇਹਨਾਂ ਦੋਹਾਂ ਵਾਲੋਂ ਸਾਂਝੇ ਤੌਰ 'ਤੇ 18 ਪੰਪਾਂ ਦੀ ਵਿਵਸਥਾ ਕੀਤੀ ਗਈ ਹੈ।