ਪਿਅ੍ਰੰਕਾ ਦਾ CM ਯੋਗੀ ਤੇ ਪੁਲਿਸ ਵਿਰੁਧ ਹੱਲਾ-ਬੋਲ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਗਵਾਂ ਰੰਗ CM ਦਾ ਨਿੱਜੀ ਨਹੀਂ, ਦੇਸ਼ ਦੀ ਪਰੰਪਰਾ

file photo

ਲਖਨਊ : ਉਤਰ ਪ੍ਰਦੇਸ਼ ਪੁਲਿਸ ਵਲੋਂ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਖਿਲਾਫ਼ ਕੀਤੀ ਗਈ ਸਖ਼ਤੀ ਤੋਂ ਬਾਅਦ ਉਠਿਆ ਸਿਆਸੀ ਘਮਾਸਾਨ ਥੰਮਦਾ ਨਜ਼ਰ ਨਹੀਂ ਆ ਰਿਹਾ। ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਵਲੋਂ ਇਸ ਸਬੰਧੀ ਯੂ.ਪੀ. ਸਰਕਾਰ ਤੇ ਪੁਲਿਸ 'ਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ। ਹੁਣ ਪ੍ਰਿਅੰਕਾ ਗਾਧੀ ਨੇ ਇਸ ਸਬੰਧੀ ਗੰਭੀਰ ਸਵਾਲ ਉਠਾਉਂਦਿਆ ਮੁੱਖ ਮੰਤਰੀ ਤੇ ਪੁਲਿਸ ਰਵੱਈਏ ਖਿਲਾਫ਼ ਸਵਾਲ ਉਠਾਏ ਹਨ।

ਉਨ੍ਹਾਂ ਕਿਹਾ ਕਿ ਸੂਬੇ ਦੀ ਪੁਲਿਸ ਵਲੋਂ ਰਾਜ ਅੰਦਰ ਅਰਾਜਕਤਾ ਫ਼ੈਲਾਈ ਜਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੁਲਿਸ ਵਲੋਂ ਇਕ ਵਿਸ਼ੇਸ਼ ਫ਼ਿਰਕੇ ਦੇ ਲੋਕਾਂ 'ਤੇ ਤਸ਼ੱਦਦ ਕੀਤਾ ਜਾ ਰਿਹਾ ਹੈ। ਇਸੇ ਤਹਿਤ ਬਜਨੌਰ 'ਚ ਇਕ ਲੜਕੇ ਦੀ ਹੱਤਿਆ ਕਰ ਦਿਤੀ ਗਈ। ਦੁੱਧ ਲੈਣ ਜਾ ਰਹੇ ਬੱਚੇ ਨੂੰ ਵੀ ਪੁਲਿਸ ਨੇ ਗੋਲੀ ਮਾਰ ਦਿਤੀ ਤੇ ਸੁਲੇਮਾਨ ਨਾਂ ਦੇ ਲੜਕੇ ਨੂੰ ਪੁਲਿਸ ਚੁੱਕ ਲੈ ਗਈ, ਜਿਸ ਦੀ ਬਾਅਦ 'ਚ ਲਾਸ਼ ਮਿਲੀ ਹੈ।

ਉਨ੍ਹਾਂ ਦੋਸ਼ ਲਾਇਆ ਕਿ ਪੁਲਿਸ ਨੇ ਸੁਲੇਮਾਨ ਦੇ ਪਰਵਾਰ ਨੂੰ ਧਮਕੀ ਦਿਤੀ ਕਿ ਜੇਕਰ ਉਨ੍ਹਾਂ ਨੇ ਇਸ ਵਿਰੁਧ ਆਵਾਜ਼ ਉਠਾਈ ਤਾਂ ਉਨ੍ਹਾਂ ਖਿਲਾਫ਼ ਕੇਸ ਦਰਜ ਕਰ ਦਿਤਾ ਜਾਵੇਗਾ।

ਪ੍ਰਿਅੰਕਾ ਨੇ ਕਿਹਾ ਕਿ ਇਸੇ ਤਰ੍ਹਾਂ ਸਾਬਕਾ ਆਈਪੀਐਸ ਅਧਿਕਾਰੀ ਐਸਆਰ ਦਾਰਾਪੁਰੀ ਨੂੰ ਵੀ ਘਰ ਤੋਂ ਚੁਕਿਆ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਕਸੂਰ ਸਿਰਫ਼ ਇੰਨਾ ਹੀ ਸੀ ਕਿ ਉਨ੍ਹਾਂ ਨੇ ਫੇਸਬੁੱਕ 'ਤੇ ਪੋਸਟ ਪਾ ੇਕੇ ਲੋਕਾਂ ਨੂੰ ਸ਼ਾਂਤੀ ਪੂਰਨ ਤਰੀਕੇ ਨਾਲ ਪ੍ਰਦਰਸ਼ਨ ਕਰਨ ਲਈ ਕਿਹਾ ਸੀ।

ਉਨ੍ਹਾਂ ਕਿਹਾ ਕਿ ਮੀਡੀਆ ਰਿਪੋਰਟਾਂ ਅਨੁਸਾਰ ਪੁਲਿਸ ਨੇ ਸੂਬੇ 'ਚ ਹੁਣ ਤਕ 5500 ਲੋਕਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ ਅਤੇ ਤਕਰੀਬਨ 1100 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨਾਥ 'ਤੇ ਹਮਲਾ ਬੋਲਦਿਆਂ ਕਿਹਾ ਕਿ ਉਨ੍ਹਾਂ ਨੇ ਭੰਗਵਾਂ ਰੰਗ ਧਾਰਨ ਕੀਤਾ ਹੈ। ਉਨ੍ਹਾਂ ਨੂੰ ਇਸ ਦਾ ਮਹੱਤਵ ਵੀ ਪਤਾ ਹੋਣਾ ਚਾਹੀਦੈ। ਭਗਵਾਂ ਰੰਗ ਕਿਸੇ ਦਾ ਨਿੱਜੀ ਨਹੀਂ, ਬਲਕਿ ਭਾਰਤ ਦੀ ਪਰੰਪਰਾ ਹੈ। ਸਾਡੀ ਪਰੰਪਰਾ 'ਚ ਬਦਲਾ ਲੈਣ ਜਾਂ ਹਿੰਸਾ ਦਾ ਕੋਈ ਸਥਾਨ ਨਹੀਂ ਹੈ ਜਦਕਿ ਮੁੱਖ ਮੰਤਰੀ ਬਦਲਾ ਲੈਣ ਦੀ ਗੱਲ ਕਰਦੇ ਹਨ। ਉਨ੍ਹਾਂ ਕਿਹਾ ਕਿ ਇਕ ਮੁੱਖ ਮੰਤਰੀ ਨੂੰ ਅਜਿਹੀ ਭਾਸ਼ਾ ਸ਼ੋਭਾ ਨਹੀਂ ਦਿੰਦੀ।

ਉਨ੍ਹਾਂ ਕਿਹਾ ਕਿ ਯੂਪੀ ਦੀ ਪੁਲਿਸ ਮੁੱਖ ਮੰਤਰੀ ਦੀ ਸੋਚ ਮੁਤਾਬਕ ਚਲਦਿਆਂ ਆਮ ਜਨਤਾ ਨੂੰ ਪ੍ਰੇਸ਼ਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਨਾਗਰਿਕਤਾ ਸੋਧ ਕਾਨੂੰਨ ਖਿਲਾਫ਼ ਬੀਐਚਯੂ ਦੇ ਵਿਦਿਆਰਥੀ ਸ਼ਾਂਤੀਪੂਰਨ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਸਨ ਜਿਨ੍ਹਾਂ ਨੂੰ ਪੁਲਿਸ ਨੇ ਜੇਲ੍ਹ ਅੰਦਰ ਡੱਕ ਦਿਤਾ ਹੈ।