ਕਿਸਾਨਾਂ ਦੀ ਗਾਂਧੀਗਿਰੀ ਨੇ ਪੜ੍ਹਨੇ ਪਾਏ ਸਿਆਸਤਦਾਨ, ਸਾਹਮਣੇ ਆਈਆਂ ‘ਵਿਲੱਖਣ’ ਤਸਵੀਰਾਂ
ਕੇਂਦਰੀ ਮੰਤਰੀਆਂ ਨੇ ਕਿਸਾਨ ਆਗੂਆਂ ਨੇ ਛਕਿਆ ਲੰਗਰ
ਨਵੀਂ ਦਿੱਲੀ : ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਅਤੇ ਕੇਂਦਰ ਸਰਕਾਰ ਦੇ ਮੰਤਰੀਆਂ ਵਿਚਾਲੇ ਚੱਲ ਰਹੀ ਮੀਟਿੰਗ ਦੀਆਂ ਵਿਲੱਖਣ ਤਸਵੀਰਾਂ ਸਾਹਮਣੇ ਆਈਆਂ ਹਨ। ਕਿਸਾਨਾਂ ਦੀ ਸੱਤਾਧਾਰੀ ਧਿਰ ਨਾਲ ਸਭ ਤੋਂ ਪਹਿਲਾਂ ਹੋਈ ਮੀਟਿੰਗ ਦੇ ਮੁਕਾਬਲੇ ਅੱਜ ਵਾਲੀ ਮੀਟਿੰਗ ਦੀਆਂ ਤਸਵੀਰਾਂ ਵਿਚ ਜ਼ਮੀਨ-ਅਸਮਾਨ ਦਾ ਫ਼ਰਕ ਵੇਖਣ ਨੂੰ ਮਿਲ ਰਿਹਾ ਹੈ।
ਪਹਿਲੀ ਮੀਟਿੰਗ ਦੌਰਾਨ ਜਿੱਥੇ ਕੇਂਦਰੀ ਮੰਤਰੀਆਂ ਨੇ ਕਿਸਾਨਾਂ ਦੀ ਸਰਕਾਰੀ ਅਧਿਕਾਰੀਆਂ ਨਾਲ ਮੀਟਿੰਗ ਕਰਵਾ ਕੇ ਵਾਪਸ ਭੇਜ ਦਿਤਾ ਸੀ, ਉਥੇ ਹੀ ਅੱਜ ਵਾਲੀ ਮੀਟਿੰਗ ਵਿਚ ਖੁਦ ਖੇਤੀਬਾੜੀ ਮੰਤਰੀ ਕਿਸਾਨਾਂ ਨਾਲ ਖਾਣਾ ਖਾਂਦੇ ਨਜ਼ਰ ਆਏ। ਇਸ ਤੋਂ ਪਹਿਲਾਂ ਹੋਈ ਮੀਟਿੰਗ ਦੌਰਾਨ ਕਿਸਾਨਾਂ ਨੇ ਸਰਕਾਰ ਦੇ ਖਾਣੇ ਦੀ ਦਾਅਵਤ ਨੂੰ ਠੁਕਰਾ ਦਿਤਾ ਸੀ ਜਦਕਿ ਇਸ ਵਾਰ ਦੋਵੇਂ ਧਿਰਾਂ ਨੇ ਇਕੱਠੇ ਖਾਣਾ ਖਾਧਾ।
ਸਾਹਮਣੇ ਆਈਆਂ ਤਸਵੀਰਾਂ ਮੁਤਾਬਕ ਕਿਸਾਨ ਆਗੂ ਆਪਸ ਵਿਚ ਗੱਲਾਂਬਾਤਾਂ ਵਿਚ ਰੁਝੇ ਹੋਏ ਹਨ ਜਦਕਿ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਹੱਥ ਵਿਚ ਖਾਣੇ ਥਾਲੀ ਪਲੇਟ ਫੜੀ ਵਿਖਾਈ ਦੇ ਰਹੇ ਹਨ। ਇਹ ਤਸਵੀਰ ਆਪਣੇ ਆਪ ਵਿਚ ਬਹੁਤ ਕੁੱਝ ਕਹਿ ਰਹੀ ਹੈ। ਕਿਸਾਨੀ ਸੰਘਰਸ਼ ਨਾਲ ਜੁੜੇ ਚਿੰਤਕਾਂ ਮੁਤਾਬਕ ਇਹ ਤਸਵੀਰਾਂ ਕਿਸਾਨੀ ਘੋਲ ਦੀ ਤਾਕਤ ਦੀ ਨਿਸ਼ਾਨੀ ਹੈ, ਜਿਸ ਨੇ ਸੱਤਾ ਦੇ ਗਰੂਰ ’ਚ ਚੂਰ ਸਿਆਸਤਦਾਨਾਂ ਨੂੰ ਬਰਾਬਰ ਖਲੋ ਕੇ ਖਾਣਾ ਖਾਣ ਲਈ ਮਜ਼ਬੂਰ ਕੀਤਾ ਹੈ।